ਯੈੱਸ ਪੰਜਾਬ
ਜਲੰਧਰ, 19 ਅਕਤੂਬਰ, 2024
ਭਾਰਤੀ ਏਅਰ ਫੋਰਸ ਨੇ ਬੀਐਸਐਫ ਜਲੰਧਰ ਨੂੰ ਸਖਤ ਮੁਕਾਬਲੇ ਮਗਰੋਂ 2-1 ਫਰਕ ਨਲ ਹਰਾ ਕੇ 41ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਵਿੱਚ ਜੇਤੂ ਸ਼ੁਰੂਆਤ ਕੀਤੀ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਸ਼ੁਰੂ ਹੋਏ ਟੂਰਨਾਮੈਂਟ ਦਾ ਉਦਘਾਟਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕੀਤਾ। ਉਨ੍ਹਾਂ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਬੋਲਦਿਆਂ ਮਹਿੰਦਰ ਭਗਤ ਨੇ ਕਿਹਾ ਕਿ ਖੇਡਾਂ ਨਾਲ ਹੀ ਪੰਜਾਬ ਵਿਚੋਂ ਨਸ਼ੇ ਦਾ ਕੋਹੜ ਕੱਢਿਆ ਜਾ ਸਕਦਾ ਹੈ।
ਇਸ ਲਈ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਬਹੁਤ ਲਾਜ਼ਮੀ ਹੈ।ਮੁੱਖ ਮਹਿਮਾਨ ਦਾ ਸਵਾਗਤ ਜਲੰਧਰ ਦੇ ਡਿਪਟੀ ਕਸ਼ਿਨਰ ਹਿਮਾਸ਼ੂ ਅਗਰਵਾਲ ਪ੍ਰਧਾਨ ਸੁਰਜੀਤ ਹਾਕੀ ਸੋਸਾਇਟੀ ਨੇ ਕੀਤਾ। ਇਸ ਮੌਕੇ ਕੇਕ ਕੱਟ ਕੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ।ਉਦਘਾਟਨੀ ਮੈਚ ਭਾਰਤੀ ਨੇਵੀ ਅਤੇ ਸਾਬਕਾ ਜੇਤੂ ਪੰਜਾਬ ਐਂਡ ਸਿੰਧ ਬੈਂਕ ਦਰਮਿਆਨ ਖੇਡਿਆ ਗਿਆ।
ਖੇਡ ਸਿਰਫ 27 ਮਿੰਟ ਦੀ ਹੀ ਹੋਈ ਸੀ ਕਿ ਫਲੱਡ ਲਾਇਟਾਂ ਵਿੱਚ ਤਕਨੀਕੀ ਖਰਾਬੀ ਆਈ ਜਿਸ ਕਰਕੇ ਮੈਚ ਪੂਰਾ ਨਾ ਹੋ ਸਕਿਆ ਅਤੇ ਮੈਚ ਦਾ ਬਾਕੀ ਹਿੱਸਾ ਐਤਵਾਰ ਸਵੇਰੇ 8 ਵਜੇ ਖੇਡਿਆ ਜਾਵੇਗਾ। ਉਦਘਾਟਨੀ ਸਮਾਰੋਹ ਦੌਰਾਨ ਸੈਂਟ ਫਰਾਂਸਿਸ ਸਕੂਲ ਕਰਤਾਰਪੁਰ ਦੀਆਂ ਬੱਚੀਆਂ ਨੇ ਸ਼ਾਨਦਾਰ ਗਿੱਧੇ ਦੀ ਪੇਸ਼ਕਾਰੀ ਕੀਤੀ।
ਇਸ ਤੋਂ ਪਹਿਲਾਂ ਖੇਡੇ ਗਏ ਮੈਚ ਵਿੱਚ ਪੂਲ ਏ ਵਿੱਚ ਬੀਐਸਐਫ ਜਲੰਧਰ ਨੇ ਭਾਰਤੀ ਏਅਰ ਫੋਰਸ ਨੂੰ ਸਖਤ ਟੱਕਰ ਦਿੱਤੀ ਪਰ ਮੈਚ ਜਿੱਤ ਨਾ ਸਕੀ। ਖੇਡ ਦੇ ਦੂੂਜੇ ਕਵਾਰਟਰ ਦੇ 28ਵੇਂ ਮਿੰਟ ਵਿੱਚ ਭਾਰਤੀ ਏਅਰ ਫੌਰਸ ਦੇ ਲਵਦੀਪ ਸਿੰਘ ਨੇ ਪੈਨਲਟੀ ਸਟਰੋਕ ਰਾਹੀਂ ਗੋਲ ਕਰਕੇ ਸਕੋਰ 1-0 ਕੀਤਾ।
ਖੇਡ ਦੇ 54ਵੇਂ ਮਿੰਟ ਵਿੱਚ ਬੀਐਸਐਫ ਜਲੰਧਰ ਦੇ ਗੁਰਜੋਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-1 ਕੀਤਾ। ਖੇਡ ਦੇ ਆਖਰੀ ਮਿੰਟ ਵਿੱਚ ਭਾਰਤੀ ਏਅਰ ਫੋਰਸ ਦੇ ਲਵਦੀਪ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਸਕੋਰ 2-1 ਕਰਕੇ ਮੈਚ ਜਿੱਤ ਲਿਆ ਅਤੇ ਲੀਗ ਦੌਰ ਵਿੱਚ ਤਿੰਨ ਅੰਕ ਹਾਸਲ ਕੀਤੇ।
ਅੱਜ ਦੇ ਮੈਚਾਂ ਸਮੇਂ ਵਿਧਾਇਕ ਰਮਨ ਅਰੋੜਾ, ਇੰਡੀਅਨ ਆਇਲ ਦੇ ਰਾਜਨ ਬੇਰੀ, ਉਲੰਪੀਅਨ ਸੁਰਿੰਦਰ ਸਿੰਘ ਸੋਢੀ, ਪਵਨ ਕੁਮਾਰ ਟੀਨੂ, ਅੰਮ੍ਰਿਤਪਾਲ ਸਿੰਘ, ਅਮਰੀਕ ਸਿੰਘ ਪੁਆਰ ਜਨਰਲ ਸਕੱਤਰ ਹਾਕੀ ਪੰਜਾਬ, ਕ੍ਰਿਪਾਲ ਸਿੰਘ ਮਠਾਰੂ, ਲਖਵਿੰਦਰ ਪਾਲ ਸਿੰਘ ਖਹਿਰਾ, ਕੁਲਵਿੰਦਰ ਸਿੰਘ ਥਿਆੜਾ, ਚਰਨਜੀਤ ਸਿੰਘ ਚੰਨੀ ਸੀਟੀ ਗਰੁੱਪ, ਮਨਵੀਰ ਸਿੰਘ ਚੰਨੀ, ਦਿਨੇਸ਼ ਢੱਲ, ਮੰਗਲ ਸਿੰਘ ਬਾਸੀ, ਦੀਪਕ ਬਾਲੀ,ਗੌਰਵ ਮਹਾਜਨ, ਗੁਰਵਿੰਦਰ ਸਿੰਘ ਗੁੱਲੂ, ਐਲ ਆਰ ਨਈਅਰ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਨਰਿੰਦਰਪਾਲ ਸਿੰਘ ਜੱਜ, ਤਰਲੋਕ ਸਿੰਘ ਭੁੱਲਰ (ਕੈਨੇਡਾ) ਵਿਸ਼ੇਸ਼ ਤੌਰ ਤੇ ਹਾਜ਼ਰ ਸਨ।