Wednesday, July 3, 2024
spot_img
spot_img
spot_img

ਸ਼੍ਰੋਮਣੀ ਕਮੇਟੀ ਕਾਲਜਾਂ ਦੇ ਰੁਜ਼ਗਾਰ ਮੇਲੇ ਦੌਰਾਨ ਵੱਖ-ਵੱਖ ਕੰਪਨੀਆਂ ਨੇ ਚੁਣੇ 300 ਵਿਦਿਆਰਥੀ

ਯੈੱਸ ਪੰਜਾਬ
ਅੰਮ੍ਰਿਤਸਰ/ਚੰਡੀਗੜ੍ਹ, ਜੁਲਾਈ 1, 2024

ਸ਼੍ਰੋਮਣੀ ਗੁੁਰਦੁੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਦੇਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਰੁਜ਼ਗਾਰ ਮੇਲੇ ਦਾ ਪ੍ਰਬੰਧ ਕੀਤਾ ਗਿਆ।

ਸ਼੍ਰੋਮਣੀ ਕਮੇਟੀ ਦਾ ਇਹ ਪਹਿਲਾ ਰੁਜ਼ਗਾਰ ਮੇਲਾ ਸੀ, ਜੋ ਵਿਦਿਆਰਥੀਆਂ ਲਈ ਨੌਕਰੀ ਪ੍ਰਾਪਤ ਕਰਨ ਦਾ ਸੁੁਨਹਿਰੀ ਮੌਕਾ ਬਣਿਆ।

ਚੰਡੀਗੜ੍ਹ ਸਥਿਤ ਗੁੁਰਦੁੁਆਰਾ ਸ੍ਰੀ ਕਲਗੀਧਰ ਨਿਵਾਸ ਸੈਕਟਰ 27 ਵਿਖੇ ਕਰਵਾਏ ਗਏ ਇਸ ਰੁਜ਼ਗਾਰ ਮੇਲੇ ਵਿਚ ਭਾਰਤ ਦੀਆਂ ਨਾਮਵਰ ਕਰੀਬ 25 ਕੰਪਨੀਆਂ ਨੇ ਸ਼ਮੂਲੀਅਤ ਕੀਤੀ ਅਤੇ 300 ਦੇ ਕਰੀਬ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਗਏ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬੀਬੀ ਹਰਜਿੰਦਰ ਕੌਰ, ਸਕੱਤਰ ਵਿਦਿਆ ਇੰਜੀ: ਸੁਖਮਿੰਦਰ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਰਹੀਆਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਵਿੱਦਿਆ ਇੰਜੀ: ਸੁਖਮਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ ਜਿਥੇ ਧਾਰਮਿਕ, ਸਮਾਜਿਕ ਅਤੇ ਵਿਦਿਅਕ ਗਤੀਵਿਧੀਆਂ ਵਿਚ ਵਡਮੁੱਲਾ ਯੋਗਦਾਨ ਦਿੱਤਾ ਜਾ ਰਿਹਾ ਹੈ, ਉਥੇ ਹੀ ਧਾਰਮਿਕ ਪ੍ਰੀਖਿਆ, ਪ੍ਰਸ਼ਨੋਤਰੀ ਮੁੁਕਾਬਲੇ, ਅੰਤਰਰਾਸ਼ਟਰੀ ਕਾਨਫਰੰਸ ਕਰਵਾ ਕੇ ਜ਼ਿਕਰਯੋਗ ਕਾਰਜ ਕੀਤੇ ਹਨ।

ਸ਼੍ਰੋਮਣੀ ਕਮੇਟੀ ਵੱਲੋਂ ਵਿਦਿਆਰਥੀਆਂ ਨੂੰ ਯੂ.ਪੀ.ਐਸ.ਸੀ., ਪੀ.ਪੀ.ਐਸ.ਸੀ. ਵਰਗੀਆਂ ਮੁੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਬਿਲਕੁੁਲ ਮੁੁਫਤ ਕਰਵਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਹੁਣ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਦੇ ਕਾਲਜਾਂ ਵਿਚ ਵਿੱਦਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਾਸਤੇ ਭਾਰਤ ਦੀਆਂ ਨਾਮਵਰ ਕੰਪਨੀਆਂ ਨਾਲ ਸੰਪਰਕ ਕਰਕੇ ਇਹ ਰੁਜ਼ਗਾਰ ਮੇਲਾ ਲਗਾਇਆ ਗਿਆ ਹੈ, ਜਿਸ ਵਿੱਚ ਦੇਸ਼ ਭਰ ਤੋਂ ਕਰੀਬ 25 ਕੰਪਨੀਆਂ ਦੇ ਨੁਮਾਇੰਦੇ ਪਹੁੰਚੇ।

ਇਸ ਮੇਲੇ ਵਿਚ ਸ਼੍ਰੋਮਣੀ ਕਮੇਟੀ ਦੇ ਵੱਖ ਵੱਖ ਕਾਲਜਾਂ ਦੇ ਕਰੀਬ 600 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 300 ਦੇ ਕਰੀਬ ਵਿਦਿਆਰਥੀਆਂ ਨੂੰ ਵੱਖ-ਵੱਖ ਕੰਪਨੀਆਂ ਵੱਲੋਂ ਰੁਜ਼ਗਾਰ ਲਈ ਚੁਣਿਆ ਗਿਆ।

ਇਸ ਰੁਜ਼ਗਾਰ ਮੇਲੇ ਪ੍ਰਤੀ ਵਿਦਿਆਰਥੀਆਂ ਵਿਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦਾ ਮੰਤਵ ਕੇਵਲ ਕਿੱਤਾਮੁਖੀ ਅਤੇ ਅਕਾਦਮਿਕ ਸਿੱਖਿਆ ਦੇਣਾ ਹੀ ਨਹੀਂ ਹੈ, ਸਗੋਂ ਰੁਜ਼ਗਾਰ ਲਈ ਉੱਚਿਤ ਮੌਕੇ ਪ੍ਰਦਾਨ ਕਰਨਾ ਵੀ ਹੈ।

ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਸ਼ਖ਼ਸੀਅਤ ਉਸਾਰੀ ਲਈ ਨੈਤਿਕ ਸਿੱਖਿਆ ਨਾਲ ਜੋੜ ਕੇ ਦੇਸ਼ ਦੇ ਚੰਗੇ ਨਾਗਰਿਕ ਬਣਾਉਣਾ ਵੀ ਹੈ।

- Advertisment -

ਅਹਿਮ ਖ਼ਬਰਾਂ