ਯੈੱਸ ਪੰਜਾਬ
ਜਲੰਧਰ, 22 ਜਨਵਰੀ, 2020:
ਜਲੰਧਰ ਵਿਚ ਮੰਗਲਵਾਰ ਰਾਤ ਨੂੰ ਵਾਪਰੇ ਇਕ ਭਿਆਨਕ ਅਤੇ ਦਰਦਨਾਕ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ।
ਇਹ ਤਿੰਨੇ ਨੌਜਵਾਨ ਜਲੰਧਰ ਦੇ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਪਿਮਜ਼) ਵਿਚ ਐਮ.ਬੀ.ਬੀ.ਐਸ. ਕਰ ਰਹੇ ਸਨ।
ਰਾਤ ਡੇਢ ਵਜੇ ਦੇ ਲਗਪਗ ਜੀ.ਟੀ. ਰੋਡ ’ਤੇ ਪਰਾਗਪੁਰ ਸਥਿਤ ਪੈਟਰੋਲ ਪੰਪ ਦੇ ਕੋਲ ਵਾਪਰੇ ਇਸ ਹਾਦਸੇ ਵਿਚ ਮਰਨ ਵਾਲੇ ਨੌਜਵਾਨਾਂ ਦੀ ਪਛਾਣ ਹਰਕੁਲਦੀਪ ਸਿੰਘ ਵਾਸੀ ਬਟਾਲਾ, ਤੇਜਵਾਲ ਸਿੰਘ ਵਾਸੀ ਬਠਿੰਡਾ ਅਤੇ ਵਿਨੀਤ ਕੁਮਾਰ ਵਾਸੀ ਪਟਿਆਲਾ ਵਜੋਂ ਹੋਈ ਹੈ।
ਪਤਾ ਲੱਗਾ ਹੈ ਕਿ ਐਮ.ਬੀ.ਬੀ.ਐਸ.ਦੂਜੇ ਵਰ੍ਹੇ ਦੇ ਆਪਣੇ ਚੰਗੇ ਨਤੀਜਿਆਂ ਦੀ ਖੁਸ਼ੀ ਮਨਾਉਣ ਲਈ ਇਹ ਨੌਜਵਾਨ ਮੋਟਰਸਾਈਕਲ ਰਾਹੀਂ ਜੀ.ਟੀ.ਰੋਡ ਤੋਂ ਫ਼ਗਵਾੜਾ ਵੱਲ ਜਾ ਰਹੇ ਸਨ ਕਿ ਰਸਤੇ ਵਿਚ ਇਹ ਖ਼ੌਫ਼ਨਾਕ ਹਾਦਸਾ ਵਾਪਰ ਗਿਆ। ਬੁਰੀ ਤਰ੍ਹਾਂ ਜ਼ਖ਼ਮੀ ਹੋਏ ਇਨ੍ਹਾਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਨ੍ਹਾਂ ਦੇ ਨਾਲ ਹੋਰ ਮੋਟਰਸਾਈਕਲਾਂ ’ਤੇ ਜਾ ਰਹੇ ਦੂਜੇ ਦੋਸਤ ਪਹਿਲਾਂ ਇਨ੍ਹਾਂ ਤੋਂ ਅੱਗੇ ਨਿਕਲ ਗਏ ਪਰ ਬਾਅਦ ਵਿਚ ਇਨ੍ਹਾਂ ਦੇ ਨਾ ਪੁੱਜਣ ’ਤੇ ਵਾਪਸ ਮੁੜੇ ਤਾਂ ਹਾਦਸੇ ਦਾ ਪਤਾ ਲੱਗਾ।
ਪਤਾ ਲੱਗਣ ’ਤੇ ਪਹਿਲਾਂ ਚੌਕੀ ਪਰਾਗਪੁਰ ਦੀ ਪੁਲਿਸ ਅਤੇ ਫ਼ਿਰ ਥਾਣਾ ਰਾਮਾ ਮੰਡੀ ਦੀ ਪੁਲਿਸ ਮੌਕੇ ’ਤੇ ਪੁੱਜੀ। ਪਰਾਗਪੁਰ ਚੌਕੀ ਇੰਚਾਰਜ ਨਰਿੰਦਰ ਮੋਹਨ ਅਤੇ ਰਾਮਾ ਮੰਡੀ ਦੇ ਐਸ.ਐਚ.ਉ.ਰਾਕੇਸ਼ ਕੁਮਾਰ ਨੇ ਦੱਸਿਆ ਕਿ ਨੌਜਵਾਨਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜੀਆਂ ਗਈਆਂ ਹਨ।