- Advertisement -
25th Anniversary Celebrations of Seaba Int’l Public School: Dr. Gurpreet Kaur Mann & Harpal Cheema attend as Special Guests
ਯੈੱਸ ਪੰਜਾਬ
ਲਹਿਰਾਗਾਗਾ, 7 ਫਰਵਰੀ, 2023: ਸੀਬਾ ਸਕੂਲ ਦੇ 25ਵੇਂ ਸਥਾਪਨਾ ਦਿਵਸ ’ਤੇ ਦੋ ਰੋਜ਼ਾ ਸਾਲਾਨਾ ਸੱਭਿਆਚਾਰ ਸਮਾਰੋਹ ਕਲਾਂਜਲੀ-2020 ਦੌਰਾਨ ਕਲਾਸਾਂ ਦੇ ਅਲੱਗ-ਅਲੱਗ ਸ਼ੈਕਸ਼ਨਾਂ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਰਾਜਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ, ਕਸ਼ਮੀਰ, ਲਕਸ਼ਦੀਪ, ਅੰਡੇਮਾਨ, ਦਮਨ ਐਂਡ ਦੀਉ, ਦਾਦਰ ਨਗਰ ਹਵੇਲੀ ਆਦਿ ਸਮੇਤ 7 ਉੱਤਰੀ ਪੂਰਬੀ ਰਾਜਾਂ, ਦੱਖਣੀ ਭਾਰਤ ਅਤੇ 25 ਰਾਜਾਂ ਨੂੰ ਸ਼ਾਮਲ ਕੀਤਾ ਗਿਆ। ਵਿਦਿਆਰਥੀਆਂ ਨੇ ਨਾਟਕ, ਸੰਗੀਤ ਅਤੇ ਨਾਚ ਰਾਹੀਂ ਉੱਥੋਂ ਦੇ ਇਤਿਹਾਸ, ਵਿਰਸੇ, ਭਾਸ਼ਾ, ਸੱਭਿਆਚਾਰ, ਪ੍ਰਸਿੱਧ ਸ਼ਖਸ਼ੀਅਤਾਂ, ਘਟਨਾਵਾਂ ਅਤੇ ਇਮਾਰਤਾਂ ਨੂੰ ਦਿਖਾਉਂਦੇ ਹੋਏ ਅਤੇ ਆਪਣੀ ਜਾਣਕਾਰੀ ਵਿਚ ਵਾਧਾ ਕਰਦੇ ਹੋਏ ਦਰਸ਼ਕਾਂ ਦਾ ਮਨੋਰੰਜਨ ਕੀਤਾ। ਮਹਾਂਰਾਸ਼ਟਰ ਵਿਖੇ ਛਤਰਪਤੀ ਸ਼ਿਵਾਜੀ ਦੇ ਜੀਵਨ, ਕੇਰਲਾ ਵਿਚ ਪੁਰਤਗਾਲੀ ਵਾਸਕੋ-ਡੀ-ਗਾਮਾ, ਗੁਜਰਾਤ ਵਿਖੇ ਅੰਗਰੇਜ਼ ਅਤੇ ਪਾਂਡੀਚੇਰੀ ਵਿਖੇ ਫਰਾਂਸੀਸੀਆਂ ਦਾ ਭਾਰਤ ਵਿਖੇ ਆਗਮਨ ਦੇ ਦ੍ਰਿਸ਼ਾਂ ਤੋਂ ਲੈ ਕੇ ਦੇਸ਼ ਦੀ ਅਜ਼ਾਦੀ ਸੰਘਰਸ਼ ਸੰਬੰਧੀ ਪੇਸ਼ਕਾਰੀਆਂ ਬਾਕਮਾਲ ਸਨ। ਇਸ ਮੌਕੇ ਉੜੀਸਾ ਦੇ ਪੇਸ਼ਕਾਰੀ ਮੌਕੇ ਅਸ਼ੋਕਾ ਸਮਰਾਟ ਦੇ ਕਲਿੰਗਾ ਯੁੱਧ ਤੋਂ ਲੈ ਕੇ ਪੁਰੀ ਵਿਖੇ ਗੁਰੂ ਨਾਨਕ ਦੇਵ ਦੀ ਆਰਤੀ ਦਾ ਉਚਾਰਣ ਸੰਗੀਤਮਈ ਤਰੀਕੇ ਨਾਲ ਕੀਤਾ ਗਿਆ। ਰਾਜਸਥਾਨ ਦਾ ਤੇਜ਼ ਰਫ਼ਤਾਰ ਘੁੰਮਣ ਵਾਲੇ ਨਾਚ ਨੇ ਸਭ ਦਾ ਮਨ ਮੋਹ ਲਿਆ। ਉੱਤਰ ਪੂਰਬੀ ਭਾਰਤ ਦੇ ਰਾਜ ਮਨੀਪੁਰ ਦੀ ਪੇਸ਼ਕਾਰੀ ਦੀ ਆਏ ਹੋਏ ਮਹਿਮਾਨਾਂ ਨੇ ਸ਼ਲਾਘਾ ਕੀਤੀ।
25 ਸਾਲਾ ਸਿਲਵਰ ਜੁਬਲੀ ਮਨਾਉਂਦੇ ਹੋਏ ਇਸ ਸਫ਼ਰ ਦਾ ਇਤਿਹਾਸ ਦੱਸਦਿਆਂ ਪ੍ਰਬੰਧਕ ਕੰਵਲਜੀਤ ਢੀਂਡਸਾ ਨੇ ਕਿਹਾ ਕਿ ਸੀਬਾ ਹੁਣ ਤੱਕ ਤਿੰਨ ਅੰਤਰ ਰਾਸ਼ਟਰੀ ਅਤੇ ਗਿਆਰਾਂ ਰਾਸ਼ਟਰੀ ਪੱਧਰ ਦੇ ਸਮਾਗਮ ਕਰਵਾ ਚੁੱਕਾ ਹੈ ਅਤੇ ਇੱਥੇ ਹਰ ਬੱਚੇ ਨੂੰ ਪੜ੍ਹਾਈ ਦੇ ਨਾਲ ਸਸਖ਼ਸੀਅਤ ਦੇ ਵਿਕਾਸ ਦੇ ਮੌਕੇ ਮਿਲਦੇ ਹਨ। ਇਸ ਮੌਕੇ ਤੇਜ ਕਾਰਗੁਜ਼ਾਰੀ, ਵੱਧ ਹਾਜ਼ਰੀ ਅਤੇ ਵਧੀਆ ਵਰਦੀ ਦੇ ਨਾਲ-ਨਾਲ ਸਮਾਗਮ ਦੇ ਆਲ ਰਾਉਂਡਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਧਰਮਪਤਨੀ ਡਾ. ਗੁਰਪ੍ਰੀਤ ਕੌਰ ਮਾਨ ਮੁੱਖ ਮਹਿਮਾਨ ਵਜੋਂ ਬੱਚਿਆਂ ਦਾ ਹੌਸਲਾ ਵਧਾਉਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਵਿਦਿਆਰਥੀ ਨੂੰ ਉੱਚ ਮਿਆਰੀ ਵਿੱਦਿਆ ਦੇਣ ਲਈ ਯਤਨਸ਼ੀਲ ਹੈ। ਉਨ੍ਹਾਂ ਸੀਬਾ ਸਕੂਲ ਵਲੋਂ ਪਿਛਲੇ 25 ਸਾਲਾ ਦੌਰਾਨ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ।
ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਵਲੋਂ ਵੱਖ-ਵੱਖ ਰਾਜਾਂ ਦੀ ਭਾਸ਼ਾ ਅਤੇ ਸੱਭਿਆਚਾਰ ਦੀਆਂ ਪੇਸ਼ਕਾਰੀ ਦੀ ਤਾਰੀਫ਼ ਕੀਤੀ।ਮੁੱਖ ਮੰਤਰੀ ਪੰਜਾਬ ਦੇ ਲੋਕ ਸੰਪਰਕ ਦੇ ਓ.ਐੱਸ.ਡੀ. ਮਨਜੀਤ ਸਿੱਧੂ ਨੇ ਸੀਬਾ ਨਾਲ ਆਪਣੇ 25 ਸਾਲਾਂ ਦੇ ਰਿਸ਼ਤੇ ਦਾ ਜ਼ਿਕਰ ਕਰਦਿਆਂ ਜਨੂੰਨ ਅਤੇ ਜ਼ਜ਼ਬੇ ਦਾ ਨਤੀਜਾ ਦੱਸਿਆ।
ਸਥਾਨਕ ਵਿਧਾਇਕ ਵਰਿੰਦਰ ਗੋਇਲ, ਪੰਜਾਬ ਰਾਜ ਇੰਡਸਟਰੀ ਦੇ ਚੇਅਰਮੈਨ ਦਲਬੀਰ ਸਿੰਘ ਢਿੱਲੋਂ, ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਸਿੰਗਲਾ ਲੱਖਾ, ਰਾਜ ਉਦਯੋਗ ਬੋਰਡ ਦੇ ਚੇਅਰਮੈਨ ਜਸਵੀਰ ਸਿੰਘ ਕੁੰਦਨੀ, ਪ੍ਰੋਫ. ਓਕਾਂਰ ਸਿੰਘ ਓ.ਐੱਸ.ਡੀ, ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸ਼ੋਸੀਏਸ਼ਨ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਵੀ ਸੰਬੋਧਨ ਕੀਤਾ। ਪ੍ਰਿੰਸੀਪਲ ਬਿਬਨ ਅਲੈਗਜੈਂਡਰ ਨੇ ਸਾਲਾਨਾ ਰਿਪੋਰਟ ਪੜ੍ਹੀ। ਭਾਰਤੀ ਸੱਭਿਆਚਾਰ ਦਾ ਸੁਮੇਲ ਇਹ ਜਾਣਕਾਰੀ ਭਰਪੂਰ ਸਮਾਰੋਹ ਦਰਸ਼ਕਾਂ ਦੇ ਦਿਲਾਂ ’ਤੇ ਅਮਿੱਟ ਛਾਪ ਛੱਡ ਗਿਆ।
- Advertisement -