ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 06 ਜੁਲਾਈ 2024
4 ਜਨਵਰੀ 2022 ਨੂੰ ਇਕ ਪੰਜਾਬੀ ਕੁੜੀ ਸ਼ੁਭਮ ਕੌਰ (ਵਕੀਲ) ਸਪੁੱਤਰੀ ਸ. ਬਲਦੇਵ ਸਿੰਘ ਅਤੇ ਸ੍ਰੀਮਤੀ ਰਾਜਿੰਦਰਪਾਲ ਕੌਰ ਪਿੰਡ ਮੇਗ੍ਹੋਵਾਲ ਗੰਜੀਆ, ਜ਼ਿਲ੍ਹਾ ਹੁਸ਼ਿਆਰਪੁਰ) ਦੀ ਉਸ ਸਮੇਂ ਸੜਕੀ ਦੁਰਘਟਨਾ (ਨੇੜੇ ਟੌਪੀਰੀ ) ਦੇ ਵਿਚ ਮੌਤ ਹੋ ਗਈ ਸੀ, ਜਦੋਂ ਉਸਦਾ ਦੋਸਤ ਸੌਰਭ ਸ਼ਰਮਾ ਟੈਸਲਾ ਕਾਰ ਚਲਾ ਰਿਹਾ ਸੀ।
ਕਾਰ ਪਹਿਲਾਂ ਸੜਕੀ ਟੋਏ ਦੇ ਕਾਰਨ ਉਪਰ ਉਲਰੀ ਤੇ ਫਿਰ ਇਕ ਬਿਜਲੀ ਦੇ ਖੰਬੇ ਨਾਲ ਟਕਰਾ ਗਈ ਸੀ। ਮੁਕੱਦਮੇ ਦੀ ਸੁਣਵਾਈ ਹੰਟਲੀ ਜ਼ਿਲ੍ਹਾ ਅਦਾਲਤ ਦੇ ਵਿਚ ਸ਼ੁਰੂ ਹੋਈ ਸੀ ਤੇ ਫਿਰ ਹਮਿਲਟਨ ਪਹੁੰਚੀ।
ਸੌਰਭ ਸ਼ਰਮਾ ਨੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦੇ ਦੋਸ਼ ਦਾ ਬਚਾਅ ਕੀਤਾ ਪਰ ਇਸ ਸਾਲ ਦੇ ਸ਼ੁਰੂ ਵਿੱਚ ਪਈਆਂ ਪੰਜ ਪੇਸ਼ੀਆਂ ਦੀ ਸੁਣਵਾਈ ਤੋਂ ਬਾਅਦ ਉਸਨੂੰ ਕੁੜੀ ਦੀ ਮੌਤ ਦਾ ਕਿਤੇ ਨਾ ਕਿਤੇ ਦੋਸ਼ੀ ਪਾਇਆ ਗਿਆ।
ਹਾਦਸੇ ਤੋਂ ਤੁਰੰਤ ਬਾਅਦ ਉਸਨੇ ਆਪਣੇ ਆਈ. ਫੋਨ ਉਤੇ ਟੈਸਲਾ ਕਾਰ ਦਾ ਰਿਕਾਰਡ ਖਤਮ ਕਰਨ ਬਾਰੇ ਇੰਟਰਨੈਟ ਤੋਂ ਤਰੀਕਾ ਵੀ ਲੱਭਣ ਦੀ ਕੋਸ਼ਿਸ਼ ਕੀਤੀ ਸੀ ਅਤੇ ਪੁਲਿਸ ਨੂੰ ਵੀ ਉਚਿਤ ਸਮੇਂ ’ਤੇ ਸੂਚਿਤ ਨਹੀਂ ਕੀਤਾ ਸੀ। ਜਦ ਕਿ ਘਟਨਾ ਦੇ ਤੁਰੰਤ ਬਾਅਦ ਇਕ ਗੁਆਂਢੀ ਨੇ ਪੁਲਿਸ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ।
ਮਾਮਲਾ ਹੁਣ ਸਜ਼ਾ ਤੱਕ ਪਹੁੰਚ ਗਿਆ ਸੀ। ਹਮਿਲਟਨ ਜ਼ਿਲ੍ਹਾ ਅਦਾਲਤ ਵਿੱਚ ਬੀਤੇ ਕੱਲ੍ਹ ਸੌਰਭ ਸ਼ਰਮਾ ਨੂੰ ਸਜ਼ਾ ਸੁਣਾਏ ਜਾਣ ਸਮੇਂ, ਸ਼ੁਭਮ ਕੌਰ ਦੀ ਮਾਂ ਸ੍ਰੀਮਤੀ ਰਾਜਿੰਦਰਪਾਲ ਕੌਰ ਨੇ ਆਪਣਾ ਦੁੱਖੜਾ ਪ੍ਰਗਟ ਕਰਦਿਆਂ ਦੋਸ਼ੀ ਨੂੰ ਸੰਬੋਧਨ ਕੀਤਾ ਕਿ ‘‘ਤੂੰ ਸਾਡੇ ਘਰ ਦੀਆਂ ਸਾਰੀਆਂ ਖੁਸ਼ੀਆਂ ਖੋਹ ਲਈਆਂ ਹਨ।
ਜੇਕਰ ਇਹ ਦੁਰਘਟਨਾ ਸੀ ਤਾਂ ਉਸ ਨੂੰ ਕਾਰ ਤੋਂ ਬਾਹਰ ਕੱਢਣ ਲਈ ਕਿਸੇ ਤੋਂ ਮਦਦ ਮੰਗਣੀ ਚਾਹੀਦੀ ਸੀ।’’ ਵਰਨਣਯੋਗ ਹੈ ਕਿ ਉਸ ਕੋਲ ਆਪਣੇ ਆਪ ਨੂੰ ਬਚਾਉਣ ਤੋਂ ਪਹਿਲਾਂ 20 ਮਿੰਟ ਸਨ ਪਰ ਉਸਨੇ ਉਸਨੂੰ ਕਾਰ ਵਿੱਚ ਹੀ ਛੱਡ ਦਿੱਤਾ ਸੀ।
ਮਿ੍ਰਤਕ ਸ਼ੁਭਮ ਕੌਰ ਦੀ ਮਾਤਾ ਨੇ ਭਾਵੁਕ ਹੁੰਦਿਆ ਉਸਨੂੰ ਕਿਹਾ ਕਿ “ਤੁਸੀਂ ਮੇਰੇ ਬੱਚੇ ਨਾਲ ਚੰਗਾ ਨਹੀਂ ਕੀਤਾ। ਰੱਬ ਤੈਨੂੰ ਕਦੇ ਮਾਫ਼ ਨਹੀਂ ਕਰੇਗਾ।’’
ਸੌਰਭ ਸ਼ਰਮਾ – ਜਿਸ ਨੂੰ ਪਹਿਲਾਂ ਹੀ 2017 ਤੋਂ ਖਤਰਨਾਕ ਸਪੀਡ ’ਤੇ ਗੱਡੀ ਚਲਾਉਣ ਦਾ ਦੋਸ਼ੀ ਪਾਇਆ ਗਿਆ ਸੀ। 4 ਜਨਵਰੀ 2022 ਨੂੰ ਡਾਸਨ ਰੋਡ, ਟੌਪੀਰੀ ’ਤੇ ਗੱਡੀ ਚਲਾ ਰਿਹਾ ਸੀ, ਜਦੋਂ ਇਹ ਘਟਨਾ ਘਟੀ। ਸ਼ਾਮ 4.09 ਵਜੇ ਕਾਰ ਦੀ ਆਵਾਜ਼ ਸੁਣ ਕੇ ਨੇੜਲੇ ਗੁਆਂਢੀ ਨੇ 111 ’ਤੇ ਕਾਲ ਕੀਤੀ।
ਦੋ ਮਿੰਟ ਬਾਅਦ, ਸ਼ਰਮਾ ਦੇ ਫੋਨ ਤੋਂ ਟੈਲੀਕੋ ਡੇਟਾ ਨੇ ਖੁਲਾਸਾ ਕੀਤਾ ਕਿ ਉਸਨੇ ਸ਼ਾਮ 4.12 ਵਜੇ 111 ’ਤੇ ਕਾਲ ਕਰਨ ਤੋਂ ਪਹਿਲਾਂ, ਟੈਸਲਾ ਰਿਕਾਰਡਿੰਗ ਖੋਜ ਕੀਤੀ।
ਫਿਰ ਗੁਆਂਢੀਆਂ ਨੇ ਕਾਰ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਅਤੇ ਸ਼ਰਮਾ ਨੂੰ ਬਾਹਰ ਨਿਕਲਣ ਲਈ ਕਿਹਾ, ਜੋ ਉਸਨੇ ਕੀਤਾ। ਇਸ ਤੋਂ ਪਹਿਲਾਂ ਕਿ ਕਾਰ ਨੂੰ ਹੋਰ ਅੱਗ ਲੱਗ ਜਾਵੇ।
ਬਚਾਅ ਪੱਖ ਦੇ ਵਕੀਲ ਨੇ ਸੌਰਭ ਲਈ 200 ਘੰਟੇ ਕਮਿਊਨਿਟੀ ਕੰਮ ਦੀ ਸਜ਼ਾ, ਛੇ ਮਹੀਨਿਆਂ ਦੀ ਡਰਾਈਵਿੰਗ ਅਯੋਗਤਾ ਦਾ ਸੁਝਾਅ ਦਿੱਤਾ।
ਭਾਵਨਾਤਮਕ ਨੁਕਸਾਨ ਦੀ ਭਰਪਾਈ ਵਜੋਂ ਭੁਗਤਾਨ ਕਰਨ ਲਈ 7000 ਡਾਲਰ ਦੀ ਪੇਸਕਸ਼ ਕੀਤੀ, ਜਿਸ ਨੂੰ ਪਰਿਵਾਰ ਨੇ ਬਾਅਦ ਵਿੱਚ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਪਰਿਵਾਰ ਨੇ ਇਹ ਰਾਸ਼ੀ ਸਵੀਕਾਰ ਨਹੀਂ ਕੀਤੀ ਅਤੇ ਇਹ ਦਾਨ ਰਾਸ਼ੀ ਕਿਸੇ ਮੰਦਿਰ ਨੂੰ ਦੇਣ ਲਈ ਕਿਹਾ।
ਮਾਣਯੋਗ ਜੱਜ ਮਾਰਸ਼ਲ ਦੇ ਫੈਸਲੇ ਦੀ ਜਦੋਂ ਘੜੀ ਆਈ ਤਾਂ ਉਸਨੇ ਤਿੰਨ ਮਹੀਨਿਆਂ ਦੀ ਕਮਿਊਨਿਟੀ ਨਜ਼ਰਬੰਦੀ, 150 ਘੰਟੇ ਕਮਿਊਨਿਟੀ ਕੰਮ, 12 ਮਹੀਨਿਆਂ ਲਈ ਡਰਾਈਵਿੰਗ ਅਯੋਗਤਾ ਅਤੇ ਮੁਆਵਜ਼ੇ ਦੀ ਅਦਾਇਗੀ ਦੀ ਸਜ਼ਾ ਸੁਣਾਈ। ਪੀੜ੍ਹਤ ਪਰਿਵਾਰ ਕੁਰਲਾਇਆ ਅਤੇ ਕਿਹਾ ਕਿ ‘ਇਹ ਕੋਈ ਹਾਦਸਾ ਨਹੀਂ ਸੀ। ਉਸਨੇ ਮੇਰੀ ਧੀ ਨੂੰ ਮਾਰ ਦਿੱਤਾ।
ਮੈਨੂੰ 7000 ਡਾਲਰ ਨਹੀਂ ਚਾਹੀਦਾ। ਉਸ ਨੇ ਮੇਰੀ ਧੀ ਦਾ ਕਤਲ ਕਰ ਦਿੱਤਾ।’’ ਪੀੜ੍ਹਤ ਪਰਿਵਾਰ ਦਿੱਤੇ ਨਿਆਂ ਦੇ ਫੈਸਲੇ ਤੋਂ ਨਾ ਖੁਸ਼ ਹੈ ਅਤੇ ਕਿਹਾ ਹੈ ਕਿ ਇਹ ਕੈਸਾ ਨਿਆਂ ਹੈ….ਸਮਝ ਤੋਂ ਪਰ੍ਹੇ ਹੈ।
ਕੁਝ ਮਿੰਟ ਪਹਿਲਾਂ ਜੱਜ ਮਾਰਸ਼ਲ ਨੇ ਅਦਾਲਤ ਨੂੰ ਕਿਹਾ ਸੀ ਕਿ ਕੋਈ ਵੀ ਦਿੱਤੀ ਸਜ਼ਾ ਸੁਭਮ ਕੌਰ ਨੂੰ ਉਸ ਦੇ ਪਰਿਵਾਰ ਨੂੰ ਵਾਪਸ ਨਹੀਂ ਦੇਵੇਗੀ।