ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਜੁਲਾਈ 4, 2024
ਅਮਰੀਕਾ ਦੇ ਜਾਰਜੀਆ ਰਾਜ ਦੀ ਰਾਜਧਾਨੀ ਐਟਲਾਂਟਾ ਨੇੜੇ ਦੁਪਹਿਰ ਵੇਲੇ 13 ਸਾਲਾਂ ਦੇ 2 ਬੱਚਿਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ।
ਐਟਲਾਂਟਾ ਪੁਲਿਸ ਵਿਭਾਗ ਅਨੁਸਾਰ ਗੋਲੀਬਾਰੀ ਦੀ ਇਹ ਘਟਨਾ ਜੋ ਐਟਲਾਂਟਾ ਦੇ ਦੱਖਣ ਪੱਛਮ ਵਿਚ ਓਕਲੈਂਡ ਸ਼ਹਿਰ ਵਿੱਚ ਵਾਪਰੀ, ਵਿਚ ਇਕ 12 ਸਾਲਾਂ ਦਾ ਬੱਚਾ ਗੋਲੀ ਵੱਜਣ ਕਾਰਨ ਜ਼ਖਮੀ ਵੀ ਹੋਇਆ ਹੈ।
ਦੁਪਹਿਰ 12.30 ਵਜੇ ਕਿਸੇ ਵੱਲੋਂ ਫੋਨ ਕਰਨ ‘ਤੇ ਪੁਲਿਸ ਅਫਸਰ ਮੌਕੇ ‘ਤੇ ਪੁੱਜੇ ਤਾਂ ਉਨਾਂ ਨੂੰ ਇਕ ਅਪਾਰਟਮੈਂਟ ਕੰਪਲੈਕਸ ਵਿਚ 13 ਸਾਲਾਂ ਦੇ 2 ਬੱਚੇ ਤੇ ਇਕ 12 ਸਾਲਾਂ ਦਾ ਬੱਚਾ ਜ਼ਖਮੀ ਹਾਲਤ ਵਿਚ ਮਿਲੇ।
13 ਸਾਲਾਂ ਦੇ ਇਕ ਬੱਚੇ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦ ਕਿ 13 ਸਾਲਾਂ ਦਾ ਦੂਸਰਾ ਬੱਚਾ ਹਸਪਤਾਲ ਵਿਚ ਦਮ ਤੋੜ ਗਿਆ।
ਜ਼ਖਮੀ ਹੋਇਆ ਤੀਸਰਾ ਬੱਚਾ ਹਸਪਤਾਲ ਵਿਚ ਇਲਾਜ਼ ਅਧੀਨ ਹੈ। ਫੁਲਟੋਨ ਕਾਊਂਟੀ ਮੈਡੀਕਲ ਜਾਂਚ ਦਫਤਰ ਨੇ ਮ੍ਰਿਤਕ ਬੱਚਿਆਂ ਦੀ ਪਛਾਣ ਜਕੋਡੀ ਡੇਵਿਸ ਤੇ ਲੈਮਨ ਫਰੀਮੈਨ ਵਜੋਂ ਦੱਸੀ ਹੈ।
ਹੋਮੀਸਾਇਡ ਯੁਨਿਟ ਕਮਾਂਡਰ ਲੈਫਟੀਨੈਂਟ ਐਂਡਰੀਊ ਸਮਿਥ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਸਬੰਧੀ ਮੌਕੇ ਦੇ ਗਵਾਹਾਂ ਦੀ ਮਦਦ ਲਈ ਜਾ ਰਹੀ ਹੈ।
ਉਨਾਂ ਕਿਹਾ ਕਿ ਜਾਂਚਕਾਰ ਇਹ ਪਤਾ ਲਾਉਣ ਦਾ ਯਤਨ ਕਰ ਰਹੇ ਹਨ ਕਿ ਅਸਲ ਵਿਚ ਕੀ ਵਾਪਰਿਆ। ਮੌਕੇ ‘ਤੇ ਪੁੱਜੇ ਸਮਿਥ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਘਟਨਾ ਬਹੁਤ ਦੁੱਖਦਾਈ ਹੈ ਜਿਸ ਵਿਚ ਦੋ ਬੱਚਿਆਂ ਦੀ ਮੌਤ ਹੋਈ ਹੈ।