ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 25 ਮਈ, 2024
ਅਮਰੀਕਾ ਦੇ ਪੈਨਸਿਲਵਾਨੀਆ ਰਾਜ ਵਿਚ ਚੈਸਟਰ ਵਿਖੇ ਲੀਨਨ ਕੰਪਨੀ ਦੇ ਮੁਲਾਜ਼ਮਾਂ ਉਪਰ ਅੰਧਾਧੁੰਦ ਗੋਲੀਬਾਰੀ ਕਰਕੇ ਦੋ ਦੀ ਹੱਤਿਆ ਕਰ ਦੇਣ ਤੇ 3 ਹੋਰ ਮੁਲਾਜ਼ਮਾਂ ਨੂੰ ਜ਼ਖਮੀ ਕਰ ਦੇਣ ਦੀ ਖਬਰ ਹੈ। ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।
ਚੈਸਟਰ ਦੇ ਪੁਲਿਸ ਕਮਿਸ਼ਨਰ ਸਟੀਵਨ ਗਰੇਟਸਕੀ ਨੇ ਕਿਹਾ ਹੈ ਕਿ ਸ਼ੱਕੀ ਹਮਲਾਵਰ ਨੂੰ ਨਾਲ ਲੱਗਦੇ ਸ਼ਹਿਰ ਟਰੇਨਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਡੈਲਵੇਅਰ ਕਾਊਂਟੀ ਡਿਸਟ੍ਰਿਕਟ ਅਟਾਰਨੀ ਜੈਕ ਸਟੋਲਸਟੀਮਰ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਸ਼ੱਕੀ ਕੰਪਨੀ ਦੇ ਦਫਤਰ ਵਿਚ ਹਥਿਆਰਬੰਦ ਹੋ ਕੇ ਆਇਆ ਤੇ ਉਸ ਨੇ ਆਪਣੇ ਸਾਥੀ ਮੁਲਾਜ਼ਮਾਂ ਉਪਰ ਕਿਸੇ ਗੱਲ ਦਾ ਗੁੱਸਾ ਕੱਢਣ ਲਈ ਗੋਲੀ ਚਲੀ ਦਿੱਤੀ। ਚੈਸਟਰ ਦੇ ਮੇਅਰ ਸਟੀਫਨ ਰੂਟਸ ਨੇ ਘਟਨਾ ਉਪਰ ਅਫਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਬਹੁਤ ਦੁੱਖਦਾਈ ਘਟਨਾ ਹੈ।
ਉਨਾਂ ਕਿਹਾ ਕਿ ਸ਼ੱਕੀ ਨਿਰਾਸ਼ ਕਿਸਮ ਦਾ ਵਿਅਕਤੀ ਹੈ ਜਿਸ ਨੇ ਕੋਈ ਰੰਜਸ਼ ਕੱਢਣ ਲਈ ਆਪਣੇ ਸਾਥੀਆਂ ਨੂੰ ਨਿਸ਼ਾਨਾ ਬਣਾਇਆ। ਉਨਾਂ ਕਿਹਾ ਕਿ ਇਸ ਕਿਸਮ ਦੀ ਹਿੰਸਾ ਬਰਦਾਸ਼ਤ ਤੋਂ ਬਾਹਰ ਹੈ। ਕੰਪਨੀ ਸਥਾਨਕ ਵਾਸੀਆਂ ਨੂੰ ਕਪੜੇ ਧੋਣ ਦੀਆਂ ਸੇਵਾਵਾਂ ਦਿੰਦੀ ਹੈ।