ਯੈੱਸ ਪੰਜਾਬ
ਨਵੀਂ ਦਿੱਲੀ, 27 ਜਨਵਰੀ, 2022 –
1984 ਦੇ ਸਿੱਖ ਕਤਲੇਆਮ ਮਾਮਲੇ ਵਿਚ ਨਿਆਂ ਹਾਸਲ ਕਰਨ ਵਿਚ ਸਿੱਖ ਕੌਮ ਨੁੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਦਿੱਲੀ ਹਾਈ ਕੋਰਟ ਨੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਕਮਲਨਾਥ ਖਿਲਾਫ ਦਾਇਰ ਪਟੀਸ਼ਨ ‘ਤੇ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨੁੰ ਨੋਟਿਸ ਜਾਰੀ ਕਰ ਦਿੱਤਾ ਤੇ ਹੁਣ ਤੱਕ ਹੋਈ ਕਾਰਵਾਈ ਦੀ ਸਟੇਟਸ ਰਿਪੋਰਟ ਤਲਬ ਕਰ ਲਈ।
ਇਹ ਜਾਣਕਾਰੀ ਦਿੰਦਿਆਂ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਉਹਨਾਂ ਨੇ 1984 ਦੇ ਸਿੱਖ ਕਤਲੇਆਮ ਮਾਮਲੇ ਵਿਚ ਕਮਲਨਾਥ ਦੇ ਖਿਲਾਫ ਦਰਜ ਐਫ ਆਈ ਆਰ ਨੰਬਰ 601/1984 ਪਾਰਲੀਮੈਂਟ ਸਟ੍ਰੀਟ ਪੁਲਿਸ ਥਾਣੇ ਦੇ ਸਬੰਧ ਵਿਚ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਸੀ ਕਿ ਐਸ ਆਈ ਟੀ ਨੁੰ ਕਮਲਨਾਥ ਦੇ ਖਿਲਾਫ ਕਾਰਵਾਈ ਕਰਨ ਅਤੇ ਉਸਨੁੁੰ ਗ੍ਰਿਫਤਾਰ ਕਰਨ ਦੀ ਹਦਾਇਤ ਕੀਤੀ ਜਾਵੇ।
ਸਰਦਾਰ ਸਿਰਸਾ ਨੇ ਦੱਸਿਆ ਕਿ ਇਹ ਮਾਮਲਾ 1984 ਦੇ ਸਿੱਖ ਕਤਲੇਆਮ ਵੇਲੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦੋ ਸਿੱਖਾਂ ਦੇ ਕਤਲ ਨਾਲ ਸਬੰਧਤ ਹੈ। ਅਸੀਂ ਇਸ ਮਾਮਲੇ ਵਿਚ ਐਸ ਆਈ ਟੀ ਨੁੰ ਆਪਣੇ ਮੰਗ ਪੱਤਰ ਵੀ ਦਿੱਤੇ ਤੇ ਕਮਲਨਾਥ ਦੇ ਖਿਲਾਫ ਗਵਾਹ ਵੀ ਪੇਸ਼ ਕੀਤੇ ਤੇ ਗ੍ਰਹਿ ਮੰਤਰਾਲੇ ਤੋਂ ਕਮਲਨਾਥ ਖਿਲਾਫ ਕੇਸ ਮੁੜ ਖੋਲ੍ਹਣ ਦੀ ਪ੍ਰਵਾਨਗੀ ਵੀ ਲੈ ਕੇ ਦਿੱਤੀ ਪਰ ਇਸਦੇ ਬਾਵਜੂਦ ਐਸ ਆਈ ਟੀ ਨੇ ਜਦੋਂ ਕੋਈ ਕਾਰਵਾਈ ਨਹੀਂ ਕੀਤੀ ਤਾਂ ਸਾਨੁੰ ਹਾਈ ਕੋਰਟ ਜਾਣਾ ਪਿਆ।
ਉਹਨਾਂ ਦੱਸਿਆ ਕਿ ਅੱਜ ਜਸਟਿਸ ਸੁਬਰਾਮਨੀਅਮ ਪ੍ਰਸਾਦ ਦੀ ਬੈਂਚ ਅੱਗੇ ਮਾਮਲੇ ਦੀ ਸੁਣਵਾਈ ਸੀ ਜਿਸ ਦੌਰਾਨ ਸਾਡੇ ਵੱਲੋਂ ਸੀਨੀਅਰ ਐਡਵੋਕੇਟ ਮਨਿੰਦਰ ਸਿੰਘ ਤੇ ਐਡਵੋਕੇਟ ਗੁਰਬਖਸ਼ ਸਿੰਘ ਨੇ ਦਲੀਲਾਂ ਪੇਸ਼ ਕੀਤੀਆਂ। ਉਹਨਾਂ ਹੋਰ ਦੱਸਿਆ ਕਿ ਮਾਣਯੋਗ ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਐਸ ਆਈ ਟੀ ਨੂੰ ਨੋਟਿਸ ਜਾਰੀ ਕਰ ਦਿੱਤਾ ਤੇ ਸਾਡੇ ਵੱਲੋਂ ਦਿੱਤੇ ਮੰਗ ਪੱਤਰਕਾਰਾਂ ‘ਤੇ ਕੀਤੀ ਕਾਰਵਾਈ ਸਬੰਧੀ ਸਟੇਟਸ ਰਿਪੋਰਟ ਤਲਬ ਕਰ ਲਈ। ਹੁਣ ਮਾਮਲੇ ਦੀ ਸੁਣਵਾਹੀ 28 ਮਾਰਚ 2022 ਨੁੰ ਹੋਵੇਗੀ।
ਸਰਦਾਰ ਸਿਰਸਾ ਨੇ ਕਿਹਾ ਕਿ ਸਿੱਖ ਕੌਮ 37 ਸਾਲਾਂ ਤੋਂ ਨਿਆਂ ਹਾਸਲ ਕਰਨ ਲਈ ਸੰਘਰਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਭਾਵੇਂ ਸੱਜਣ ਕੁਮਾਰ ਨੁੰ ਉਮਰ ਕੈਦ ਹੋਣ ਨਾਲ ਕੁਝ ਨਿਆਂ ਮਿਲਿਆ ਹੈ ਪਰ ਹਾਲੇ ਕਮਲਨਾਥ ਸਮੇਤ ਹੋਰ ਦੋਸ਼ੀਆਂ ਨੁੰ ਸਜ਼ਾਵਾਂ ਮਿਲਣ ਤੱਕ ਸੰਘਰਸ਼ ਬਾਕੀ ਹੈ।
ਉਹਨਾਂ ਕਿਹਾ ਕਿ ਅੱਜ ਹਾਈ ਕੋਰਟ ਦੇ ਫੈਸਲੇ ਨੇ ਕੌਮ ਵਿਚ ਨਿਆਂ ਦੀ ਆਸ ਫਿਰ ਜਗਾਈ ਹੈ ਕਿ ਦੋਸ਼ੀਆਂ ਨੁੰ ਸਜ਼ਾਵਾਂ ਜ਼ਰੂਰ ਮਿਲਣਗੀਆਂ। ਉਹਨਾਂ ਕਿਹਾ ਕਿ ਉਹ ਵੱਖ ਵੱਖ ਅਦਾਲਤਾਂ ਵਿਚ ਮਾਮਲਿਆਂ ਦੀ ਆਪ ਪੈਰਵੀ ਕਰ ਰਹੇ ਹਨ ਅਤੇ ਕੌਮ ਦੇ ਨਾਲ ਮਿਲ ਕੇ ਯਕੀਨੀ ਬਣਾਉਣਗੇ ਕਿ ਹਰ ਕੇਸ ਵਿਚ ਨਿਆਂ ਮਿਲੇ ਤੇ ਦੋਸ਼ੀ ਨੁੰ ਉਮਰ ਕੈਦ ਜਾਂ ਫਾਂਸੀ ਹੋਵੇ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ