ਯੈੱਸ ਪੰਜਾਬ
ਚੰਡੀਗੜ੍ਹ, ਜੁਲਾਈ 15, 2024:
ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇੱਕ ਪ੍ਰਾਇਵੇਟ ਵਿਅਕਤੀ ਪਰਵੀਨ ਕੁਮਾਰ ਵਾਸੀ ਕਸਬਾ ਭਦੌੜ, ਜ਼ਿਲ੍ਹਾ ਬਰਨਾਲਾ ਨੂੰ 1,50,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੇ ਇਸ ਤੋਂ ਪਹਿਲਾਂ ਮਹਿੰਦਰ ਸਿੰਘ ਵਾਸੀ ਬਰਨਾਲਾ ਵਿਰੁੱਧ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਰਿਸ਼ਵਤ ਮੰਗਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ।
ਇਸ ਉਪਰੰਤ ਉਕਤ ਮੁਲਜ਼ਮ ਪਰਵੀਨ ਕੁਮਾਰ ਨੇ ਆਪਣੀ ਆਨਲਾਈਨ ਸ਼ਿਕਾਇਤ ਵਾਪਸ ਲੈਣ ਬਦਲੇ ਮਹਿੰਦਰ ਸਿੰਘ ਨੂੰ ਰਿਸ਼ਵਤ ਦੇਣ ਲਈ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਉਪਰੰਤ ਉਕਤ ਮਹਿੰਦਰ ਸਿੰਘ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਕਥਿਤ ਮੁਲਜ਼ਮ ਪਰਵੀਨ ਕੁਮਾਰ ਅਤੇ ਉਸਦੇ ਸਾਥੀ ਸਹਿ-ਮੁਲਜ਼ਮ ਗੱਜੂ ਰਾਮ ਵਾਸੀ ਪਿੰਡ ਭੱਦਲਵੱਢ, ਜ਼ਿਲ੍ਹਾ ਬਰਨਾਲਾ ਨੇ ਆਨਲਾਈਨ ਸ਼ਿਕਾਇਤ ਵਾਪਸ ਲੈਣ ਸਬੰਧੀ ਉਸ (ਸ਼ਿਕਾਇਤਕਰਤਾ) ਨਾਲ ਸਮਝੌਤਾ ਕਰਨ ਬਦਲੇ 2,50,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਮੁਲਜ਼ਮ ਪਰਵੀਨ ਕੁਮਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 1,50,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਇਸ ਕੇਸ ਦਾ ਸਹਿ-ਮੁਲਜ਼ਮ ਫਰਾਰ ਹੈ। ਇਸ ਸਬੰਧੀ ਉਕਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਪਟਿਆਲਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।