ਯੈੱਸ ਪੰਜਾਬ
ਚੰਡੀਗੜ੍ਹ, 2 ਜਨਵਰੀ, 2025
Punjab Vigilance Bureau ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ Punjab ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਉਮਰਪੁਰਾ ਸਬ ਡਵੀਜ਼ਨ ਦਫ਼ਤਰ, Batala, ਜ਼ਿਲ੍ਹਾ Gurdaspur ਵਿਖੇ ਤਾਇਨਾਤ ਲਾਈਨਮੈਨ ਜਗਦੀਸ਼ ਸਿੰਘ ਨੂੰ 10000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ Vigilance Bureau ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਤਹਿਸੀਲ ਬਟਾਲਾ ਦੇ ਪਿੰਡ ਫੂਲਕਾ ਦੇ ਵਸਨੀਕ ਗੁਰਵਿੰਦਰ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਉਕਤ ਮੁਲਜ਼ਮ ਲਾਈਨਮੈਨ ਨੇ ਜਾਣਬੁੱਝ ਕੇ ਪੈਸੇ ਵਸੂਲਣ ਦੀ ਨੀਅਤ ਨਾਲ ਪਿੰਡ ਫੂਲਕਾ ਵਿਖੇ ਸਥਿਤ ਉਸਦੀ ਵਾਹੀਯੋਗ ਜ਼ਮੀਨ ਉੱਪਰੋਂ ਬਿਜਲੀ ਦੀਆਂ ਤਾਰਾਂ ਲਗਾਈਆਂ ਸਨ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਲਾਈਨਮੈਨ ਇਨ੍ਹਾਂ ਬਿਜਲੀ ਦੀਆਂ ਲਾਈਨਾਂ ਦੀ ਥਾਂ ਬਦਲਣ ਬਦਲੇ 1500 ਰੁਪਏ ਪਹਿਲਾਂ ਵੀ ਲੈ ਚੁੱਕਾ ਹੈ ਅਤੇ 10,000 ਰੁਪਏ ਹੋਰ ਰਿਸ਼ਵਤ ਦੀ ਮੰਗ ਕਰ ਰਿਹਾ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਬਿਊਰੋ ਥਾਣਾ ਰੇਂਜ ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: Punjab Vigilance Bureau ਵੱਲੋਂ 70000 ਰੁਪਏ ਰਿਸ਼ਵਤ ਲੈਂਦਾ ਹੌਲਦਾਰ ਰੰਗੇ ਹੱਥੀਂ ਕਾਬੂ
ਇਹ ਵੀ ਪੜ੍ਹੋ: Improvement Trust ਚ ਬੇਨਿਯਮੀਆਂ ਤੇ ਪਲਾਟ ਦੀ ਘਪਲੇਬਾਜ਼ੀ ਕਾਰਨ Senior Assistant ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ