ਯੈੱਸ ਪੰਜਾਬ
ਚੰਡੀਗੜ੍ਹ, 28 ਜੂਨ, 2022:
‘ਆਮ ਆਦਮੀ ਪਾਰਟੀ’ ਦੀ ਸਰਕਾਰ ਵੱਲੋਂ ਲਿਆਂਦੀ ਗਈ ਨਵੀਂ ਐਕਸਾਈਜ਼ ਪਾਲਿਸੀ ਦੇ ਖਿਲਾਫ਼ ਪਾਈਆਂ ਗਈਆਂ ਪਟੀਸ਼ਨਾਂ ਦੀ ਮੰਗਲਵਾਰ ਨੂੰ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਪਾਲਿਸੀ ਤਹਿਤ ਠੇਕਿਆਂ ਦੀ ਅਲਾਟਮੈਂਟ ’ਤੇ ਰੋਕ ਲਗਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਕੁਝ ਠੇਕੇਦਾਰਾਂ ਵੱਲੋਂ 4 ਪਟੀਸ਼ਨਾਂ ਇਸ ਨਵੀਂ ਪਾਲਿਸੀ ਦੇ ਖਿਲਾਫ਼ ਪਾਈਆਂ ਗਈਆਂ ਸਨ ਜਿਨ੍ਹਾਂ ਦੀ ਸੁਣਵਾਈ ਉਪਰੰਤ ਅੱਜ ਹਾਈਕੋਰਟ ਨੇ ਠੇਕਿਆਂ ਦੀ ਅਲਾਟਮੈਂਟ ’ਤੇ ਰੋਕ ਲਗਾਉਣ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਇਸ ਸੰਬੰਧੀ ਨੋਟਿਸ ਜਾਰੀ ਕੀਤਾ ਹੈ।
ਇਨਾਂ ਪਟੀਸ਼ਨਾਂ ਵਿੱਚ ਨਵੀਂ ਪਾਲਿਸੀ ’ਤੇ ਸਵਾਲ ਚੁੱਕੇ ਹਨ ਅਤੇ ਇਸ ਦੀਆਂ ਖ਼ਾਮੀਆਂ ਗਿਣਾਈਆਂ ਗਈਆਂ ਹਨ। ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਇਸ ਪਾਲਿਸੀ ਨਾਲ ਪੰਜਾਬ ਦੇ ਠੇਕੇਦਾਰਾਂ ਨੂੰ ਪ੍ਰਕ੍ਰਿਆ ਵਿੱਚੋਂ ਬਾਹਰ ਕਰਕੇ ਪੰਜਾਬੋਂ ਬਾਹਰਲੇ ਵੱਡੇ ਠੇਕੇਦਾਰਾਂ ਦੇ ਪੰਜਾਬ ਵਿੱਚ ਦਾਖ਼ਲੇ ਲਈ ਰਾਹ ਮੋਕਲਾ ਕੀਤਾ ਗਿਆ ਹੈ।
ਦੂਜੇ ਬੰਨੇ ਸਰਕਾਰ ਦਾ ਦਾਅਵਾ ਹੈ ਕਿ ਨਵੀਂ ਐਕਸਾਈਜ਼ ਪਾਲਿਸੀ ਨਾਲ ਨਾ ਕੇਵਲ ਰਾਜ ਦੇ ਅੰਦਰ ਸ਼ਰਾਬ ਸਸਤੀ ਹੋਵੇਗੀ ਸਗੋਂ ਸ਼ਰਾਬ ਮਾਫ਼ੀਏ ਦਾ ਅੰਤ ਹੋਵੇਗਾ ਅਤੇ ਮਾਲੀਏ ਵਿੱਚ ਪਹਿਲਾਂ ਦੇ ਮੁਕਾਬਲੇ ਵਾਧਾ ਹੋਵੇਗਾ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ