ਯੈੱਸ ਪੰਜਾਬ
ਨਵੀਂ ਦਿੱਲੀ, 23 ਜਨਵਰੀ, 2022:
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਾਰਾ ਦਿਨ ਅਤੇ ਅੱਧੀ ਰਾਤ ਤਕ ਚੱਲੇ ਹੰਗਾਮੇ ਤੋਂ ਬਾਅਦ ਦੇਰ ਰਾਤ ਲਏ ਮੁਕੰਮਲ ਹੋਏ ਚੋਣ ਅਮਲ ਵਿੱਚ ਹਰਮੀਤ ਸਿੰਘ ਕਾਲਕਾ ਨੂੰ ਪ੍ਰਧਾਨ, ਸ: ਹਰਵਿੰਦਰ ਸਿੰਘ ਕੇ.ਪੀ. ਨੂੰ ਸੀਨੀਅਰ ਉਪ ਪ੍ਰਧਾਨ ਅਤੇ ਸ: ਜਗਦੀਪ ਸਿਘ ਕਾਹਲੋਂ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਸਨਿਚਰਵਾਰ ਨੂੰ 51 ਮੈਂਬਰੀ ਜਨਰਲ ਹਾਊਸ ਦੀ ਮੀਟਿੰਗ ਅਹੁਦੇਦਾਰਾਂ ਨੂੰ ਚੁਣਨ ਵਾਸਤੇ ਸ਼ੁਰੂ ਹੋਈ ਤਾਂ ਅਕਾਲੀ ਦਲ ਵੱਲੋਂ ਸ: ਹਰਮੀਤ ਸਿੰਘ ਕਾਲਕਾ ਅਤੇ ਅਕਾਲੀ ਦਲ ਦਿੱਲੀ ਵੱਲੋਂ ਸ:ਪਰਮਜੀਤ ਸਿੰਘ ਸਰਨਾ ਦਾ ਨਾਂਅ ਪ੍ਰਧਾਨਗੀ ਦੇ ਅਹੁਦੇ ਲਈ ਪੇਸ਼ ਕੀਤਾ ਗਿਆ।
ਵੋਟਿੰਗ ਸ਼ੁਰੂ ਹੋਣ ਤੋਂ ਬਾਅਦ ਅਜੇ ਤਿੰਨ ਵੋਟਾਂ ਹੀ ਪਈਆਂ ਸਨ ਕਿ ਸੁਖ਼ਬੀਰ ਸਿੰਘ ਕਾਲੜਾ ਨਾਂਅ ਦੇ ਇਕ ਮੈਂਬਰ ਵੱਲੋਂ ਵੋਟ ਪਾਉਂਦੇ ਸਮੇਂ ਆਪਣੀ ਪਰਚੀ ਵਿਖਾਏ ਜਾਣ ’ਤੇ ਵਿਵਾਦ ਛਿੜ ਗਿਆ ਅਤੇ ਸਰਨਾ ਧੜੇ ਨੇ ਕਿਹਾ ਕਿ ਇਹ ਗੁਪਤ ਮਤਦਾਨ ਦੀ ਧਾਰਾ ਦੀ ਉਲੰਘਣਾ ਹੈ ਅਤੇ ਇਸ ਲਈ ਇਹ ਵੋਟ ਰੱਦ ਕੀਤੀ ਜਾਣੀ ਚਾਹੀਦੀ ਹੈ ਪਰ ਅਕਾਲੀ ਦਲ ਇਸ ਲਈ ਤਿਆਰ ਨਾ ਹੋਇਆ।
ਇਸ ਸਭ ਦੇ ਚੱਲਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਹਿਸ ਮੁਬਹਿਸਾ ਅਤੇ ਧੱਕਾ ਮੁੱਕੀ ਹੋਈ ਜਿਸ ਮਗਰੋਂ ਵੋਟਿੰਗ ਦਾ ਕੰਮ ਰੋਕ ਦਿੱਤਾ ਗਿਆ। ਸਾਰਾ ਦਿਨ ਚੱਲੀਆਂ ਕਈ ਦੌਰ ਦੀਆਂ ਮੀਟਿੰਗਾਂ ਵਿੱਚ ਡਾਇਰੈਕਟਰ ਗੁਰਦੁਆਰਾ ਚੋਣਾਂ ਅਤੇ ਪੁਲਿਸ ਅਧਿਕਾਰੀਆਂ ਨੇ ਕਈ ਦੌਰ ਦੀਆਂ ਮੀÇਅੰਗਾਂ ਕੀਤੀਆਂ ਜਿਸ ਤੋਂ ਬਾਅਦ ਦੇਰ ਰਾਤ ਹੀ ਵੋਟਿੰਗ ਸੰਭਵ ਹੋ ਸਕੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ