ਦਲਜੀਤ ਕੌਰ
ਚੰਡੀਗੜ੍ਹ/ਜਲੰਧਰ, 03 ਜਨਵਰੀ, 2025
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (RMPI) ਦੀ Punjab ਰਾਜ ਕਮੇਟੀ ਨੇ ਪਾਰਟੀ ਦੇ ਸੱਦੇ ‘ਤੇ 48 ਥਾਵਾਂ ‘ਤੇ ਭਰਵੇਂ ਇਕੱਠ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ Narendra Modi ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ Amit Shah ਦੇ ਪੁਤਲੇ ਫੂਕੇ ਗਏ ਹਨ।
ਅੱਜ ਇੱਥੋਂ ਜਾਰੀ ਇਕ ਬਿਆਨ ਰਾਹੀਂ ਇਹ ਜਾਣਕਾਰੀ ਸਾਂਝੀ ਕਰਦਿਆਂ ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਕਾਮਰੇਡ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ ਵਲੋਂ ਪਾਰਟੀ ਦਾ ਸੱਦਾ ਲਾਗੂ ਕਰਨ ਵਾਲੇ ਸੂਬੇ ਦੇ ਮਿਹਨਤੀ ਤੇ ਇਨਸਾਫ ਪਸੰਦ ਲੋਕਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਪਾਰਟੀ ਦੀ ਰਾਜ ਕਮੇਟੀ ਨੇ, ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਖਿਲਾਫ, ਰਾਜ ਸਭਾ ‘ਚ ਅਪਮਾਨ ਜਨਕ ਸ਼ਬਦ ਬੋਲਣ ਵਾਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉਸ ਦੀ ਪੁਸ਼ਤ ਪਨਾਹੀ ਕਰਨ ਵਾਲੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕਦੇ ਹੋਏ ‘ਸੰਵਿਧਾਨ ਬਚਾਓ ਮੋਦੀ ਹਟਾਓ’ ਦਿਵਸ ਮਨਾਉਣ ਦਾ ਸੱਦਾ ਦਿੱਤਾ ਸੀ।
ਰੰਧਾਵਾ ਅਤੇ ਜਾਮਾਰਾਏ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਫਿਰਕੂ-ਫਾਸ਼ੀ, ਮਨੂਵਾਦੀ-ਹਿੰਦੂਤਵੀ ਰਾਜ ਕਾਇਮ ਕਰਨ ਦੇ ਆਰਐਸਐਸ ਤੇ ਭਾਜਪਾ ਦੇ ਕੋਝੇ ਮਨਸੂਬੇ ਫੇਲ੍ਹ ਕਰਨ ਲਈ ਆਉਂਦੇ ਦਿਨਾਂ ‘ਚ ਹੋਰ ਸਖ਼ਤ ਤੇ ਬੱਝਵੀਂ ਲੜਾਈ ਲੜਨ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਹੈ।