ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 3 ਜਨਵਰੀ, 2025
ਇਕ ਸੰਘੀ ਅਪੀਲ ਅਦਾਲਤ ਨੇ ਇਕ ਜਿਊਰੀ ਵੱਲੋਂ ਸਾਬਕਾ ਰਾਸ਼ਟਰਪਤੀ Donald Trump ਨੂੰ ਲੇਖਿਕਾ E. Jean Carroll ਨਾਲ ਜਬਰਜਨਾਹ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦੇਣ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ ਤੇ ਮਾਮਲੇ ਦੀ ਨਵੇਂ ਸਿਰੇ ਤੋਂ ਸੁਣਵਾਈ ਦੀ ਉਸ ਦੁਆਰਾ ਕੀਤੀ ਗਈ ਬੇਨਤੀ ਰੱਦ ਕਰ ਦਿੱਤੀ ਹੈ।
ਟਰੰਪ ਨੇ ਇਸ ਮਾਮਲੇ ਵਿਚ ਜਿਊਰੀ ਦੁਆਰਾ 50 ਲੱਖ ਡਾਲਰ ਮੁਆਵਜ਼ਾ ਦੇਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਟਰੰਪ ਨੇ ਆਪਣੀ ਬੇਨਤੀ ਵਿਚ ਕਿਹਾ ਸੀ ਕਿ ਹੇਠਲੀ ਅਦਾਲਤ ਨੇ ਦੋ ਹੋਰ ਔਰਤਾਂ ਨੂੰ ਮਾਮਲੇ ਵਿਚ ਗਵਾਹੀ ਦੀ ਇਜਾਜ਼ਤ ਦੇਣ ਸਮੇਤ ਹੋਰ ਕਈ ਗਲਤੀਆਂ ਕੀਤੀਆਂ ਹਨ।
ਇਨਾਂ ਔਰਤਾਂ ਨੇ ਵੀ ਦਾਅਵਾ ਕੀਤੀ ਸੀ ਕਿ ਟਰੰਪ ਵੱਲੋਂ ਉਨਾਂ ਨਾਲ ਵੀ ਸਰੀਰਕ ਸੋਸ਼ਣ ਕੀਤਾ ਗਿਆ ਹੈ। ਅਪੀਲ ਅਦਾਲਤ ਨੇ ਆਪਣੇ ਨਿਰਨੇ ਵਿਚ ਕਿਹਾ ਹੈ ਕਿ ਅਦਾਲਤ ਨੇ ਸਬੂਤਾਂ ਬਾਰੇ ਨਿਰਨਾ ਦੇਣ ਸਮੇ ਮੰਦਭਾਵਨਾ ਨਹੀਂ ਵਿਖਾਈ ਤੇ ਜੇਕਰ ਉਸ ਨੇ ਕੋਈ ਗਲਤੀ ਕੀਤੀ ਵੀ ਹੈ ਤਾਂ ਉਸ ਨਾਲ ਕੈਰੋਲ ਦੇ ਪੱਖ ਨੂੰ ਮਜਬੂਤੀ ਮਿਲੀ ਹੈ। ਉਹ ਇਸ ਗੱਲ ਨਾਲ ਸਹਿਮਤ ਨਹੀਂ ਹੈ ਕਿ ਟਰੰਪ ਦੇ ਅਧਿਕਾਰ ਪ੍ਰਭਾਵਿਤ ਹੋਏ ਹਨ ਤੇ ਨਵੇਂ ਸਿਰੇ ਤੋਂ ਸੁਣਵਾਈ ਦੀ ਲੋੜ ਹੈ।
ਕੈਰੋਲ ਤੇ ਉਸ ਦੇ ਵਕੀਲ ਰਾਬਰਟਾ ਕਪਲਾਨ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਤੇ ਧੰਨਵਾਦ ਕੀਤਾ ਹੈ। ਇਕ ਹੋਰ ਜਿਊਰੀ ਨੇ ਟਰੰਪ ਨੂੰ 833 ਲੱਖ ਡਾਲਰ ਮੁਆਵਜ਼ੇ ਵਜੋਂ ਦੇਣ ਦਾ ਆਦੇਸ਼ ਦਿੱਤਾ ਸੀ ਜਿਸ ਫੈਸਲੇ ਵਿਰੁੱਧ ਵੀ ਟਰੰਪ ਨੇ ਅਪੀਲ ਕੀਤੀ ਹੋਈ ਹੈ।
ਇਸ ਜਿਊਰੀ ਨੇ ਆਪਣੇ ਫੈਸਲੇ ਵਿਚ ਕਿਹਾ ਸੀ ਕਿ ਟਰੰਪ ਨੇ ਜਬਰਜਨਾਹ ਦੇ ਦੋਸ਼ਾਂ ਤੋਂ ਇਨਕਾਰ ਕਰਕੇ ਕੈਰੋਲ ਦੀ ਹੱਤਕ ਕੀਤੀ ਹੈ। ਕੈਰੋਲ ਨੇ ਦੋਸ਼ ਲਾਇਆ ਸੀ ਕਿ ਸਾਬਕਾ ਰਾਸ਼ਟਰਪਤੀ ਨੇ ਉਸ ਨਾਲ ਬਰਗਡੋਰਫ ਗੁੱਡਮੈਨ ਡਿਪਾਰਟਮੈਂਟ ਸਟੋਰ ਵਿਚ ਜਬਰਜਨਾਹ ਕੀਤਾ ਸੀ ਤੇ ਉਸ ਨੇ ਮੇਰੇ ਇਸ ਦਾਅਵੇ ਤੋਂ ਇਨਕਾਰ ਕਰਕੇ ਮੇਰੀ ਹੱਤਕ ਕੀਤੀ ਹੈ।
ਟਰੰਪ ਨੇ ਕਿਹਾ ਸੀ ਕਿ ਕੈਰੋਲ ਨੇ ਆਪਣੀ ਕਿਤਾਬ ਦੀ ਵਿਕਰੀ ਵਧਾਉਣ ਦੇ ਮਕਸਦ ਨਾਲ ਜਬਰਜਨਾਹ ਦੀ ਕਹਾਣੀ ਘੜੀ ਹੈ। ਟਰੰਪ ਦੇ ਬੁਲਾਰੇ ਤੇ ਵਾਈਟ ਹਾਊਸ ਦੇ ਅਗਲੇ ਕਮਿਊਨੀਕੇਸ਼ਨ ਡਾਇਰੈਕਟਰ ਸਟੀਵਨ ਚੀਉਂਗ ਨੇ ਫੈਸਲੇ ਉਪਰੰਤ ਕਿਹਾ ਹੈ ਕਿ ਹੋਰ ਅਪੀਲ ਕੀਤੀ ਜਾਵੇਗੀ। ਚੀਉਂਗ ਨੇ ਕਿਹਾ ਹੈ ਕਿ ਅਮਰੀਕੀ ਲੋਕਾਂ ਨੇ ਭਾਰੀ ਬਹੁਮਤ ਨਾਲ ਟਰੰਪ ਨੂੰ ਮੁੜ ਰਾਸ਼ਟਰਪਤੀ ਚੁਣਿਆ ਹੈ। ਉਹ ਮੰਗ ਕਰਦੇ ਹਨ ਕਿ ਸਾਡੀ ਨਿਆਂ ਪ੍ਰਣਾਲੀ ਦੀ ਰਾਜਸੀ ਹਥਿਆਰ ਵਜੋਂ ਵਰਤੋਂ ਤੁਰੰਤ ਬੰਦ ਕੀਤੀ ਜਾਵੇ।