ਯੈੱਸ ਪੰਜਾਬ
ਜਲੰਧਰ, 16 ਜਨਵਰੀ, 2021:
ਸੇਵਾ ਸਿੰਘ ਬਿਨਿੰਗ ਕਨੇਡਾ ਦੇ ਸ਼ਹਿਰ ਸਰੀ ਵਿੱਚ ਸਦੀਵੀ ਵਿਛੋੜਾ ਦੇ ਗਏ। ਉਹ ਸੱਤਰਵਿਆਂ ਵਿੱਚ ਕਨੇਡਾ ਗਏ ਤੇ ਸਾਥੀਆਂ ਨਾਲ ਈਸਟ ਇੰਡੀਅਨ ਡਿਫੈਂਸ ਕਮੇਟੀ ਵੈਨਕੋਵਰ ਦਾ ਗਠਨ ਕਰਕੇ ਉਨ੍ਹਾਂ ਨੇ ਨਸਲੀ ਵਿਤਕਰੇ ਅਤੇ ਮਾਨਵੀ ਅਧਿਕਾਰਾਂ ਲਈ ਜ਼ਿੰਦਗੀ ਭਰ ਸੰਘਰਸ਼ ਕੀਤਾ। ਉਹ ਹਰਮਨ ਪਿਆਰੇ, ਸ਼ਾਂਤ ਸੁਭਾਅ ਦੇ ਜਿੰਦਾ-ਦਿਲ ਇਨਸਾਨ ਸਨ।
ਈਸਟ ਇੰਡੀਆ ਡਿਫੈਂਸ ਕਮੇਟੀ ਬੀ.ਸੀ. ਦੇ ਉਹ ਰੂਹ-ਏ-ਰਵਾਂ ਸਨ। ਬੀਤੀ ਅੱਧੀ ਸਦੀ ਦਾ ਇਤਿਹਾਸ ਗਵਾਹ ਹੈ ਕਿ ਵੈਨਕੋਵਰ ਵਿੱਚ ਲੋਕ ਹੱਕਾਂ ਲਈ ਹੋਈਆਂ ਸਰਗਰਮੀਆਂ ਅਤੇ ਸਮਾਗਮ ਵਿੱਚ ਉਹਨਾਂ ਦੀ ਆਗੂ ਭੂਮਿਕਾ ਰਹੀ ਹੈ। ਉਨ੍ਹਾਂ ਦਾ ਜਨਮ ਪਿੰਡ ਜੰਡਿਆਲੀ ਨੇੜੇ ਫਗਵਾੜਾ ਵਿਖੇ ਹੋਇਆ ਅਤੇ ਵਿਦਿਆਰਥੀ ਜੀਵਨ ’ਚ ਉਹ ਅਗਾਂਹ-ਵਧੂ ਸਰਗਰਮੀਆਂ ਵਿੱਚ ਹਿੱਸਾ ਲੈਂਦੇ ਰਹੇ।
ਉਹ ਆਪਣੇ ਪਿੱਛੇ ਪਤਨੀ, ਦੋ ਬੇਟੀਆਂ ਤੇ ਲੜਕਾ ਛੱਡ ਗਏ ਹਨ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਇਤਿਹਾਸ ਕਮੇਟੀ ਦੇ ਕਨਵੀਨਰ ਚਰੰਜੀ ਲਾਲ ਕੰਗਣੀਵਾਲ, ਲਾਇਬੇ੍ਰਰੀ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ ਨੇ ਸੇਵਾ ਸਿੰਘ ਬਿਨਿੰਗ ਦੇ ਪਰਿਵਾਰ, ਈਸਟ ਇੰਡੀਆ ਡਿਫੈਂਸ ਕਮੇਟੀ ਅਤੇ ਸਾਕ-ਸਬੰਧੀਆਂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।