ਯੈੱਸ ਪੰਜਾਬ
ਚੰਡੀਗੜ੍ਹ, 22 ਫ਼ਰਵਰੀ, 2020:
ਹਰਿਆਣਾ ਸਰਕਾਰ ਨੇ ਪੰਜਾਬੀ ਫ਼ਿਲਮ ‘ਸ਼ੂਟਰ’ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਪੰਜਾਬ ਦੇ ਨਾਮੀ ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ ’ਤੇ ਆਧਾਰਿਤ ਇਸ ਫ਼ਿਲਮ ’ਤੇ ਪੰਜਾਬ ਸਰਕਾਰ ਪਹਿਲਾਂ ਹੀ ਪਾਬੰਦੀ ਲਗਾਉਣ ਦਾ ਐਲਾਨ ਕਰ ਚੁੱਕੀ ਹੈ।
ਹਰਿਆਣਾ ਸਰਕਾਰ ਵੱਲੋਂ ਜਾਰੀ ਹੁਕਮ ਅਨੁਸਾਰ ਇਸ ਫ਼ਿਲਮ ’ਤੇ ਪਾਬੰਦੀ ਦੋ ਮਹੀਨੇ ਲਈ ਲਾਗੂ ਰਹੇਗੀ ਜਿਸ ਦੌਰਾਨ ਇਹ ਰਾਜ ਅੰਦਰ ਕਿਤੇ ਵੀ ਪ੍ਰਦਰਸ਼ਿਤ ਨਹੀਂ ਕੀਤੀ ਜਾ ਸਕੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਫ਼ਿਲਮ ਦੇ ਨਿਰਮਾਤਾ ਕੇ.ਵੀ.ਸਿੰਘ ਢਿੱਲੋਂ ਅਤੇ ਹੋਰਨਾਂ ਦੇ ਖਿਲਾਫ਼ ਫ਼ਿਲਮ ਦੇ ਸਿਲਸਿਲੇ ਵਿਚ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਇਹ ਫ਼ਿਲਮ ਹਿੰਸਾ ਨੂੰ ਬੜ੍ਹਾਵਾ ਦੇਣ, ਗੈਂਗਸਟਰਾਂ ਅਤੇ ਗੈਂਗਾਂ ਦਾ ਗੁਣਗਾਣ ਕਰਨ, ਨਸ਼ਿਆਂ, ਫ਼ਿਰੌਤੀਆਂ, ਧਮਕੀਆਂ ਅਤੇ ਹੋਰ ਅਪਰਾਧਕ ਕੰਮਾਂ ਨੂੰ ਅੰਜਾਮ ਦੇਣ ਦਾ ਕਾਰਨ ਬਣ ਸਕਦੀ ਹੈ।
ਦਰਜ ਕੀਤੀ ਗਈ ਐਫ.ਆਈ.ਆਰ. ਅਨੁਸਾਰ ਇਹ ਫ਼ਿਲਮ ਨੌਜਵਾਨਾਂ ਨੂੰ ਹਿੰਸਾ ਵਾਸਤੇ ਭੜਕਾਉਣ ਅਤੇ ਸ਼ਾਂਤੀ ਲਈ ਖ਼ਤਰਾ ਹੋ ਸਕਦੀ ਹੈ।
ਯਾਦ ਰਹੇ ਕਿ ਇਹ ਕੇਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਇਸ ਮਾਮਲੇ ਵਿਚ ਬਣਕੀ ਕਾਰਵਾਈ ਕਰਨ ਦੇ ਹੁਕਮਾਂ ਤੋਂ ਬਾਅਦ ਕੀਤਾ ਗਿਆ ਸੀ।
ਫ਼ਿਲਮ ਦੇ ਨਿਰਮਾਤਾ ਢਿੱਲੋਂ ਨੇ 2019 ਵਿਚ ਸਰਕਾਰ ਨੂੂੰ ਇਹ ਲਿਖ਼ ਕੇ ਦਿੱਤਾ ਸੀ ਕਿ ਉਹ ਇਹ ਫ਼ਿਲਮ ਨਹੀਂ ਬਣਾਉਣਗੇ। ਇਸ ਫ਼ਿਲਮ ਦਾ ਨਾਂਅ ਪਹਿਲਾਂ ‘ਸੁੱਖਾ ਕਾਹਲਵਾਂ’ ਰੱਖ਼ਿਆ ਗਿਆ ਸੀ ਜਿਸ ਨੂੰ ਬਾਅਦ ਵਿਚ ਬਦਲ ਕੇ ‘ਸ਼ੂਟਰ’ ਦੇ ਨਾਂਅ ਹੇਠ ਬਣਾਇਆ ਗਿਆ ਹੈ।
ਪੰਜਾਬ ਪੁਲਿਸ ਇਸ ਫ਼ਿਲਮ ਨਾਲ ਜੁੜੇ ਹੋਰ ਲੋਕਾਂ ਜਿਵੇਂ ਪ੍ਰਮੋਟਰਾਂ, ਡਾਇਰੈਕਟਰ ਅਤੇ ਕਲਾਕਾਰਾਂ ’ਤੇ ਵੀ ਕਾਰਵਾਈ ਕਰ ਸਕਦੀ ਹੈ। ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ ਅਤੇ ਹਰਿਆਣਾ ਨੂੰ ਇਸ ਫ਼ਿਲਮ ’ਤੇ ਪਾਬੰਦੀ ਲਾਉਣ ਬਾਰੇ ਕੋਈ ਫ਼ੈਸਲਾ ਲੈਣ ਲਈ ਕਿਹਾ ਸੀ।