Thursday, April 25, 2024

ਵਾਹਿਗੁਰੂ

spot_img
spot_img

‘ਸੀ.ਐਮ. ਸਕਿਉਰਿਟੀ’ ਸੁਰੱਖਿਆ ਲਈ ਕਿ ਲੋਕਾਂ ਨੂੂੰ ਦਹਿਸ਼ਤਜ਼ਦਾ ਤੇ ਕਾਂਗਰਸੀਆਂ ਨੂੰ ਬੇਇੱਜ਼ਤ ਕਰਨ ਲਈ? – ਐੱਚ.ਐੱਸ.ਬਾਵਾ

- Advertisement -

ਉੱਚ ਪੱਦਵੀਆਂ ’ਤੇ ਬੈਠੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਉਠਾਇਆ ਜਾਣਾ ਚਾਹੀਦਾ ਹੈ। ਇਹ ਨਹੀਂ ਕਿ ਬਾਕੀ ਲੋਕਾਂ ਦੀਆਂ ਜਾਨਾਂ ਕੀਮਤੀ ਨਹੀਂ ਹਨ ਪਰ ਚੁਣ ਕੇ ਆਏ ਲੋਕਾਂ, ਦੇਸ਼ ਅਤੇ ਸੂਬਿਆਂ ਦੇ ਹੋਰ ਰੌਸ਼ਨ ਦਿਮਾਗ, ਰਾਹ ਦਸੇਰਿਆਂ ਦੀ ਸੁਰੱਖਿਆ ਅਹਿਮ ਹੈ, ਇਸ ਵਿਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ।

ਇਸੇ ਲਈ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰਾਜਪਾਲ, ਮੁੱਖ ਮੰਤਰੀਆਂ ਤੋਂ ਇਲਾਵਾ ਚੁਣੌਤੀਆਂ, ਧਮਕੀਆਂ ਦਾ ਸਾਹਮਣਾ ਕਰ ਰਹੇ ਕੁਝ ਹੋਰ ਅਹਿਮ ਲੋਕਾਂ ਦੀ ਸੁਰੱਖਿਆ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਜਾਂਦੇ ਨੇ। ਪੁਲਿਸ ਫ਼ੋਰਸ ਵਿਚੋਂ ਹੀ ਲਏ ਜਾਂਦੇ ਇਹਨਾਂ ਜਵਾਨਾਂ ਦੀ ਭਰਤੀ ਵੇਲੇ ਨਿਸਚੇ ਹੀ ਜੁੱਸੇ, ਕਦ ਕਾਠੀ, ਟਰੇਨਿੰਗ, ਚੁਸਤੀ ਅਤੇ ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਹੰਗਾਮੀ ਹਾਲਾਤ ਵਿਚ ਇਕਦਮ ਕਾਰਵਾਈ ਕਰ ਸਕਣ ਦੀ ਸਮਰੱਥਾ, ਉਨ੍ਹਾਂ ਦਾ ਚੰਗਾ ‘ਪਰਸਨਲ’ ਅਤੇ ‘ਸਰਵਿਸ ਰਿਕਾਰਡ’ ਅਤੇ ਹੋਰ ਕਈ ਅਹਿਮ ਗੱਲਾਂ ਉੱਚ ਅਧਿਕਾਰੀ ਅਤੇ ਹੋਰ ਮਾਹਿਰਾਂ ਦੀਆਂ ਨਜ਼ਰਾਂ ਵਿਚੋਂ ਲੰਘਦੀਆਂ ਹੋਣਗੀਆਂ।

ਇਕ ਆਮ ਨਾਗਰਿਕ ਵਜੋਂ ਮੇਰੀ ਸਮਝ ਇਹ ਕਹਿੰਦੀ ਹੈ ਕਿ ‘ਸੀ.ਐਮ. ਸਕਿਉਰਿਟੀ’ ਦੇ ਗਠਨ ਦਾ ਮੰਤਵ ਅਤੇ ਇਸ ਫ਼ੋਰਸ ਦੀ ਜ਼ਿੰਮੇਵਾਰੀ ਇਸ ਵਿੰਗ ਦੇ ਨਾਂਅ ਵਿਚ ਹੀ ਛੁਪੀ ਹੋਈ ਹੈ, ਇਨ੍ਹਾਂ ਦੀ ਮੁੱਖ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਸੁਰੱਖਿਆ ਦੀ ਹੀ ਹੋਵੇਗੀ। ਕਿ ਮੁੱਖ ਮੰਤਰੀ ਨੂੰ ਕੋਈ ਅਣਚਾਹਿਆ ਅਤੇ ਸ਼ਰਾਰਤੀ ਅਨਸਰ ਕਿਸੇ ਤਰ੍ਹਾਂ ਕੋਈ ਨੁਕਸਾਨ ਨਾ ਪੁਚਾ ਸਕੇ, ਕਿ ਮੁੱਖ ਮੰਤਰੀ ਲਈ ਰਾਹ ਪੱਧਰਾ ਮਿਲ ਜਾਵੇ ਤਾਂ ਜੋ ਉਨ੍ਹਾਂ ਦੇ ਆਉਣ ਜਾਣ ਦਾ ਸਮਾਂ ਬਚ ਸਕੇ। ਕਿ ਮੁੱਖ ਮੰਤਰੀ ਦੀ ਸੁਵਿਧਾ ਅਨੁਸਾਰ ਲੋਕਾਂ ਨੂੰ ਉਨ੍ਹਾਂ ਨਾਲ ਮਿਲਾਇਆ ਜਾ ਸਕੇ ਜਾਂ ਫ਼ਿਰ ਕਿਸੇ ਵੇਲੇ ਨਾ ਮਿਲਣ ਸਕਣ ਦੀ ਸਥਿਤੀ ਹੋਵੇ ਤਾਂ ਵੀ ਉਸ ਸਥਿਤੀ ਨੂੰ ਕਿਵੇਂ ਸੰਭਾਲਿਆ ਜਾ ਸਕੇ। ਖ਼ੈਰ, ਮਤਲਬ ਇਹ ਕਿ ਇਨ੍ਹਾਂ ਜਵਾਨਾਂ ਦੀ ਅਤੇ ਇਨ੍ਹਾਂ ਜਵਾਨਾਂ ਦੇ ‘ਕਮਾਂਡਰ’ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਸੁਰੱਖਿਆ ਦੀ ਹੈ। ਸੁਰੱਖਿਆ ਤੋਂ ਇਲਾਵਾ ‘ਸੀ.ਐਮ. ਸਕਿਉਰਿਟੀ’ ਇਹ ਵੀ ਵੇਖ਼ਦੀ ਹੋਵੇਗੀ ਕਿ ਮੁੱਖ ਮੰਤਰੀ ਦੇ ਆਲੇ ਦੁਆਲੇ ਕੋਈ ਐਸੀ ਘਟਨਾ ਨਾ ਵਾਪਰੇ ਜਿਸ ਨਾਲ ਕਿਸੇ ਤਰ੍ਹਾਂ ਜਨਤਕ ਰੂਪ ਵਿਚ ਮੁੱਖ ਮੰਤਰੀ ਲਈ ਜੱਕੋ ਤੱਕੀ ਵਾਲੀ ਸਥਿਤੀ ਬਣ ਜਾਵੇ, ਉਹ ‘ਐਮਬੈਰੇਸ’ ਨਾ ਹੋ ਜਾਣ।

ਮੇਰੇ ਧਿਆਨ ’ਚ ਨਹੀਂ, ਪਰ ਇਹ ਮੁੱਖ ਮੰਤਰੀ ਦੇ ਦਫ਼ਤਰੋਂ ਹੀ ਪਤਾ ਲੱਗ ਸਕੇਗਾ ਜਾਂ ਫ਼ਿਰ ਪੰਜਾਬ ਪੁਲਿਸ ਦੇ ਮੁਖੀ ਹੀ ਸਮਝਾ ਸਕਣਗੇ ਕਿ ਸ਼ਾਇਦ ਇਨ੍ਹਾਂ ਦੇ ਕੋਈ ਵੱਖਰੇ ਅਤੇ ਵਿਸ਼ੇਸ਼ ਅਧਿਕਾਰ ਹੋਣ। ਉਂਜ ਮੇਰੀ ਜਾਚੇ ਜੇ ਕੋਈ ਵਿਸ਼ੇਸ਼ ਅਧਿਕਾਰ ਹੋਣ ਵੀ ਤਾਂ ਉਹ ਸੁਰੱਖਿਆ ਦੇ ਵਿਸ਼ੇ ਨਾਲ ਹੀ ਜੁੜੇ ਹੋਣਗੇ, ਉਸ ਤੋਂ ਬਾਹਰੇ ਤਾਂ ਨਹੀਂ ਹੋਣੇ।

ਮੈਂ ਇਹ ਸਮਝਣ ਦੀ ਕੋਸ਼ਿਸ਼ ਵਿਚ ਹਾਂ ਕਿ ਇਸ ਫ਼ੋਰਸ ਕੋਲ ਕੀ ਆਮ ਲੋਕਾਂ ਨੂੰ ਦਹਿਸ਼ਤਜ਼ਦਾ ਕਰਨ, ਮੁੱਖ ਮੰਤਰੀ ਦੀ ਆਪਣੀ ਹੀ ਪਾਰਟੀ ਦੇ ਲੋਕਾਂ ਨੂੰ ਬੇਇੱਜ਼ਤ ਕਰਨ, ਮੁੱਖ ਮੰਤਰੀ ਅਤੇ ਲੋਕਾਂ ਵਿਚ ਦੂਰੀ ਪੈਦਾ ਕਰਨ ਅਤੇ ਆਪਣੇ ਵਤੀਰੇ ਨਾਲ ਮੁੱਖ ਮੰਤਰੀ ਪ੍ਰਤੀ ਲੋਕਾਂ ਵਿਚ ਗੁੱਸਾ ਜਾਂ ਨਫ਼ਰਤ ਪੈਦਾ ਕਰ ਦੇਣ ਦੇ ਅਧਿਕਾਰ ਵੀ ਹੁੰਦੇ ਹਨ? ਜੇ ਇੰਜ ਹੁੰਦਾ ਹੈ ਜਾਂ ਹੋ ਰਿਹਾ ਹੈ ਤਾਂ ਇਹ ਬੜਾ ਕਮਾਲ ਦਾ ‘ਲਾਇਸੰਸ’ ਹੈ।

ਮੈਂ ਇਹ ਸਮਝਣ ਦੀ ਕੋਸ਼ਿਸ਼ ਵਿਚ ਹਾਂ ਕਿ ਕੀ ਇਨ੍ਹਾਂ ਦੇ ਕੰਨ ਵਿਚ ਕੋਈ ਖ਼ਾਸ ਫ਼ੂਕ ਮਾਰੀ ਜਾਂਦੀ ਹੈ ਕਿ ਮੁੱਖ ਮੰਤਰੀ ਦੇ ਨੇੜੇ ਅਤੇ ਉਨ੍ਹਾਂ ਦੇ ਸੁਰੱਖਿਆ ਘੇਰੇ ਵਿਚ ਹੋਣ ਨਾਲ ਇਹ ਕਰਮੀ ਕੋਈ ‘ਅੱਲੋਕਾਰ’ ਸ਼ਕਤੀ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਆਮ ਲੋਕਾਂ ਦੇ ਮਾਨ ਸਨਮਾਨ ਦਾ ਖ਼ਿਆਲ ਰੱਖਣ ਦੀ ਕੋਈ ਲੋੜ ਨਹੀਂ ਹੋਣੀ ਚਾਹੀਦੀ?

ਮੈਂ 1998 ਤੋਂ ਪੱਤਰਕਾਰੀ ਵਿਚ ਹਾਂ ਅਤੇ ਉਦੋਂ ਤੋਂ ਹੀ ਆਪਣੇ ਕਿੱਤੇ ਦੇ ਨਾਤੇ ਮੇਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਉੱਚ ਰਾਜਸੀ ਆਗੂਆਂ ਨਾਲ ਵਾਹ ਵਾਸਤਾ ਲਗਾਤਾਰ ਬਣਿਆ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਬਾਰੇ ਕੋਈ ਹੋਰ ਕੁਝ ਵੀ ਕਹਿ ਸਕਦਾ ਹੈ, ਪਰ ਇਕ ਗੱਲ ਉਨ੍ਹਾਂ ਦੇ ਕੱਟੜ ਵਿਰੋਧੀ ਵੀ ਮੰਨਦੇ ਹਨ ਕਿ ਉਹ ਬਹੁਤ ਹੀ ਤਹਿਜ਼ੀਬਯਾਫ਼ਤਾ ਸ਼ਖਸ਼ੀਅਤ ਹਨ। ਉਹ ਕੇਵਲ ਚੰਗੇ ਵਿਹਾਰ ਦੇ ਮੁੱਦਈ ਹੀ ਨਹੀਂ ਸਗੋਂ ਵਿਹਾਰਕ ਤੌਰ ’ਤੇ ਇਹ ਵਿਖਾਉਣ ਵਿਚ ਵੀ ਯਕੀਨ ਰੱਖਦੇ ਹਨ। ਉਨ੍ਹਾਂ ਦੀ ਕ੍ਰਿਸ਼ਮਾਈ ਸ਼ਖਸੀਅਤ ਦਾ ਸਭ ਤੋਂ ਮਜ਼ਬੂਤ ਪਹਿਲੂ ਇਹ ਹੀ ਹੈ ਕਿ ਉਹ ਮਿਲਣ ਵਾਲਿਆਂ ਨੂੰ ਬਹੁਤ ਹੀ ਪਿਆਰ ਅਤੇ ਖ਼ਲੂਸ ਨਾਲ ਮਿਲਣ ਤੋਂ ਇਲਾਵਾ ਹਰ ਵਿਅਕਤੀ ਨੂੰ ਇੱਜ਼ਤ ਦਿੰਦੇ ਹਨ, ਉਹ ਭਾਵੇਂ ਉਨ੍ਹਾਂ ਤੋਂ ਛੋਟਾ ਹੋਵੇ ਜਾਂ ਵੱਡਾ। ਉਹ ਲੋਕਾਂ ਦੇ ਨਾਂਅ ਯਾਦ ਰੱਖ ਉਨ੍ਹਾਂ ਨੂੰ ਨਾਂਅ ਨਾਲ ਬੁਲਾਉਂਦੇ ਹਨ ਜਿਸ ਵਿਚੋਂ ਅਪਣੱਤ ਝਲਕਦੀ ਹੈ। ਖਿੜੇ ਮੱਥੇ ਮਿਲਣਾ-ਬੁਲਾਉਣਾ ਉਨ੍ਹਾਂ ਦੀ ਜੀਵਨ ਜਾਚ ਦਾ ਇਕ ਅਹਿਮ ਹਿੱਸਾ ਹੈ। ਸੁਣਿਆ ਅਤੇ ਵੇਖਿਆ ਵੀ ਹੈ ਕਿ ਉਹ ਜੇ ਕਿਸੇ ਨਾਲ ਕਿਸੇ ਖ਼ਾਸ ਕਾਰਨ ਕਰਕੇ ਬਹੁਤ ਜ਼ਿਆਦਾ ਹੀ ਨਾਰਾਜ਼ ਨਾ ਹੋਣ ਤਾਂ ਇੰਜ ਮਿਲਦੇ ਹਨ ਕਿ ਉਨ੍ਹਾਂ ਸਾਹਮਣੇ ਰੋਸੇ ਗਿਲੇ ਲੈ ਕੇ ਆਏ ਵਿਅਕਤੀ ਵੀ ਉਨ੍ਹਾਂ ਨੂੰ ਮਿਲ ਕੇ ਸੰਤੁਸ਼ਟ ਅਤੇ ਖੁਸ਼ ਹੋ ਕੇ ਹੀ ਮੁੜਦੇ ਹਨ।

ਇਸ ਤਰ੍ਹਾਂ ਦੇ ਵਿਅਕਤੀ ਦੀ ਸੁਰੱਖਿਆ ਬਹੁਤ ਸਖ਼ਤ ਹੋਣੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਦੇ ਵਿਅਕਤੀ ਦੀ ਸੁਰੱਖਿਆ ਟੀਮ ਵੀ ਕਾਇਦੇ ਅਨੁਸਾਰ ਬਹੁਤ ਹੀ ਸਲੀਕੇ ਵਾਲੀ ਹੋਣੀ ਚਾਹੀਦੀ ਹੈ। ਲੀਡਰ ਦੇ ਨਾਲ ਹਰ ਵੇਲੇ ਰਹਿਣ ਵਾਲੇ ਲੋਕਾਂ ’ਤੇ ਉਸ ਆਗੂ ਦੀ ਸ਼ਖਸ਼ੀਅਤ ਦਾ ਅਸਰ ਤਾਂ ਨਜ਼ਰ ਆਉਣਾ ਹੀ ਚਾਹੀਦਾ ਹੈ। ਉਂਜ ਵੀ ਮੁੱਖ ਮੰਤਰੀ ਨੇ ਸਾਰਾ ਦਿਨ ਹਾਰੀ ਸਾਰੀ ਲੋਕਾਂ ਨੂੰ ਨਹੀਂ ਮਿਲਣਾ ਹੁੰਦਾ ਪਰ ਜਦ ਉਹ ਆਮ ਲੋਕਾਂ ਨੂੰ ਵੀ ਮਿਲਦੇ ਹਨ ਤਾਂ ਇਹ ਭਾਵਨਾ ਵੀ ਸੁਰੱਖਿਆ ਟੀਮ ਦੇ ਮਨ ਵਿਚ ਰਹਿਣੀ ਚਾਹੀਦੀ ਹੈ ਕਿ ਉਹ ਲੋਕਾਂ ਦੇ ਮੁੱਖ ਮੰਤਰੀ ਹਨ।

ਮੇਰੀ ਜਾਚੇ ਕੋਈ ਵੀ ਮੁੱਖ ਮੰਤਰੀ ਸਭਨਾਂ ਦਾ ਹੁੰਦਾ ਹੈ। ਉਹਨਾਂ ਦਾ ਵੀ ਜਿਨ੍ਹਾਂ ਨੇ ਉਨ੍ਹਾਂ ਨੂੂੰ ਵੋਟਾਂ ਨਾ ਪਾਈਆਂ ਹੋਣ। ਮੁੱਖ ਮੰਤਰੀ ਦੀ ਸੁਰੱਖਿਆ ਟੀਮ ਕੋਲ ਮੁੱਖ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੋ ਸਕਦੀ ਹੈ, ਇਹ ਉਨ੍ਹਾਂ ਦੀ ਸੇਵਾ ਦਾ ਹਿੱਸਾ ਹੈ, ਮੁੱਖ ਮੰਤਵ ਹੈ ਪਰ ਇਹ ਪ੍ਰਭਾਵ ਨਹੀਂ ਜਾਣਾ ਚਾਹੀਦਾ ਕਿ ਸੀ.ਐਮ. ਸਕਿਉਰਿਟੀ ਦੇ ਇੰਚਾਰਜ ‘ਸਕਿਉਰਿਟੀ ਐਡਵਾਈਜ਼ਰ’ ਤੋਂ ਲੈ ਕੇ ਕਿਸੇ ਸਿਪਾਹੀ ਤਕ ਦਾ ਮੁੱਖ ਮੰਤਰੀ ਉੱਤੇ ਆਮ ਲੋਕਾਂ ਨਾਲੋਂ ਵੱਧ ਅਧਿਕਾਰ ਹੈ ਤੇ ਦੂਜਿਆਂ ਦਾ ਕੁਝ ਘੱਟ।

ਮੇਰੀ ਜਾਚੇ ਮੁੱਖ ਮੰਤਰੀ ਪੰਜਾਬ ਦੇ ਹਰ ਬਾਸ਼ਿੰਦੇ ਦਾ ਮੁੱਖ ਮੰਤਰੀ ਹੈ। ਕੋਈ ਮੁੱਖ ਮੰਤਰੀ ਇਸੇ ਕਰਕੇ ਮੁੱਖ ਮੰਤਰੀ ਹੈ ਕਿ ਲੋਕਾਂ ਨੇ ਉਸਨੂੰ ਪਹਿਲਾਂ ਚਾਹਿਆ ਅਤੇ ਫ਼ਿਰ ਚੁਣਿਆ। ਮੁੱਖ ਮੰਤਰੀ ਹੋਣਾ, ਕੁਝ ਇਕ ਕੇਸਾਂ ਨੂੰ ਛੱਡ ਕੇ, ਉਸ ਸ਼ਖਸ਼ੀਅਤ ਦੀ ਮਕਬੂਲੀਅਤ ਦਾ ਪੈਮਾਨਾ ਹੈ।

ਮੁੱਖ ਮੰਤਰੀ ਭਾਵੇਂ ਸਾਰਿਆਂ ਦਾ ਹੋਵੇ ਪਰ ਇੰਨਾ ਕੁ ਫ਼ਰਕ ਫ਼ਿਰ ਵੀ ਰਹੇਗਾ ਕਿ ਵਿਰੋਧੀ ਪਾਰਟੀਆਂ ਦੇ ਲੋਕ ਉਸ ਪ੍ਰਤੀ ਕੁਝ ਹੋਰ ਭਾਵਨਾ ਰੱਖਣਗੇ ਜਦਕਿ ਸੱਤਾਧਾਰੀ ਧਿਰ ਦੇ ਆਗੂ ਅਤੇ ਵਰਕਰਾਂ ਦੀ ਭਾਵਨਾ ਕੁਝ ਹੋਰ ਹੋਵੇਗੀ। ਇਸ ਲਈ ਇਹ ਕਹਿਣ ਵਿਚ ਮੈਨੂੂੰ ਕੋਈ ਝਿਜਕ ਨਹੀਂ ਕਿ ਮੁੱਖ ਮੰਤਰੀ ਉਨ੍ਹਾਂ ਆਗੂਆਂ ਅਤੇ ਵਰਕਰਾਂ ਦਾ ਮੁੱਖ ਮੰਤਰੀ ਪਹਿਲਾਂ ਹੈ ਜਿਹੜੇ ਰਾਜ ਅੰਦਰ ਆਪਣੀ ਪਾਰਟੀ ਸੱਤਾ ਵਿਚ ਨਾ ਹੋਣ ’ਤੇ ਵੀ ਉਹਨਾਂ ਲਈ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹਨ, ਉਹਨਾਂ ਦੇ ਜਲਸਿਆਂ ਲਈ ਦਰੀਆਂ ਵਿਛਾਉਂਦੇ, ਝੰਡੇ ਲਾਉਂਦੇ, ਲੋਕ ਜੁਟਾਉਂਦੇ, ਮਾਰਚ ਕੱਢਦੇ, ਨਾਅਰੇ ਮਾਰਦੇ ਤੈ ਦੂਜੀਆਂ ਪਾਰਟੀਆਂ ਦੇ ਲੋਕਾਂ ਨਾਲ ਤਕਰਾਰ ਕਰਨ ਤੋਂ ਲੜਨ ਭਿੜਣ ਤਕ ਜਾਂਦੇ ਹਨ। ਹੇਠਲੇ ਆਗੂਆਂ ਅਤੇ ਵਰਕਰਾਂ ਦੀ ਇਸ ਜਮਾਤ ਤੋਂ ਬਿਨਾਂ ਸ਼ਾਇਦ ਕੋਈ ਵਿਧਾਇਕ ਨਾ ਬਣ ਸਕੇ, ਕੋਈ ਮੰਤਰੀ ਹੋਣ ਦਾ ਮਾਣ ਹਾਸਿਲ ਨਾ ਕਰ ਸਕੇ ਅਤੇ ਕੋਈ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਰਾਜਮਾਨ ਨਾ ਹੋ ਸਕੇ।

ਜਿਹੜਾ ਨੁਕਤਾ ਮੈਂ ਉਠਾ ਰਿਹਾ ਹਾਂ, ਉਸ ਬਾਰੇ ਕੁਝ ਹੋ ਸਕੇਗਾ ਜਾਂ ਨਹੀਂ, ਇਸ ਵੱਲ ਕੋਈ ਖ਼ਿਆਲ ਕਰੇਗਾ ਜਾਂ ਨਹੀਂ, ਇਹ ਗੱਲ ਕਿਸੇ ਨੂੰ ਹਜ਼ਮ ਵੀ ਹੋਏਗੀ ਜਾਂ ਨਹੀਂ, ਇਸ ਗੱਲ ਨੂੰ ਨੱਪ ਹੀ ਲਿਆ ਜਾਵੇਗਾ ਜਾਂ ਫ਼ਿਰ ਇਸ ਗੱਲ ਨੂੰ ਗੰਭੀਰਤਾ ਨਾਲ ਲੈ ਕੇ ਇਸ ਬਾਰੇ ਕੁਝ ਸੋਚਿਆ ਜਾਵੇਗਾ, ਇਸ ਬਾਰੇ ਕੋਈ ਪੇਸ਼ੀਨਗੋਈ ਨਹੀਂ ਕੀਤੀ ਜਾ ਸਕਦੀ ਪਰ ਇਸ ਦਾ ਮਤਲਬ ਇਹ ਵੀ ਨਹੀਂ ਹੁੰਦਾ ਕਿ ਗੱਲ ਕੀਤੀ ਹੀ ਨਾ ਜਾਵੇ।

ਗੱਲ ਇਸ ਵੇਲੇ ਨਿਸਚੇ ਹੀ ਕੈਪਟਨ ਅਮਰਿੰਦਰ ਸਿੰਘ ਦੀ ਹੀ ਹੋਏਗੀ ਕਿਉਂਕਿ ਇਸ ਵੇਲੇ ਰਾਜ ਉਨ੍ਹਾਂ ਦਾ ਹੈ ਅਤੇ ਇਹ ਰਾਜ ਅਜੇ 4 ਸਾਲ 5 ਮਹੀਨੇ ਹੋਰ ਚੱਲਣ ਵਾਲਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵਾਲੇ ਅਮਲੇ ਦਾ ਵਤੀਰਾ, ਬੋਲ ਬਾਣੀ ਅਤੇ ‘ਬਾਡੀ ਲੈਂਗੁਏਜ’ ਕੀ ਉਨ੍ਹਾਂ ਦੀ ਸ਼ਖਸ਼ੀਅਤ ਦੇ ਨਾਲ ਫੱਬਦੀ ਨਹੀਂ ਹੋਣੀ ਚਾਹੀਦੀ, ਉਹਨਾਂ ਦੇ ਸੁਭਾਅ ਦੇ ਮੇਚ ਨਹੀਂ ਹੋਣੀ ਚਾਹੀਦੀ। ਲੱਗਦੈ ਤਾਂ ਹੈ ਕਿ ਹੋਣੀ ਚਾਹੀਦੀ ਹੈ।

ਇਹ ਨਹੀਂ ਕਿ ਸੀ.ਐਮ. ਸਕਿਉਰਿਟੀ ਵੱਲੋਂ ਆਪਣੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੀ ਦੁਹਾਈ ਦੇ ਕੇ ਲੋਕਾਂ ਨਾਲ ਵਧੀਕੀ ਕੋਈ ਪਹਿਲੀ ਵਾਰ ਹੋਈ ਹੈ ਅਤੇ ਜਲੰਧਰ ਵਿਚ ਹੀ ਹੋਈ ਹੈ। ਪਿਛਲੇ ਸਮਿਆਂ ਵਿਚ ਵੀ ਸਾਬਕਾ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਵੱਲੋਂ ਕੀਤੀਆਂ ਵਧੀਕੀਆਂ ਸਾਹਮਣੇ ਆਉਂਦੀਆਂ ਰਹੀਆਂ ਹਨ। ਸੀ.ਐਮ. ਸੁਰੱਖਿਆ ਦੇ ਪਹਿਲੇ ਇੰਚਾਰਜਾਂ ਦੀ ਕਮਾਨ ਹੇਠ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਹਨ। ਕਾਰਨ ਤਾਂ ਸੰਬੰਧਤ ਲੋਕਾਂ ਨੂੰ ਹੀ ਲੱਭਣੇ ਪੈਣਗੇ ਪਰ ‘ਫ਼ੋਰਸ’ ਦੇ ਵਤੀਰੇ ਨੂੰ ਸਮਝਣ ਅਤੇ ਜੇ ਸਮਝਿਆ ਜਾਵੇ ਤਾਂ ਉਸ ਵਿਚ ਤਬਦੀਲੀ ਦੀ ਲੋੜ ਭਾਸਦੀ ਹੈ। ਉਂਜ ਜਲੰਧਰ ਵਿਚ ਜੋ ਹੋਇਆ ਉਹ ਕੇਵਲ ਇਕ ਪੱਤਰਕਾਰ, ਜਿਹੜਾ ਕੁਦਰਤੀ ਮੈਂ ਸਾਂ, ਨਾਲ ਹੀ ਨਹੀਂ ਹੋਇਆ। ਸੀ.ਐਮ. ਸਕਿਉਰਿਟੀ ਦੀ ਬੇਲੋੜੀ ਸਖ਼ਤੀ ਦਾ ਸ਼ਿਕਾਰ ਕਾਂਗਰਸ ਦੇ ਬਹੁਤ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਵੀ ਹੋਣਾ ਪਿਆ ਹੈ।

ਅਸੀਂ ਲੋਕ ਸੰਵੇਦਨਸ਼ੀਲ ਹੋ ਕੇ ਨਹੀਂ ਸੋਚਦੇ। ਆਉ ਜ਼ਰਾ ਸੰਵੇਦਨਾਵਾਂ ਦੀਆਂ ਲਹਿਰਾਂ ’ਤੇ ਤਾਰੀਆਂ ਲਾ ਅੰਦਰਲੇ ਦ੍ਰਿਸ਼ ’ਤੇ ਝਾਤ ਮਾਰੀਏ। ਆਉ ਜ਼ਰਾ ਸੋਚ ਕੇ ਵੇਖੀਏ ਕਿ ਕਾਂਗਰਸ ਦੇ ਕਈ ਆਗੂ ਅਤੇ ਵਰਕਰ ਉਸ ਸਵੇਰ ਆਮ ਨਾਲੋਂ ਘੰਟਾ ਦੋ ਘੰਟੇ ਪਹਿਲਾਂ ਉੱਠੇ ਹੋਣਗੇ, ਬਈ ਅੱਜ ਸਾਡੇ ਸੀ.ਐਮ. ਨੇ ਆਉਣੈ। ਪੱਗਾਂ ਸੁਆਰ ਕੇ ਬੰਨ੍ਹੀਆਂ ਹੋਣਗੀਆਂ ਕਿ ਜਿਸ ਕੈਪਟਨ ਅਮਰਿੰਦਰ ਸਿੰਘ ਨੂੰ ਅਸਾਂ 7 ਮਹੀਨੇ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ’ਤੇ ਬਿਠਾਉਣ ਵਿਚ ਸਫ਼ਲਤਾ ਹਾਸਿਲ ਕੀਤੀ ਸੀ ਉਹ ਅੱਜ ਪਹਿਲੀ ਵਾਰ ਆਪਣੇ ਸ਼ਹਿਰ ਆ ਰਹੇ ਨੇ। ਕਈ ਸੱਜਣਾ ਨੇ ਸ਼ੀਸ਼ੇ ਅੱਗੇ ਖੜ੍ਹ ਕੰਘੀ ਜਾਂ ਬੁਰਸ਼ ਵਾਲਾਂ ਵਿਚ ਮਾਰਦਿਆਂ ਪੰਜ ਮਿੰਟ ਫ਼ਾਲਤੂ ਲਾਏ ਹੋਣਗੇ। ਉਤਸਾਹਿਤ ਆਗੂਆਂ ਅਤੇ ਵਰਕਰਾਂ ਨੇ ਤਾਜ਼ੇ ‘ਡਰਾਈਕਲੀਨ’ ਕਰਾਏ ਕੁਰਤੇ ਪਜਾਮੇ ’ਤੇ ਵਾਸਕਟਾਂ ਪਹਿਣ ਆਪਣੇ ਆਪ ਨੂੰ ਨਿਹਾਰਿਆ ਹੋਵੇਗਾ ਬਈ ਅੱਜ ਕੈਪਟਨ ਸਾਹਿਬ ਨੂੰ ਮਿਲਣੈ, ਹੱਥ ਮਿਲਾਵਾਂਗੇ, ਫ਼ੋਟੋ ਲੁਹਾਵਾਂਗੇ, ਸੈਲਫ਼ੀ ਖਿੱਚਾਂਗੇ। ਹੇਠਲੇ ਆਗੂਆਂ ਅਤੇ ਵਰਕਰਾਂ ਲਈ ਇਹ ਬੜੀ ਵੱਡੀ ਗੱਲ, ਬੜੀ ਵੱਡੀ ਸੁਗਾਤ ਅਤੇ ਬੜਾ ਵੱਡਾ ਮਾਣ ਹੁੰਦਾ ਹੈ। ਇਸ ਪੱਧਰ ਦੇ ਨੇਤਾਵਾਂ ਲਈ ਇਹ ਗੱਲਾਂ ਆਪਣੇ ਪਰਿਵਾਰਾਂ ਵਿਚ, ਆਪਣੇ ਦੋਸਤਾਂ ਵਿਚ ਅਤੇ ਆਪਣੇ ਹੋਰ ‘ਸਰਕਲ’ ਵਿਚ ਆਪਣੇ ਪਾਰਟੀ ਨਾਲ ਜੁੜਨ ਅਤੇ ਉਸ ਲਈ ਮਿਹਨਤ ਕਰਨ ਨੂੰ ‘ਜਸਟੀਫ਼ਾਈ’ ਕਰਨ ਦਾ ਸਾਧਨ ਹੁੰਦਾ ਹੈ।

ਮੁੱਖ ਮੰਤਰੀ ਸੁਰੱਖਿਆ ਟੀਮ ਦੇ ਸਾਰੇ ਹੀ ਲੋਕ ਗ਼ਲਤ ਹੋਣ, ਐਸੀ ਵੀ ਗੱਲ ਨਹੀਂ ਹੋਣੀ ਅਤੇ ਮੁੱਖ ਮੰਤਰੀ ਸੁਰੱਖਿਆ ਹੀ ਇਸ ਸਾਰੇ ਕਾਸੇ ਲਈ ਜ਼ਿੰਮੇਵਾਰ ਹੈ ਇਹ ਵੀ ਨਹੀਂ ਮੰਨਿਆ ਜਾ ਸਕਦਾ ਪਰ ਇਹ ਵੀ ਨਹੀਂ ਹੋਣਾ ਕਿ ਜੋ 26 ਅਕਤੂਬਰ ਨੂੰ ਮੁੱਖ ਮੰਤਰੀ ਦੀ ਹਾਜ਼ਰੀ ਵਿਚ ਜਲੰਧਰ ਵਿਚ ਵਾਪਰਿਆ ਜਾਂ ਹੋਰਨਾਂ ਥਾਂਵਾਂ ’ਤੇ ਇਸ ਫ਼ੋਰਸ ਹੱਥੋਂ ਲੋਕਾਂ ਨੂੰ ਹੰਢਾਉਣਾ ਪੈਂਦਾ ਹੈ, ਉਸਦੀ ਜ਼ਿੰਮੇਵਾਰੀ ਕਿਸੇ ਹੋਰ ਸਿਰ ਸੁੱਟ ਦੇਈਏ। ਜਿਹੜਾ ਫਰੰਟ ਆਈ.ਜੀ. ਵਜੋਂ ਸੇਵਾ ਮੁਕਤੀ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਖ਼ਾਸ ਤੌਰ ’ਤੇ ‘ਸੁਰੱਖਿਆ ਸਲਾਹਕਾਰ’ ਵਜੋਂ ਨਿਯੁਕਤ ਕੀਤੇ ਗਏ ਸ੍ਰੀ ਖੂਬੀ ਰਾਮ ਐਂਡ ਕੰਪਨੀ ਨੇ ਸੰਭਾਲਣਾ ਹੈ ਉਹਦੇ ਵਿਚ ਕੋਈ ਫੁੱਲਾਂ ਦੇ ਹਾਰ ਮਿਲਣਗੇ ਤਾਂ ਉਹ ਵੀ ਖੂਬੀ ਰਾਮ ਹੁਰਾਂ ਦੇ ਗ਼ਲ ਹੀ ਪੈਣੇ ਨੇ ਅਤੇ ਜੇ ਕੋਈ ਅਲੋਚਨਾ ਹੋਈ ਤਾਂ ਕਿਸੇ ਤੇਲੂ ਰਾਮ ਸਿਰ ਨਹੀਂ ਪੈਣੀ, ਖੂਬੀ ਰਾਮ ਹੁਰਾਂ ਦੀ ਹੀ ਝੋਲੀ ਪਵੇਗੀ। ਮੌਕੇ ’ਤੇ ਪਲਾਨਿੰਗ ਪਾਸ ਹੋਵੇ ਜਾਂ ਫੇਲ੍ਹ, ਉਹ ਪਾਸ ਵੀ ਖੂਬੀ ਰਾਮ ਹੁਰੀਂ ਹੋਣਗੇ, ‘ਫ਼ੇਲੀਅਰ’ ਵੀ ਖੂਬੀ ਰਾਮ ਹੁਰਾਂ ਦਾ ਹੀ ਗਿਣਿਆ ਜਾਵੇਗਾ।

26 ਅਕਤੂਬਰ ਨੂੰ ਹਾਲ ਇਹ ਰਿਹਾ ਕਿ ਜਲੰਧਰ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਆਮਦ ’ਤੇ ਸੀ.ਐਮ.ਸਕਿਉਰਿਟੀ ਮੁਰਦਾਬਾਦ ਦੇ ਨਾਅਰੇ ਹੀ ਨਹੀਂ ਗੂੰਜੇ ਸਗੋਂ ਸਥਾਨਕ ਪੱਧਰ ’ਤੇ ਕਾਂਗਰਸ ਦੇ ਕੁਝ ਜਾਣੇ ਪਛਾਣੇ ਚਿਹਰੇ ਇਸ ਸੁਰੱਖਿਆ ਅਧਿਕਾਰੀ ਹੱਥੋਂ ਬੇਇੱਜ਼ਤੀ ਅਤੇ ਮਾੜੇ ਬੋਲਾਂ ਤੋਂ ਇੰਨੇ ਭਰੇ-ਪੀਤੇ ਪਏ ਸਨ ਕਿ ਮੌਕਾ ਮਿਲਦਿਆਂ ਹੀ ਉਹ ਸੀ.ਐਮ. ਸਕਿਉਰਿਟੀ ਦੇ ਉਸੇ ਖ਼ਾਸ ਸਟਾਫ਼ ਮੈਂਬਰ ਨੂੰ ਘੇਰਣ ਵਿਚ ਸਫ਼ਲ ਹੋ ਗਏ ਜਿਸਨੂੰ ਉਸਦੇ ਦੂਜੇ ਸਾਥੀਆਂ ਨੂੰ ਵਿਚ ਪੈ ਕੇ ਛੁਡਾਉਣਾ ਪਿਆ। ਹੋ ਸਕਦੈ ਕੋਈ ਆਖ਼ੇ ਕਿ ਇਹ ਹੁੰਦਾ ਹੀ ਰਹਿੰਦਾ ਹੈ, ਬੜੇ ਬੜੇ ਸ਼ਹਿਰੋਂ ਮੇਂ ਛੋਟੀ ਛੋਟੀ ਬਾਤੇਂ ਹੋਤੀ ਹੀ ਰਹਿਤੀ ਹੈਂ ਤਾਂ ਇਹ ਇਕ ਵਿਚਾਰ ਹੋ ਸਕਦਾ ਹੈ ਪਰ ਉਨ੍ਹਾਂ ਕਾਂਗਰਸੀਆਂ ਨੂੰ ਪੁੱਛ ਕੇ ਵੇਖੋ ਜਿਹੜੇ ਆਪਣੇ ਘਰਾਂ ਵਿਚ ਜਾ ਕੇ ਇਹ ਦੱਸ ਵੀ ਨਹੀਂ ਸਕੇ ਹੋਣਗੇ ਕਿ ਅੱਜ ਉਨ੍ਹਾਂ ਨਾਲ ਕੀ ਜੱਗੋਂ ਤੇਰ੍ਹਵੀਂ ਹੋਈ। ਘਰ ਪੁੱਜ ਕੇ ਬੀਵੀ ਅਤੇ ਬੱਚਿਆਂ ਨੂੰ ਇਹ ਦੱਸਣਾ ਬੜਾ ਔਖਾ ਹੁੰਦਾ ਹੈ ਕਿ ਜਿਹੜੀ ਪਾਰਟੀ ਲਈ ਉਹ ਘਰ ਪਰਿਵਾਰ ਦਾ ਸਮਾਂ ਗੁਆ ਕੇ, ਕੰਮਾਂ ਕਾਰਾਂ ਦਾ ਹਰਜ਼ ਕਰਕੇ, ਵਿਰੋਧੀਆਂ ਨਾਲ ਵੈਰ ਕਮਾ ਕੇ, ਵਰਿ੍ਹਆਂ ਤੋਂ ਇਸ ਆਸ ’ਤੇ ਮਿਹਨਤ ਕਰਦੇ ਰਹੇ ਕਿ ‘ਸਾਡੀ ਸਰਕਾਰ’ ਆਵੇਗੀ, ਉਸ ਸਰਕਾਰ ਦੇ ਆਉਣ ’ਤੇ ਅਤੇ ‘ਆਪਣੇ ਕੈਪਟਨ ਸਾਹਿਬ’ ਦੇ ਆਉਣ ’ਤੇ ਉਹ ਕਿਵੇਂ ਜ਼ਲੀਲ ਹੋ ਕੇ ਮੁੜੇ ਹਨ। ਇਹ ਦੱਸਣਾ ਬੜਾ ਹੀ ਔਖਾ ਹੈ ਕਿ ਕੈਪਟਨ ਸਾਹਿਬ ਨਾਲ ਹੱਥ ਕੀ, ਨਜ਼ਰ ਵੀ ਨਹੀਂ ਮਿਲੀ, ਕਿ ਫ਼ੋਟੋ ਕੀ ਹੋਣੀ ਸੀ, ਨੇੜੇ ਹੀ ਨਹੀਂ ਫ਼ੜਕਣ ਦਿੱਤਾ, ਕਿ ਸੈਲਫ਼ੀ ਤਾਂ ਕੀ ਹੋਣੀ ਸੀ, ਸ਼ੁਕਰ ਕਰੋ ਮੋਬਾਇਲ ਸਾਬਿਤ ਲੈ ਕੇ ਘਰ ਮੁੜ ਆਏ ਹਾਂ।

ਮੇਰਾ ਆਪਣਾ ਮੰਨਣਾ ਹੈ ਕਿ 26 ਅਕਤੂਬਰ ਜਿਹੇ ਵਰਤਾਰੇ ਕਰਕੇ ਜਿਹੜੀ ਫ਼ੋਰਸ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਸੁਰੱਖਿਆ ਦੇ ਨਾਲ ਨਾਲ ਉਹਨਾਂ ਨੂੰ ਕਿਸੇ ‘ਐਮਬੈਰੈਸਮੈਂਟ’ ਤੋਂ ਬਚਾਉਣਾ ਹੈ, ਉਹ ਆਪ ਹੀ ਇਕ ਵੱਡੀ ‘ਐਮਬੈਰੈਸਮੈਂਟ’ ਦਾ ਕਾਰਣ ਬਣ ਗਈ।

ਜਲੰਧਰ ਵਿਚ ਸੀ.ਐਮ. ਦੀ ਸੁਰੱਖਿਆ ਟੀਮ ਦੇ ਜਿਸ ਮੈਂਬਰ ਨੇ ‘ਇਕ ਪੱਤਰਕਾਰ’ ਨਾਲ ਅਤੇ ਅਨੇਕਾਂ ਕਾਂਗਰਸੀਆਂ ਨਾਲ ਮੁੱਖ ਮੰਤਰੀ ਦੀ ਸੁਰੱਖਿਆ ਦੀ ਆੜ ਵਿਚ ਵਧੀਕੀ ਅਤੇ ਬਦਤਮੀਜ਼ੀ ਕੀਤੀ ਉਸ ਨੂੰ ਵੀ ਤਾਂ ਇਹ ਪਤਾ ਹੀ ਹੋਵੇਗਾ ਕਿ ਮੀਡੀਆ ਕਰਮੀਆਂ ਸਣੇ ਇਹ ਸਾਰੇ ਹੀ ਲੋਕੋ ਮੈਟਲ ਡਿਟੈਕਟਰਾਂ ਰਾਹੀਂ ਲੰਘ ਕੇ ਅਤੇ ਆਪਣੀ ਸੁਰੱਖਿਆ ਜਾਂਚ ਕਰਵਾ ਕੇ ਹੀ ਹੋਟਲ ਦੇ ਅੰਦਰ ਆਏ ਸਨ। ਇੰਜ ਜਾਂਚ ਪਰਖ਼ ਕੇ ਆਏ ਪੱਤਰਕਾਰ ਤੋਂ ਜਾਂ ਕਾਂਗਰਸ ਵਰਕਰਾਂ ਤੋਂ ਮੁੱਖ ਮੰਤਰੀ ਨੂੰ ਕਿਹੜਾ ਖ਼ਤਰਾ ਸੀ ਜੋ ਇਸ ਤਰ੍ਹਾਂ ਦਾ ਵਤੀਰਾ ਅਪਨਾਉਣਾ ਪੈ ਗਿਆ?

ਹੁਣ ਅੰਦਰਲੀ ਖ਼ਬਰ ਇਹ ਹੈ ਕਿ ਮੁੱਖ ਮੰਤਰੀ ਦੀ ਸੁਰੱਖਿਆ ਟੀਮ ਦੇ ਇਸ ‘ਰੰਗਲੇ ਸੱਜਣ’ ਨੂੰ ਬਚਾਉਣ ਲਈ ਖੂਬੀ ਰਾਮ ਜੀ ਖੂਬ ਖੇਡਾਂ ਖ਼ੇਡ ਰਹੇ ਨੇ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਉਸ ‘ਰੰਗਲੇ ਸੱਜਣ’ ਦੇ ਸਿਪਾਹੀ ਜਾਂ ਹੌਲਦਾਰ ਹੋਣ ਦੀ ਗੱਲ ਉਡਾਈ ਗਈ ਪਰ ਹੁਣ ਖ਼ਬਰ ਇਹ ਹੈ ਕਿ ਉਹ ਖੂਬੀ ਰਾਮ ਜੀ ਹੇਠ ਕੋਈ ਅਫ਼ਸਰ ਹੈ ਅਤੇ ਖੂਬੀ ਰਾਮ ਹੁਰੀਂ ਆਪਣੀ ਖੂਬੀ ਇਹ ਵਿਖਾ ਰਹੇ ਨੇ ਕਿ ਮੈਂ ਆਪਣੇ ਅਫ਼ਸਰ ਦੇ ਨਾਲ ਖੜ੍ਹਾ ਹਾਂ। ਜਿਹੜੇ ਕਾਂਗਰਸੀਆਂ ਨੇ ਉਸ ਹੱਥੋਂ ਆਪਣੀ 26 ਅਕਤੂਬਰ ਖ਼ਰਾਬ ਕਰਵਾਈ ਹੈ, ਉਹ ਕੀ ਸੋਚਦੇ ਨੇ ਇਹ ਤਾਂ ਪਤਾ ਨਹੀਂ ਪਰ ਮੈਨੂੰ ਕੋਈ ਇਤਰਾਜ਼ ਨਹੀਂ ਹੈ। ਮੈਂ ਖੂਬੀ ਰਾਮ ਜੀ ਦੇ ਨਾਲ ਹਾਂ। ਕਿਸੇ ਫ਼ੋਰਸ ਤੋਂ ਕੰਮ ਲੈਣ ਲਈ ਉਸ ਫ਼ੋਰਸ ਨਾਲ ਖੜ੍ਹਣਾ ਹੀ ਪੈਂਦਾ ਹੈ ਪਰ ਜਿਹੜਾ ਸਵਾਲ ਮੈਨੂੰ ਤੰਗ ਕਰ ਰਿਹਾ ਹੈ ਉਹ ਇਹ ਹੈ ਕਿ ਖੂਬੀ ਰਾਮ ਜੀ ਨੇ ਕੈਪਟਨ ਅਮਰਿੰਦਰ ਸਿੰਘ ਜਿਹੀ ਪ੍ਰੇਰਨਾਮਈ ਅਤੇ ‘ਕਲਚਰਡ’ ਸ਼ਖਸੀਅਤ ਨਾਲ ਇੰਨੇ ਸਾਲ ਕੰਮ ਕਰਕੇ ਕੀ ਇਹੀ ਪ੍ਰੇਰਨਾ ਲਈ ਤੇ ਦੂਜੇ ਉਹ ਇਸ ਨੌਜਵਾਨ ਅਧਿਕਾਰੀ ਨੂੂੰ ਕੀ ਸਿਖਾ ਰਹੇ ਹਨ। ਇਕ ਹੋਰ ਸਵਾਲ ਇਹ ਹੈ ਕਿ ਕੀ ਇਸ ਵਿੰਗ ਦੇ ਮੁੱਖ ਅਧਿਕਾਰੀ ਦੀ ਪਹਿਲ ਮੁੱਖ ਮੰਤਰੀ ਦੀ ਸਾਖ਼ ਹੋਣੀ ਚਾਹੀਦੀ ਹੈ ਜਾਂ ਫ਼ਿਰ ਕਿਸੇ ਗ਼ਲਤ ਵਤੀਰੇ ਵਾਲੇ ‘ਰੰਗਲੇ ਸੱਜਣ’ ਨੂੰ ਢੱਕ ਕੇ ਰੱਖਣ ਅਤੇ ਉਸਦੀ ਪੁਸ਼ਤਪਨਾਹੀ ਕਰਨੀ।

ਇਸੇ ਮਾਮਲੇ ਵਿਚ ਪੱਤਰਕਾਰ ਨਾਲ ਵਧੀਕੀ ਕਰਕੇ ਮੌਕੇ ’ਤੇ ਗ਼ਲਤੀ ਕਰ ਗਏ ਜਲੰਧਰ ਦੇ ਪੁਲਿਸ ਕਮਿਸ਼ਨਰ ਸ੍ਰੀ ਪ੍ਰਵੀਨ ਸਿਨ੍ਹਾ ਆਪਣੀ ਗ਼ਲਤੀ ਨੂੰ ਸਵੀਕਾਰ ਕਰਨ ਦੀ ਹਿੰਮਤ ਵਿਖਾਉਂਦੇ ਹੋਏ ਬਿਨਾਂ ਸ਼ਰਤ ਪੱਤਰਕਾਰਾਂ ਤੋਂ ਖ਼ਿਮਾ ਜਾਚਨਾ ਕਰ ਸਕਦੇ ਹਨ ਤਾਂ ਕੀ ਬੱਜਰ ਗ਼ਲਤੀ ਕਰਨ ਵਾਲੇ ਸੀ.ਐਮ.ਸਕਿਉਰਿਟੀ ਦੇ ‘ਰੰਗਲੇ ਸੱਜਣ’ ਨੂੰ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਥਾਨਕ ਸਰਕਾਰਾਂ ਮੰਤਰੀ ਸ: ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਵਿਚ 24 ਘੰਟੇ ਵਿਚ ਕੀਤੇ ਪੱਤਰਕਾਰਾਂ ਨਾਲ ਕੀਤੇ ਐਕਸ਼ਨ ਦੇ ਕਰਾਰ ਨੂੰ ਵੀ ਦਾਅ ’ਤੇ ਲਾਇਆ ਜਾ ਸਕਦਾ ਹੈ? ਦੁਹਰਾਉਣਾ ਸਹੀ ਰਹੇਗਾ ਕਿ ਭਰੋਸਾ ਪੱਤਰਕਾਰਾਂ ਨੂੰ ਦਿੱਤਾ ਗਿਆ ਸੀ, ਮੀਡੀਆ ਨੂੰ।

ਖ਼ੈਰ, ‘ਰੰਗਲੇ ਸੱਜਣਾਂ’ ਨੂੰ ਬਚਾਉਣ ਲਈ ਮਹਿਕਮਿਆਂ ਦੀ ਇੱਜ਼ਤ ਦਾਅ ’ਤੇ ਲਾ ਦੇਣ ਦੀ ਖ਼ੇਡ ਪੁਰਾਣੀ ਹੈ। ਖ਼ੂਬੀ ਰਾਮ ਹੁਰੀਂ ਕੋਈ ਪਹਿਲੇ ਅਤੇ ਆਖ਼ਰੀ ‘ਕਮਾਂਡਰ’ ਨਹੀਂ ਹਨ ਜੋ ਇਹ ਖ਼ੇਡ ਖ਼ੇਡ ਰਹੇ ਹਨ। ਉਹਨਾਂ ਦੀਆਂ ਵੀ ਕਈ ਮਜਬੂਰੀਆਂ ਹੋ ਸਕਦੀਆਂ ਹਨ ਪਰ ਸਾਡੇ ਖ਼ਬਰੀ ਦਾ ਕਹਿਣਾ ਹੈ ਕਿ ਉਹਨਾਂ ਨੇ ਮੁੱਖ ਮੰਤਰੀ ਦਫ਼ਤਰ ਵਿਚ ਇੱਥੋਂ ਤਕ ਆਖ਼ ਦਿੱਤਾ ਹੈ ਕਿ ਕਿਸੇ ਵੀ ਹੱਦ ਤਕ ਜਾਣਾ ਪਵੇ, ਮੈਂ ਆਪਣੇ ‘ਰੰਗਲੇ ਸੱਜਣ’ ਨੂੰ ਕੁਝ ਨਹੀਂ ਹੋਣ ਦੇਣਾ।

ਹੋਣਾ ਤਾਂ ਉਸ ‘ਰੰਗਲੇ ਸੱਜਣ’ ਨੂੰ ਕੀ ਹੈ। ਮੇਰੇ ਕੋਲ ਜਾਂ ਕਾਂਗਰਸੀਆਂ ਕੋਲ ਨਾ ਤਾਂ ਉਸ ਕਿਸਮ ਦੇ ਧੱਕੇ ਹਨ, ਨਾ ਹੀ ਉਸ ਸੱਜਣ ਜਿਹੇ ਮੰਦੇ ਬੋਲ। ਕਈ ਵਾਰ ਕੁਝ ਘਟਨਾਵਾਂ ਸੁਧਾਰ ਲਈ ਮਿਸਾਲ ਪੈਦਾ ਕਰਨ ਦਾ ਮੌਕਾ ਦਿੰਦੀਆਂ ਹਨ। ਜਿਨ੍ਹਾਂ ਨਾਲ ਇਹ ਘਟਨਾਵਾਂ ਸੰਬੰਧਤ ਹੁੰਦੀਆਂ ਹਨ ਜਾਂ ਤਾਂ ਉਹ ਆਪਣੀ ਹੈਂਕੜ ਛੱਡ ਕੇ ਸੁਧਾਰ ਨੂੰ ਗ਼ਲੇ ਲਾ ਲੈਂਦੇ ਹਨ ਨਹੀਂ ਤਾਂ ਐਸੇ ਮੌਕੇ ਹੈਂਕੜ ਨੂੰ ਹੀ ਹੋਰ ਪ੍ਰਫੁੱਲਤ ਕਰਨ ਦਾ ਸਬੱਬ ਹੋ ਨਿੱਬੜਦੇ ਹਨ। ਖੂਬੀ ਰਾਮ ਹੁਰੀਂ ਆਪੇ ਵੇਖ਼ ਲੈਣਗੇ ਕਿ ਪੰਜਾਬ ਦੀ ਬਿਹਤਰੀ ਲਈ, ਫ਼ੋਰਸ ਦੇ ਅਕਸ ਦੇ ਸੁਧਾਰ ਲਈ, ਸੁਧਾਰ ਦੀ ਰਾਹ ’ਤੇ ਚਾਰ ਕਦਮ ਪੁੱਟਣੇ ਚੰਗੇ ਹੋਣਗੇ ਜਾਂ ਫ਼ਿਰ ਹੈਂਕੜ ਦੇ ਹੈਲੀਕਾਪਟਰ ’ਤੇ ਚੜ੍ਹ ਕੇ ਝੂਟੇ ਲੈਣੇ ਬਿਹਤਰ ਹੋਣਗੇ। ਖ਼ੂਬੀ ਰਾਮ ਜੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਮੇਂ ਹੁਣ ‘ਉਹ’ ਨਹੀਂ ਰਹੇ ਤੇ ਸਮਾਂ ਹਮੇਸ਼ਾ ਹੀ ‘ਉਹ’ ਨਹੀਂ ਰਹਿੰਦਾ।

ਕਿਸੇ ਨੂੰ ਵੀ ਮੇਰੀ ਗੱਲ ’ਤੇ ਨਹੀਂ ਜਾਣਾ ਚਾਹੀਦਾ ਪਰ ਇਹ ਫ਼ੀਡਬੈਕ ਲੈਣੀ ਤਾਂ ਬਣਦੀ ਹੈ ਕਿ ਲੋਕ ਮੁੱਖ ਮੰਤਰੀ ਦੀ ਸੁਰੱਖਿਆ ਟੀਮ ਦੇ ਵਤੀਰੇ ਤੋਂ ਕਿੰਨੇ ਖੁਸ਼ ਹਨ, ਕਿੰਨੇ ਨਾਰਾਜ਼, ਕਿੰਨੇ ਗੁੱਸੇ ਅਤੇ ਕਿੰਨੇ ਬਹੁਤ ਜ਼ਿਆਦਾ ਗੁੱਸੇ ਹਨ। ਇਹ ਨਹੀਂ ਹੋ ਸਕਦਾ ਕਿ ਸੀ.ਐਮ. ਦੀ ਸਕਿਉਰਿਟੀ ਟੀਮ ਦੀ ਜਲੰਧਰ ਨਾਲ ਕੋਈ ‘ਲਾਗ ਡਾਟ’ ਹੋਵੇ। ਵਤੀਰਾ ਤਾਂ ਫ਼ਿਰ ਬਾਕੀ ਥਾਈਂ ਵੀ ਇਹੀ ਹੋਵੇਗਾ।

ਮੈਂ ‘ਸਬਜੈਕਟ’ ਤੋਂ ਲਾਂਭੇ ਨਾ ਜਾ ਰਿਹਾ ਹੋਵਾਂ ਪਰ ਮੇਰੀ ਜਾਚੇ ਇਹ ਗੱਲ ਵੀ ਖੂਬੀ ਰਾਮ ਜੀ ਬਾਖ਼ੂਬੀ ਜਾਣਦੇ ਹੋਣਗੇ ਕਿ ਉਨ੍ਹਾਂ ਦੇ ਹੇਠ ਹੀ ਨਹੀਂ ਸਗੋਂ ਸੀ.ਐਮ. ਸਕਿਉਰਿਟੀ ਵਿਚ ਹਰ ਵੇਲੇ ਕੁਝ ਐਸੇ ਲੋਕ ਮੌਜੂਦ ਹੁੰਦੇ ਹਨ ਜਿਹੜੇ ਪਤਾ ਨਹੀਂ ਕਿਸ ਬਦਲੇ ਚੋਣਵੇਂ ਨੇਤਾਵਾਂ ਨੂੰ ਮੁੱਖ ਮੰਤਰੀ ਦੇ ਪ੍ਰੋਗਰਾਮ ਅਤੇ ‘ਮੂਵਮੈਂਟ’ ਦੀ ਪਲ ਪਲ ਦੀ ਉਹ ਜਾਣਕਾਰੀ ਦਿੰਦੇ ਹਨ ਜਿਹੜੀ ਕਿਸੇ ਵੀ ਵੇਲੇ ਖ਼ਤਰਨਾਕ ਸਿੱਧ ਹੋ ਸਕਦੀ ਹੈ ਅਤੇ ਜਿਹੜੀ ਕਿਸੇ ਵੀ ਸੂਰਤ ਵਿਚ ਦਿੱਤੀ ਨਹੀਂ ਜਾਣੀ ਚਾਹੀਦੀ। ਕੀ ਇਹ ‘ਸਕਿਉਰਿਟੀ ਬਰੀਚ’ ਦੀ ਸ਼੍ਰੇਣੀ ਵਿਚ ਨਹੀਂ ਆਉਂਦਾ?

ਚੰਗਾ ‘ਸੀ.ਐਮ. ਸਕਿਉਰਿਟੀ’ ਵਾਲੇ ਭਾਈ ਲੋਕੋ, ਕੈਪਟਨ ਅਮਰਿੰਦਰ ਸਿੰਘ ਹੀ ਨਹੀਂ, ਸਾਡੇ ਪੰਜਾਬ ਦਾ ਕੋਈ ਮੁੱਖ ਮੰਤਰੀ, ਮੰਤਰੀ ਹੋਵੇ, ਉਨ੍ਹਾਂ ਦੀ ਚੰਗੀ ਸੁਰੱਖਿਆ ਰੱਖੀਉ। ਉਹ ਸਾਡੇ ਨੇ, ਸਾਨੂੰ ਵੀ ਉਨ੍ਹਾਂ ਦਾ ਫ਼ਿਕਰ ਹੈ।

ਗੱਲ ਐੱਚ.ਐੱਸ.ਬਾਵਾ ਨਾਂਅ ਦੇ ਪੱਤਰਕਾਰ ਦੀ ਨਹੀਂ ਹੈ। ਜੋ ਕੀਤਾ ਗਿਆ ਉਹ ਕਿਸੇ ਵੀ ਪੱਤਰਕਾਰ ਨਾਲ ਹੋ ਸਕਦਾ ਹੈ। ਇਸੇ ਲਈ ਇਹ ਪੱਤਰਕਾਰ ਭਾਈਚਾਰੇ ਦੀ ਗੱਲ ਹੈ, ਪਰ ਮੈਂ ਇਸਨੂੰ ਇੱਥੇ ਵੀ ਰੋਕ ਕੇ ਨਹੀਂ ਵੇਖ਼ਦਾ। ਪੱਤਰਕਾਰਾਂ ਦੀ ਇੱਜ਼ਤ ਹੋਣੀ ਚਾਹੀਦੀ ਹੈ, ਪਰ ਕੀ ਪਾਰਟੀਆਂ ਦੇ ਆਗੂਆਂ, ਵਰਕਰਾਂ ਦੀ ਜਾਂ ਫ਼ਿਰ ਕਿਸੇ ਆਮ ਵਿਅਕਤੀ ਦੀ ਇੱਜ਼ਤ ਨਹੀਂ ਹੋਣੀ ਚਾਹੀਦੀ? ਕੀ ਇਸ ਸੁਰੱਖਿਆ ਅਮਲੇ ਦੇ ‘ਬਰੀਫ਼’ ਅਨੁਸਾਰ ਵੀ.ਆਈ.ਪੀ. ਲੋਕਾਂ ਦੀ ਸੁਰੱਖਿਆ ਕਰਦਿਆਂ ਨੇੜੇ ਤੇੜ ਫ਼ੜਕਦੇ ਜਾਂ ਦਿੱਸਦੇ ਲੋਕਾਂ ਦੀ ਬੇਇੱਜ਼ਤੀ ਕਰਨ ਤੋਂ ਇਲਾਵਾ ਕੋਈ ਹੱਲ ਨਹੀਂ ਹੈ?

ਗੱਲ ਮੁੱਖ ਮੰਤਰੀ ਦੀ ਸੁਰੱਖਿਆ ‘ਕੰਪਰੋਮਾਈਜ਼’ ਕਰਨ ਦੀ ਨਹੀਂ ਹੋ ਰਹੀ, ਗੱਲ ਮੁੱਖ ਮੰਤਰੀ ਦੇ ਸੁਰੱਖਿਆ ਪਹਿਰੇ ਨੂੰ ਢਿੱਲੇ ਛੱਡਣ ਜਾਂ ਲੋਕਾਂ ’ਤੇ ਛੱਡ ਦੇਣ ਦੀ ਵੀ ਨਹੀਂ ਹੋ ਰਹੀ, ਗੱਲ ਇਸ ਡਿਊਟੀ ਵਿਚ ਮਨੁੱਖੀ ਸੰਵੇਦਨਾਵਾਂ ਨੂੰ ਸ਼ਾਮਿਲ ਕਰ ਲੈਣ ਦੀ ਹੈ।

ਬਾਕੀ ਮੈਂ ਐਂਵੇਂ 9 ਕਾਗਜ਼ ਅਤੇ ਇਕ ਟੀਕਾ ਪੂਰਾ ਭਰਿਆ ਹੋਇਆ ਸਿਆਹੀ ਦਾ ਖ਼ਰਚ ਦਿੱਤੈ। ਉੱਥੇ ਚੰਗੇ ਚੰਗੇ ਦਿਮਾਗ ਬੈਠੇ ਨੇ, ਆਪੇ ਸੋਚ ਲੈਣਗੇ ਕੀ ਕਰਨੈ। ਹਮਾਤੜਾਂ ਨੂੰ ਇਨ੍ਹਾਂ ਗੱਲਾਂ ਦਾ ਕੀ ਪਤੈ? ਸਾਨੂੰ ਤਾਂ ਇਹ ਵੀ ਨਹੀਂ ਪਤਾ ਬਈ 26 ਅਕਤੂਬਰ ਦੁਪਹਿਰ ਲਗਪਗ 3 ਵਜੇ ਕੀਤੇ ਗਏ ਕਰਾਰ ਤੋਂ ਬਾਅਦ 24 ਘੰਟੇ ਕਦੋਂ ਪੂਰੇ ਹੁੰਦੇ ਨੇ। ਜਿੰਨ੍ਹਾਂ ਤੋਂ ਅਸੀਂ ਪੜ੍ਹੇ ਸਾਂ ਉਨ੍ਹਾਂ ਤਾਂ ਸਾਨੂੰ ਸਮਝਾਇਆ ਸੀ ਬਈ 24 ਘੰਟੇ 24 ਘੰਟਿਆਂ ’ਚ ਹੀ ਖ਼ਤਮ ਹੋ ਜਾਂਦੇ ਨੇ।

ਐੱਚ.ਐੱਸ.ਬਾਵਾ

ਸੰਪਾਦਕ, ਯੈੱਸ ਪੰਜਾਬ

30 ਅਕਤੂਬਰ, 2017

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,181FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...