ਯੈੱਸ ਪੰਜਾਬ
ਜਲੰਧਰ, 7 ਮਾਰਚ, 2021:
ਭਾਜਪਾ ਦੇ ਇਕ ਸੀਨੀਅਰ ਆਗੂ, ਜ਼ਿਲ੍ਹਾ ਭਾਜਪਾ ਜਲੰਧਰ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਕੌਂਸਲਰ ਸ੍ਰੀ ਸ਼ਿਵ ਦਿਆਲ ਚੁੱਘ ਦੀ ਲਾਸ਼ ਅੱਜ ਜਲੰਧਰ ਕੈਂਟ ਰੇਲਵੇ ਸਟੇਸ਼ਨ ਨੇੜਿਉਂ ਟਰੈਕ ਤੋਂ ਬਰਾਮਦ ਹੋਈ ਹੈ।
ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਤਮਹੱਤਿਆ ਕੀਤੀ ਹੈ ਪਰ ਅਜੇ ਕਿਸੇ ਨੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਹੈ। ਉਂਜ ਜਲੰਧਰ ਉੱਤਰੀ ਦੇ ਸਾਬਕਾ ਵਿਧਾਇਕ ਸ੍ਰੀ ਕੇ.ਡੀ.ਭੰਡਾਰੀ ਅਤੇ ਇਕ ਥਾਣੇ ਦੇ ਐਸ.ਐਚ.ਉ.ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ।
ਸ੍ਰੀ ਸ਼ਿਵ ਦਿਆਲ ਚੁੱਘ ਸਪੁੱਤਰ ਸ੍ਰੀ ਰਾਮ ਚੰਦਰ, ਇਕ ਵੱਡੇ ਕਾਰੋਬਾਰੀ ਸਨ ਅਤੇ ਕੁੱਕੀ ਢਾਬ ਨੇੜੇ ਪਾਰਕ ਐਵੀਨਿਊ ਦੇ ਰਹਿਣ ਵਾਲੇ ਸਨ।
ਜਾਣਕਾਰ ਸੂਤਰਾਂ ਅਨੁਸਾਰ ਪਿਛਲੇ ਕੁਝ ਸਮੇਂ ਤੋਂ ਸ੍ਰੀ ਸ਼ਿਵ ਦਿਆਲ ਚੁੱਘ ਨਿੱਜੀ ਪਰੇਸ਼ਾਨੀਆਂ ਨਾਲ ਜੂਝ ਰਹੇ ਸਨ। ਉਹ ਅੱਜ ਸਵੇਰੇ ਲਗਪਗ 8 ਵਜੇ ਘਰੋਂ ਨਿਕਲੇ ਸਨ ਜਿਸ ਮਗਰੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ।
ਇਸੇ ਦੌਰਾਨ ਦੁਪਹਿਰ ਸਮੇਂ ਜੀ.ਆਰ.ਪੀ. ਨੂੰ ਜਲੰਧਰ ਛਾਉਣੀ ਰਲੇਵੇ ਸਟੇਸ਼ਨ ਨੇੜੇ ਰੇਲਵੇ ਟਰੈਕ ਤੋਂ ਇਕ ਲਾਸ਼ ਮਿਲੀ ਸੀ ਜਿਸ ਦੀ ਪਹਿਲਾਂ ਪਛਾਣ ਨਹੀਂ ਹੋਈ ਪਰ ਸੂਚਨਾਵਾਂ ਦੇ ਮਿਲਾਣ ਦੌਰਾਨ ਪਰਿਵਾਰਕ ਮੈਂਬਰਾਂ ਨੇ ਸ੍ਰੀ ਚੁੱਘ ਦੀ ਲਾਸ਼ ਦੀ ਪਛਾਣ ਕੀਤੀ ਹੈ।
ਇਸ ਖ਼ਬਰ ਨਾਲ ਸ਼ਹਿਰ ਦੇ ਸਿਆਸੀ, ਕਾਰੋਬਾਰੀ, ਸਮਾਜਿਕ ਅਤੇ ਧਾਰਮਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਸ੍ਰੀ ਚੁੱਘ ਨਾ ਕੇਵਲ ਚੰਗੇ ਸਿਆਸਤਦਾਨ ਅਤੇ ਕਾਰੋਬਾਰੀ ਵਜੋਂ ਜਾਣੇ ਜਾਂਦੇ ਸਨ ਸਗੋਂ ਆਪਣੇ ਸਮੇਂ ਦਾ ਭਾਜਪਾ ਦਾ ਸ਼ਹਿਰ ਦਾ ਵੱਡਾ ਚਿਹਰਾ ਮੰਨੇ ਜਾਂਦੇ ਸਨ।