Thursday, March 27, 2025
spot_img
spot_img
spot_img

ਸਿਵਲ ਪੁਲਿਸਿੰਗ ਨੂੰ ਹੋਰ ਸੁਵਿਧਾਜਨਕ ਅਤੇ ਲੋਕ-ਪੱਖੀ ਬਣਾਉਣ ਲਈ Punjab Police ਅਤੇ IPF ਵੱਲੋਂ ਸਮਝੌਤਾ ਸਹੀਬੱਧ: ADGP AS Rai

ਯੈੱਸ ਪੰਜਾਬ
ਰੂਪਨਗਰ, 25 ਮਾਰਚ, 2025

ਭਾਰਤੀ ਪੁਲਿਸ ਫਾਊਂਡੇਸ਼ਨ ਵੱਲੋਂ ਦੇਸ਼ ਦੇ ਚਾਰ ਸੂਬਿਆਂ ਤਾਮਿਲਨਾਡੂ, ਤੇਲੰਗਾਨਾ, ਰਾਜਸਥਾਨ ਅਤੇ Punjab ਵਿੱਚ ਸ਼ੁਰੂ ਕੀਤੇ ਗਏ ਪ੍ਰਾਜੈਕਟ ‘ਅੰਦਰੂਨੀ ਪੁਲਿਸ ਸੁਧਾਰ’ ਦੀ ਰਸਮੀ ਤੌਰ ‘ਤੇ ਸ਼ੁਰੂਆਤ ਅੱਜ ਇਥੇ Punjab Police ਹੈੱਡਕੁਆਰਟਰ ਵਿਖੇ DGP Punjab Gaurav Yadav (ਆਈਪੀਐਸ), ਵਾਈਸ-ਪ੍ਰਧਾਨ ਆਈਪੀਐਫ ਅਤੇ ਪ੍ਰਾਜੈਕਟ ਡਾਇਰੈਕਟਰ ਡਾ. ਇਸ਼ ਕੁਮਾਰ (ਆਈ.ਪੀ.ਐਸ. ਸੇਵਾਮੁਕਤ), ਏਡੀਜੀਪੀ/ਟ੍ਰੈਫਿਕ ਅਤੇ ਸੜਕ ਸੁਰੱਖਿਆ -ਕਮ- ਸਟੇਟ ਨੋਡਲ ਅਫ਼ਸਰ ਏ.ਐਸ. ਰਾਏ (ਆਈਪੀਐਸ) ਅਤੇ ਆਈ.ਪੀ.ਐਫ. ਸਬੰਧੀ ਪ੍ਰਾਜੈਕਟ ਦੇ ਸਟੇਟ ਸੁਪਰਵਾਈਜ਼ਰ ਜੀ.ਐਸ. ਸੰਧੂ (ਆਈਪੀਐਸ ਸੇਵਾਮੁਕਤ) ਦੀ ਮੌਜੂਦਗੀ ਵਿੱਚ ਆਈ.ਪੀ.ਐਫ. ਅਤੇ Punjab Police ਦਰਮਿਆਨ ਸਮਝੌਤੇ ‘ਤੇ ਹਸਤਾਖਰ ਕਰਕੇ ਕੀਤੀ ਗਈ।

ਪੁਲਿਸ ਲਾਈਨ ਦੇ ਆਡੀਟੋਰੀਅਮ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਏਡੀਜੀਪੀ/ਟ੍ਰੈਫਿਕ ਅਤੇ ਰੋਡ ਸੇਫਟੀ-ਕਮ- ਸਟੇਟ ਨੋਡਲ ਅਫ਼ਸਰ ਸ੍ਰੀ ਏ.ਐਸ. ਰਾਏ ਨੇ ਕਿਹਾ ਕਿ ਇਸ ਸਮਝੌਤੇ ‘ਤੇ ਹਸਤਾਖਰ ਕਰਨ ਨਾਲ ਪੰਜਾਬ ਪੁਲਿਸ ਅਤੇ ਇੰਡੀਅਨ ਪੁਲਿਸ ਫਾਊਂਡੇਸ਼ਨ ਵਿਚਕਾਰ ਆਪਸੀ ਸਹਿਯੋਗ ਲਈ ਰਾਹ ਪੱਧਰਾ ਹੋਵੇਗਾ ਜਿਸ ਨਾਲ ਪੁਲਿਸ ਦੇ ਰੋਜ਼ਾਨਾ ਦੇ ਕੰਮਕਾਜ ਵਿੱਚ ਨਾਗਰਿਕ ਕੇਂਦਰਿਤ ਬਦਲਾਅ ਲਿਆਉਣ ਵਿੱਚ ਮਦਦ ਮਿਲੇਗੀ।

ਇਸ ਤੋਂ ਇਲਾਵਾ ਇਹ ਪੁਲਿਸ ਲਈ ਆਮ ਨਾਗਰਿਕਾਂ ਦੀਆਂ ਸਮੱਸਿਆਵਾਂ ਦੀ ਪਛਾਣ ਕਰਨ ਵਿੱਚ ਸਹਾਈ ਹੋਵੇਗਾ। ਇਸ ਸਮਝੌਤੇ ਤਹਿਤ ਸਿਵਲ ਪੁਲਿਸਿੰਗ ਨੂੰ ਹੋਰ ਵੀ ਸੁਵਿਧਾਜਨਕ ਅਤੇ ਲੋਕ-ਪੱਖੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ।

ਸ੍ਰੀ ਰਾਏ ਨੇ ਕਿਹਾ ਕਿ ਸ਼ੁਰੂ ਵਿੱਚ ਆਈ.ਪੀ.ਐਫ. ਵੱਲੋਂ ਚਾਰ ਜ਼ਿਲ੍ਹਿਆਂ ਐਸਏਐਸ ਨਗਰ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਖੰਨਾ ਵਿੱਚ ਸਥਿਤ 30 ਪੁਲਿਸ ਸਟੇਸ਼ਨਾਂ ‘ਤੇ ਧਿਆਨ ਕੇਂਦਰਿਤ ਕਰੇਗਾ। ਇਸ ਵਿੱਚ ਜ਼ਿਲ੍ਹਾ ਰੂਪਨਗਰ ਦੇ 09 ਪੁਲਿਸ ਸਟੇਸ਼ਨ ਹਨ, ਜਿਨ੍ਹਾਂ ਵਿੱਚ ਪੁਲਿਸ ਥਾਣਾ ਸਿਟੀ ਰੂਪਨਗਰ, ਸਦਰ ਰੂਪਨਗਰ, ਸਿੰਘ ਭਾਗਵੰਤਪੁਰ, ਸਿਟੀ ਮੋਰਿੰਡਾ, ਸਦਰ ਮੋਰਿੰਡਾ, ਚਮਕੌਰ ਸਾਹਿਬ, ਆਨੰਦਪੁਰ ਸਾਹਿਬ, ਨੂਰਪੁਰਬੇਦੀ ਅਤੇ ਨੰਗਲ ਸ਼ਾਮਲ ਹਨ। ਇਸ ਤੋਂ ਬਾਅਦ ਪ੍ਰਾਜੈਕਟ ਦੇ ਕਾਰਜਸ਼ੀਲ ਦਾਇਰੇ ਦਾ ਵਿਸਥਾਰ ਪੜਾਅਵਾਰ ਢੰਗ ਨਾਲ ਸੂਬੇ ਦੇ ਹੋਰ ਜ਼ਿਲ੍ਹਿਆਂ ਤੱਕ ਕੀਤਾ ਜਾਵੇਗਾ।

ਏ.ਡੀ.ਜੀ.ਪੀ. ਨੇ ਅੱਗੇ ਕਿਹਾ ਕਿ ਇਸ ਪਹਿਲਕਦਮੀ ਦੇ ਹਿੱਸੇ ਵਜੋਂ ਸ਼ੁਰੂਆਤੀ ਤੌਰ ‘ਤੇ ਆਈਪੀਐਫ ਖੋਜਕਰਤਾਵਾਂ ਦੀ ਟੀਮ 25 ਮਾਰਚ 2025 ਤੋਂ 2 ਅਪ੍ਰੈਲ 2025 ਤੱਕ ਜ਼ਿਲ੍ਹਾ ਰੂਪਨਗਰ ਦੇ ਪੁਲਿਸ ਥਾਣਿਆਂ ਵਿੱਚ ਸ਼ਿਕਾਇਤਕਰਤਾਵਾਂ, ਪੀੜਤਾਂ, ਗਵਾਹਾਂ, ਦੋਸ਼ੀਆਂ, ਮੁਕੱਦਮੇ ਅਧੀਨ ਵਿਅਕਤੀਆਂ, ਉੱਪਰਲੇ ਰੈਂਕ ਦੇ ਪੁਲਿਸ ਅਧਿਕਾਰੀਆਂ, ਟ੍ਰੈਫਿਕ ਉਲੰਘਣਾ ਕਰਨ ਵਾਲਿਆਂ ਆਦਿ ਸਮੇਤ ਸਾਰੇ ਭਾਈਵਾਲਾਂ ਨਾਲ ਜਨਤਕ ਸਲਾਹ-ਮਸ਼ਵਰਾ ਮੀਟਿੰਗਾਂ ਕਰੇਗੀ।

ਇਸ ਮੌਕੇ ਡਾ. ਇਸ਼ ਕੁਮਾਰ (ਆਈਪੀਐਸ, ਸੇਵਾਮੁਕਤ) ਨੇ ਕਿਹਾ ਕਿ ਆਈਪੀਐਫ ਖੋਜਕਰਤਾਵਾਂ ਦੀ ਟੀਮ ਵੱਖ-ਵੱਖ ਖੇਤਰਾਂ ਨਾਲ ਸਬੰਧਤ ਭਾਈਵਾਲਾਂ ਨਾਲ ਜਨਤਕ ਸਲਾਹ-ਮਸ਼ਵਰਾ ਮੀਟਿੰਗਾਂ ਕਰੇਗੀ, ਮੁੱਖ ਸਮੱਸਿਆਵਾਂ ਦੀ ਪਛਾਣ ਕਰੇਗੀ, ਬਦਲਾਅ ਮੈਨੂਅਲ ਤਿਆਰ ਕਰੇਗੀ, ਬਦਲਾਅ ਮੈਨੂਅਲ ਦੇ ਅਧਾਰ ‘ਤੇ ਪੁਲਿਸ ਸਟੇਸ਼ਨ ਦੇ ਸਟਾਫ ਨੂੰ ਸਿਖਲਾਈ ਪ੍ਰਦਾਨ ਕਰੇਗੀ, ਪੁਲਿਸ ਦੇ ਕੰਮ ਕਰਨ ਨਵੇਂ ਅੰਦਾਜ਼ ਦੇ ਪ੍ਰਭਾਵ ਦਾ ਮੁਲਾਂਕਣ ਕਰੇਗੀ ਅਤੇ ਫਿਰ ਲੋੜ ਅਨੁਸਾਰ ਸਟੈਂਡਿੰਗ/ਸਰਕੁਲਰ ਆਦੇਸ਼ਾਂ, ਐਸਓਪੀਜ਼ ਆਦਿ ਰਾਹੀਂ ਪੁਲਿਸ ਨੂੰ ਰੋਜ਼ਾਨਾ ਦੇ ਕੰਮਕਜ ਵਿੱਚ ਅਪਨਾਉਣ ਲਈ ਜ਼ਰੂਰੀ ਸਿਫਾਰਸ਼ਾਂ ਦਾ ਸੈੱਟ ਪੇਸ਼ ਕਰੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਆਪਣੇ ਪੱਖ ਤੋਂ ਮਨੁੱਖੀ ਸ਼ਕਤੀ, ਲੌਜਿਸਟਿਕਸ, ਡੇਟਾ ਐਕਸੈਸ ਅਤੇ ਤਾਲਮੇਲ ਆਦਿ ਦੇ ਮਾਮਲੇ ਵਿੱਚ ਹਰ ਤਰ੍ਹਾਂ ਦੀ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗੀ ਤਾਂ ਜੋ ਵਿਧੀਵਤ ਖੋਜ ‘ਤੇ ਅਧਾਰਤ ਸੁਧਾਰਾਂ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ਇਸ ਪ੍ਰਾਜੈਕਟ ਨੂੰ ਯਕੀਨੀ ਬਣਾਇਆ ਜਾ ਸਕੇ।

ਪ੍ਰਾਜੈਕਟ ਡਾਇਰੈਕਟਰ ਡਾ. ਇਸ਼ ਕੁਮਾਰ (ਆਈਪੀਐਸ, ਸੇਵਾਮੁਕਤ) ਨੇ ਭਰੋਸਾ ਦਿਵਾਇਆ ਕਿ ਇਸ ਪ੍ਰਾਜੈਕਟ ਅਧੀਨ ਤਜਰਬਾ ਅਧਾਰਤ ਖੋਜ ਦੇ ਨਤੀਜੇ ਸੂਬੇ ਦੇ ਲੋਕਾਂ ਲਈ ਵਧੇਰੇ ਲਾਭਦਾਇਕ ਸਿੱਧ ਹੋਣਗੇ ਅਤੇ ਪੰਜਾਬ ਪੁਲਿਸ ਦੇ ਅਕਸ ਨੂੰ ਉੱਚਾ ਚੁੱਕਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

ਅੱਜ ਆਈਪੀਐਫ ਦੀ ਟੀਮ ਨੇ ਵਾਈਸ ਪ੍ਰੈਜ਼ੀਡੈਂਟ ਆਈਪੀਐਫ ਡਾ. ਇਸ਼ ਕੁਮਾਰ (ਆਈਪੀਐਸ, ਸੇਵਾਮੁਕਤ) ਅਤੇ ਏਡੀਜੀਪੀ ਟ੍ਰੈਫਿਕ ਕਮ-ਸਟੇਟ ਕੋਆਰਡੀਨੇਟਰ ਏ.ਐਸ. ਰਾਏ (ਆਈਪੀਐਸ) ਦੀ ਅਗਵਾਈ ਹੇਠ ਜ਼ਿਲ੍ਹਾ ਰੂਪਨਗਰ ਦੇ ਐਸਐਚਓਜ਼ ਸਮੇਤ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਐਸਐਸਪੀ ਰੂਪਨਗਰ ਜੀ.ਐਸ. ਖੁਰਾਣਾ (ਆਈਪੀਐਸ) ਅਤੇ ਪੁਲਿਸ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ