- Advertisement -
ਅੱਜ-ਨਾਮਾ
ਸਾਬਕਾ ਮੰਤਰੀ ਘਿਰੇ ਕਈ ਬਹੁਤ ਡਾਢੇ,
ਸੰਮਣ ਪੇਸ਼ੀ ਦੇ ਆਉਂਦੇ ਨੇ ਨਿੱਤ ਬੇਲੀ।
ਪਹਿਲੀ ਪੇਸ਼ੀ ਤੋਂ ਹੁੰਦੇ ਈ ਜਦੋਂ ਵਿਹਲੇ,
ਨਾਲੇ ਈ ਮਿਲ ਜਾਂਦੀ ਨਵੀਂ ਥਿੱਤ ਬੇਲੀ।
ਸੁੱਤੇ ਪਿਆਂ ਵੀ ਸੰਮਣ ਨੇ ਯਾਦ ਆਉਂਦੇ,
ਕਰਦਾ ਰੋਟੀ ਨਾ ਖਾਣ ਲਈ ਚਿੱਤ ਬੇਲੀ।
ਚੂਹੇ-ਬਿੱਲੀ ਦੀ ਖੇਡ ਜਿਹੀ ਬਣੀ ਡਾਢੀ,
ਹੋਣੀ ਪਤਾ ਨਾ ਕਿਹਦੀ ਆ ਜਿੱਤ ਬੇਲੀ।
ਮਿਲਣਾ ਛੱਡ ਗਏ ਸਾਰੇ ਹੀ ਯਾਰ ਬੇਲੀ,
ਆਵੇ ਲੈਣ ਕੋਈ ਖਬਰ ਨਾ ਸਾਰ ਬੇਲੀ।
ਵਕਤ ਖਾਣ ਦੇ ਹਿੱਸੇ ਸੀ ਲੈਣ ਆਉਂਦੇ,
ਔਕੜ ਵੇਖ ਕੇ ਗੁੱਛੀ ਗਏ ਮਾਰ ਬੇਲੀ।
-ਤੀਸ ਮਾਰ ਖਾਂ
1 ਫਰਵਰੀ, 2023
- Advertisement -