ਅੱਜ-ਨਾਮਾ
ਵੱਜਾ ਧਾੜਾ ਕਈ ਬੈਂਕਾਂ ਦਾ ਬਹੁਤ ਭਾਰਾ,
ਛਾਪੇ ਮੁਲਕ ਵਿੱਚ ਰਹੇ ਕਈ ਵੱਜ ਮੀਆਂ।
ਅਰਬਾਂ-ਖਰਬਾਂ ਦੇ ਮਾਲਕ ਨੇ ਸੁਣੇ ਦੋਸ਼ੀ,
ਢੇਰ ਮਾਇਆ ਦੇ, ਫੇਰ ਨਹੀਂ ਰੱਜ ਮੀਆਂ।
ਪਤਾ ਨਹੀਂ ਕਿੱਦਾਂ ਹੈ ਖੁੱਲਿ੍ਹਆ ਭੇਦ ਹੋਊ,
ਹੋਇਆ ਤਾਂਹੀ ਨਾ ਉਨ੍ਹਾਂ ਤੋਂ ਕੱਜ ਮੀਆਂ।
ਫੜਿਆ ਜਾਣਾ ਫਿਰ ਮੱਛੀਆਂ ਨਿੱਕੀਆਂ ਨੂੰ,
ਵੱਡਿਆਂ ਪਾਪੀਆਂ ਜਾਣਾ ਫਿਰ ਭੱਜ ਮੀਆਂ।
ਏਦਾਂ ਦਾ ਧਾੜਾ ਜਦ ਮਾਰਨਾ ਜਿਹੜਿਆਂ ਨੇ,
ਅਗੇਤੇ ਖਿਸਕਣ ਲਈ ਰੱਖਦੇ ਰਾਹ ਮੀਆਂ।
ਆਉਣਾ ਜਿਨ੍ਹਾਂ ਨੇ ਲੱਭਣ ਲਈ ਪੈੜ ਹੁੰਦਾ,
ਉਨ੍ਹਾਂ ਨਾਲ ਹੁੰਦੀ ਆ ਕਰੀ ਸਲਾਹ ਮੀਆਂ।
-ਤੀਸ ਮਾਰ ਖਾਂ
22 ਜੂਨ, 2024