ਯੈੱਸ ਪੰਜਾਬ
ਹੁਸ਼ਿਆਰਪੁਰ, 25 ਮਾਰਚ, 2025
ਲੋਕ ਸਭਾ ਮੈਂਬਰ Dr. Raj Kumar Chabbewal ਨੇ ਪਰਸੋਵਾਲ-ਬੱਸੀ ਕਲਾਂ-ਚੱਕ ਸਾਧੂ ਤੋਂ ਭੇੜੂਆਂ ਸੜਕ ਦੇ ਕੰਮ ਦਾ ਨਿਰੀਖਣ ਕਰਦਿਆਂ ਕਿਹਾ ਕਿ 2.50 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਇਹ 18 ਫੁੱਟ ਚੌੜੀ ਸੜਕ ਦਾ ਕੰਮ ਮੁਕੰਮਲ ਹੋਣ ‘ਤੇ ਲੋਕਾਂ ਨੂੰ ਆਵਾਜਾਈ ਲਈ ਵੱਡੀ ਸਹੂਲਤ ਮਿਲੇਗੀ।
Chabbewal ਤੋਂ ਵਿਧਾਇਕ Dr. Ishank Kumar ਅਤੇ ਇਲਾਕੇ ਦੇ ਮੋਹਤਬਰਾਂ ਸਮੇਤ ਸੜਕ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਂਦਿਆਂ ਲੋਕ ਸਭਾ ਮੈਂਬਰ Dr. Raj Kumar Chabbewal ਨੇ ਕਿਹਾ ਕਿ 6 ਕਿਲੋਮੀਟਰ ਲੰਬੀ ਇਸ ਸੜਕ ਦਾ ਨਿਰਮਾਣ ਕਾਰਜ ਜੰਗੀ ਪੱਧਰ ‘ਤੇ ਜਾਰੀ ਹੈ ਜੋ ਕਿ ਜਲਦ ਹੀ ਮੁਕੰਮਲ ਹੋਵੇਗਾ।
ਉਨ੍ਹਾਂ ਕਿਹਾ ਕਿ ਹਲਕਾ ਚੱਬੇਵਾਲ ਵਿਚ ਆਵਾਜਾਈ ਦੇ ਮੱਦੇਨਜ਼ਰ ਸੜਕਾਂ ਦੀ ਮਜ਼ਬੂਤੀ ਲਈ ਉਪਰਾਲੇ ਕਰਦਿਆਂ ਬਹੁਤੀਆਂ ਸੜਕਾਂ ਨੂੰ ਮੌਜੂਦਾ ਸਮੇਂ ਦੀ ਮੰਗ ਅਨੁਸਾਰ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ ਜਿਸ ਦਾ ਰਾਹਗੀਰਾਂ ਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਪਿੰਡਾਂ ਦੇ ਵਸਨੀਕਾਂ ਨਾਲ ਗੱਲਬਾਤ ਕਰਕੇ ਇਲਾਕੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਹਰ ਇਲਾਕੇ ਵਿਚ ਲੋੜੀਂਦੀਆਂ ਸਹੂਲਤਾਂ ਦੀ ਸਥਾਪਤੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਹਲਕੇ ਵਿਚ ਸੜਕੀ ਆਵਾਜਾਈ ਨੂੰ ਲੈ ਕੇ ਚੱਲ ਰਹੇ ਕਾਰਜਾਂ ਬਾਰੇ ਗੱਲ ਕਰਦਿਆਂ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਚੱਬੇਵਾਲ-ਬਜਰਾਵਰ-ਪੱਟੀ-ਸਸੋਲੀ ਤੋਂ ਸੀਣਾ ਲਿੰਕ ਰੋਡ ਨੂੰ 4 ਕਰੋੜ ਰੁਪਏ ਦੀ ਲਾਗਤ ਨਾਲ ਬਣਾਉਣ ਅਤੇ ਚੌੜਾ ਕਰਨ ਦਾ ਕਾਰਜ਼ ਵੀ ਜਲਦ ਮੁਕੰਮਲ ਹੋਵੇਗਾ ਅਤੇ ਇਹ ਸੜਕ 18 ਫੁੱਟ ਚੌੜੀ ਹੋਣ ਨਾਲ ਕਈ ਪਿੰਡਾਂ ਦੀ ਆਵਾਜਾਈ ਸੁਖਾਲੀ ਹੋਰ ਸੁਖਾਲੀ ਹੋ ਜਾਵੇਗੀ।
ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਇਸੇ ਤਰ੍ਹਾਂ ਹੁਸ਼ਿਆਰਪੁਰ-ਫਗਵਾੜਾ ਰੋਡ ਤੋਂ ਪੁਰਹੀਰਾਂ-ਅਟੱਲਗੜ੍ਹ-ਮਹਿਮੋਵਾਲ-ਫਲਾ ਹੀ ਹਰਮੋਇਆ ਵਾਇਆ ਤਾਜੋਵਾਲ ਹੁੱਕੜਾਂ ਦੀ 13.06 ਕਿਲੋਮੀਟਰ ਸੜਕ ਨੂੰ 5.10 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਅਤੇ ਮਜ਼ਬੂਤ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਮਾਹਿਲਪੁਰ ਤੋਂ ਝੰਜੋਵਾਲ ਵਾਇਆ ਕਹਾਰਪੁਰ 3.72 ਕਿਲੋਮੀਟਰ ਸੜਕ ਨੂੰ ਕਰੀਬ 2.31 ਕਰੋੜ ਰੁਪਏ ਦੀ ਲਾਗਤ ਨਾਲ 10 ਫੁੱਟ ਤੋਂ 18 ਫੁੱਟ ਚੌੜਾ ਕੀਤਾ ਜਾਣਾ ਹੈ ਜਿਸ ’ਤੇ ਪੱਥਰ ਪਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਲੁੱਕ ਪਾਉਣ ਦਾ ਕੰਮ ਸ਼ੁਰੂ ਕਰਵਾ ਕੇ ਇਸ ਪ੍ਰੋਜੈਕਟ ਨੂੰ ਵੀ ਨੇਪਰੇ ਚਾੜ੍ਹਿਆ ਜਾਵੇਗਾ।
ਇਸ ਤਰ੍ਹਾਂ ਮਾਹਿਲਪੁਰ-ਜੇਜੋਂ ਰੋਡ-ਰਾਮਪੁਰ ਤੋਂ ਫਤਹਿਪੁਰ-ਕਾਂਗੜ ਕੋਠੀ-ਗੰਗੋਵਾਲ ਸੜਕ ਨੂੰ ਵੀ 10 ਫੁੱਟ ਤੋਂ 18 ਫੁੱਟ ਚੌੜਾ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ 6.47 ਕਿਲੋਮੀਟਰ ਲੰਬੀ ਇਸ ਸੜਕ ਨੂੰ ਕਰੀਬ 4.23 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ।
ਇਸ ਮੌਕੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਮੇਂ ਦੀ ਮੰਗ ਅਨੁਸਾਰ ਹਲਕੇ ਦੇ ਪਿੰਡਾਂ ਤੋਂ ਮੁੱਖ ਸੜਕਾਂ ਨਾਲ ਜੁੜਨ ਵਾਲੀਆਂ ਬਹੁਤੀਆਂ ਸੜਕਾਂ ਨੂੰ ਮੌਜੂਦਾ 10 ਫੁੱਟ ਚੌੜਾਈ ਤੋਂ 18 ਫੁੱਟ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਸੁਖਾਲੀ ਆਵਾਜਾਈ ਦੀ ਸਹੂਲਤ ਮਿਲ ਸਕੇ।