ਯੈੱਸ ਪੰਜਾਬ
ਜਲੰਧਰ, 5 ਅਗਸਤ, 2022:
ਜਲੰਧਰ ਸ਼ਹਿਰ ਵਿੱਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕਰਵਾਏ ਜਾ ਰਹੇ ਐਪੈਕਸ ਟਰੇਡ ਫੇਅਰ ਅਤੇ ਐਜੂਕੇਸ਼ਨ ਐਕਸਪੋ ਵਿੱਚ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਨੇ ਵੀ ਇਸ ਵਾਰ ਦਸਤਕ ਦਿੱਤੀ ਹੈ! ਯੂਨੀਵਰਸਿਟੀ ਨੇ ਵਪਾਰ ਮੇਲੇ ਵਿੱਚ ਆਪਣਾ ਦਾਖਲਾ ਸੈਂਟਰ ਲਗਾਇਆ ਹੈ, ਜਿੱਥੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਯੂਨੀਵਰਸਿਟੀ ਵਿੱਚ ਚਲਾਏ ਜਾ ਰਹੇ ਵੱਖ-ਵੱਖ ਕੋਰਸਾਂ ਦੇ ਨਾਲ-ਨਾਲ ਵੱਖ-ਵੱਖ ਮੌਕਿਆਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ!
ਤਿੰਨ ਦਿਨ ਤਕ ਚੱਲਣ ਵਾਲੇ ਇਸ ਵਪਾਰ ਮੇਲੇ ਦੇ ਪਹਿਲੇ ਦਿਨ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ, ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਦਵਿੰਦਰ ਕੁਮਾਰ ਆਈ.ਏ.ਐਸ., ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਐਸ.ਕੇ.ਮਿਸ਼ਰਾ ਅਤੇ ਦਿੱਲੀ ਸਰਕਾਰ ਦੇ ਸੱਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ ਵੱਲੋਂ ਇਸ਼ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਸਾਰੇ ਮਹਿਮਾਨਾਂ ਨੇ ਯੂਨੀਵਰਸਿਟੀ ਦੇ ਸ਼ਾਨਦਾਰ ਸੈਂਟਰ ਦਾ ਵਿਸ਼ੇਸ਼ ਤੌਰ ‘ਤੇ ਦੌਰਾ ਕੀਤਾ ਅਤੇ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਰਜਨੀਸ਼ ਸ਼ਰਮਾ ਪਾਸੋਂ ਕੋਰਸਾਂ ਤੇ ਦਾਖਲਿਆਂ ਸਬੰਧੀ ਵੱਖ-ਵੱਖ ਤਰਾਂ ਦੀ ਜਾਣਕਾਰੀ ਹਾਸਲ ਕੀਤੀ!
ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਉਨ੍ਹਾਂ ਦੇ ਹਲਕੇ ਦੇ ਪਿੰਡਾਂ ਨਾਲ ਜੁੜੀ ਹੋਈ ਹੈ ਅਤੇ ਯੂਨੀਵਰਸਿਟੀ ਵਿੱਚ ਵਿਸ਼ਵ ਪੱਧਰੀ ਸਿੱਖਿਆ ਪ੍ਰਣਾਲੀ ਮੌਜੂਦ ਹੈ। ਰਜਿਸਟਰਾਰ ਡਾ.ਐਸ.ਕੇ.ਮਿਸ਼ਰਾ ਅਤੇ ਨਗਰ ਨਿਗਮ ਕਮਿਸ਼ਨਰ ਦਵਿੰਦਰ ਸਿੰਘ ਨੇ ਜਲੰਧਰ ਦੇ ਲੋਕਾਂ ਨੂੰ ਇਸ ਵਪਾਰ ਮੇਲੇ ਵਿੱਚ ਆਪਣੇ ਬੱਚਿਆਂ ਨੂੰ ਯੂਨੀਵਰਸਿਟੀ ਦੇ ਸੈਂਟਰ ‘ਤੇ ਬਹੁਤ ਹੀ ਉਤਸ਼ਾਹ ਨਾਲ ਆਉਣ ਲਈ ਪ੍ਰੇਰਿਤ ਕੀਤਾ!
‘ਆਪ’ ਆਗੂ ਦੀਪਕ ਬਾਲੀ ਨੇ ਯੂਨੀਵਰਸਿਟੀ ਨਾਲ ਆਪਣੀ ਵਿਸ਼ੇਸ਼ ਸਾਂਝ ਦੀ ਗੱਲ ਕਰਦਿਆਂ ਯੂਨੀਵਰਸਿਟੀ ਦੇ ਚੱਲ ਰਹੇ ਦਾਖ਼ਲਿਆਂ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਵਿਦਿਆਰਥੀਆਂ ਦੇ ਭਰਵੇਂ ਹੁੰਗਾਰੇ ਲਈ ਯੂਨੀਵਰਸਿਟੀ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਵਪਾਰ ਮੇਲੇ ਦੇ ਸੰਚਾਲਕ ਨਮੀਸ਼ ਕੁਮਾਰ ਨੇ ਕਿਹਾ ਕਿ ਯੂਨੀਵਰਸਿਟੀ ਦੀ ਸ਼ਮੂਲੀਅਤ ਨਾਲ ਇਸ ਵਪਾਰ ਮੇਲੇ ਨੂੰ ਇੱਕ ਨਵਾਂ ਆਯਾਮ ਮਿਲਿਆ ਹੈ!
ਇਸ ਮੌਕੇ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਅਤੇ ਦਾਖ਼ਲਾ ਵਿਭਾਗ ਦੇ ਟੀਮ ਮੈਂਬਰਾਂ ਵਿੱਚੋਂ ਟਹਿਲ ਸਿੰਘ, ਸੁਖਚੈਨ ਸਿੰਘ, ਵਰਿੰਦਰ ਕੁਮਾਰ, ਪ੍ਰਦੀਪ ਕੁਮਾਰ, ਜਸਵੀਰ ਲਾਲ ਆਦਿ ਹਾਜ਼ਰ ਸਨ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ