ਅੱਜ-ਨਾਮਾ
ਵਜ਼ੀਫੇ ਵਾਲਾ ਹੈ ਉੱਠਿਆ ਜਿੰਨ ਮੁੜ ਕੇ,
ਆਡਿਟ ਸ਼ੀਟ ਕੋਈ ਆਖਦੇ ਆਈ ਬੇਲੀ।
ਕਿੱਦਾਂ ਖਾਧਾ ਜਾਂ ਖਾ ਗਿਆ ਮਾਲ ਕਿਹੜਾ,
ਇਹ ਵੀ ਉਂਗਲ ਹੈ ਗਈ ਉਠਾਈ ਬੇਲੀ।
ਮਿਆਦ ਲੰਘੀ ਦੇ ਕਾਗਜ਼ ਸੀ ਗਏ ਲਾਏ,
ਵਿਚਲੀ ਬਾਤ ਨਹੀਂ ਰਹੀ ਛਿਪਾਈ ਬੇਲੀ।
ਦੌੜਾਂ ਵਕੀਲਾਂ ਦੇ ਕੰਨੀ ਆ ਲਾਉਣ ਲੱਗੇ,
ਕੁੜਿੱਕੀ ਜਿਨ੍ਹਾਂ ਨੂੰ ਜਾਣੀ ਹੈ ਪਾਈ ਬੇਲੀ।
ਥੋੜ੍ਹੀ-ਥੋੜ੍ਹੀ ਇਹ ਗੱਲ ਹੈ ਬਾਹਰ ਆਈ,
ਆਈ ਪੂਰੀ ਤਾਂ ਵਖਤ ਫਿਰ ਪਾਊ ਬੇਲੀ।
ਲੀਡਰ ਪਤਾ ਨਹੀਂ ਹੋਣੇ ਫਿਰ ਕੌਣ ਨੰਗੇ,
ਕਿਹੜਾ ਕੀਹਨੂੰ ਵੀ ਨਾਲ ਫਸਾਊ ਬੇਲੀ।
-ਤੀਸ ਮਾਰ ਖਾਂ
January 4, 2025