ਯੈੱਸ ਪੰਜਾਬ
ਵਡੋਦਰਾ, ਗੁਜਰਾਤ, 11 ਅਗਸਤ, 2022:
ਪੰਜਾਬ ਦੇ ਘੱਟੋ ਘੱਟ 2 ਡਾਕਟਰਾਂ ਅਤੇ ਕਈ ਸਨਅਤਕਾਰਾਂ ਨੂੰ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਨਾਂਅ ’ਤੇ ਧਮਕੀ ਭਰੀਆਂ ਕਾਲਾਂ ਕਰਕੇ ਮੋਟੀਆਂ ਰਕਮਾਂ ਰੰਗਦਾਰੀ ਵੱਜੋਂ ਮੰਗਣ ਵਾਲੇ ਇਕ ਵਿਅਕਤੀ ਨੂੰ ਪੰਜਾਬ ਪੁਲਿਸ ਅਤੇ ਗੁਜਰਾਤ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਗੁਜਰਾਤ ਵਿੱਚ ਵਡੋਦਰਾ ਤੋਂ ਗ੍ਰਿਫ਼ਤਾਰ ਕੀਤਾ ਹੈ ਜਦਕਿ ਇਸੇ ਵਿਅਕਤੀ ਦੇ ਦੋ ਸਾਥੀਆਂ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਬਿਹਾਰ ਨਾਲ ਸੰਬੰਧਤ ਇਸ ਵਿਅਕਤੀ ਦੀ ਪਛਾਣ ਸ਼ਰੀਫ਼ ਉਰਫ਼ ਮਜ਼ਹਰ ਆਲਮ ਸ਼ੇਖ਼ ਵਜੋਂ ਹੋਈ ਹੈ ਜੋ ਪਿਛਲੇ 15 ਦਿਨਾਂ ਤੋਂ ਵਡੋਦਰਾ ਸ਼ਹਿਰ ਦੇ ਚਾਨੀ ਇਲਾਕੇ ਵਿੱਚ ਰਹਿ ਰਿਹਾ ਸੀ।
ਪੰਜਾਬ ਤੋਂ ਵਡੋਦਰਾ ਪੁੱਜੀ ਪੁਲਿਸ ਟੀਮ ਦੀ ਅਗਵਾਈ ਕਰ ਰਹੇ ਡੀ.ਐਸ.ਪੀ.ਨੇ ਦੱਸਿਆ ਕਿ ਸ਼ਰੀਫ਼ ਨੇ ਆਪਣੇ ਆਪ ਨੂੰ ਵਿੱਕੀ ਬਰਾੜ ਦੱਸਦੇ ਹੋਏ ਅੰਮ੍ਰਿਤਸਰ ਦੇ ਇਕ ਡਾਕਟਰ ਤੋਂ 5 ਲੱਖ ਰੁਪਏ ਅਤੇ ਦੂਜੇ ਤੋਂ 6 ਲੱਖ ਰੁੂਪਏ ਮੰਗੇ ਸਨ ਅਤੇ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦਾ ਨਾਂਅ ਲੈਂਦਿਆਂ ਧਮਕੀ ਦਿੱਤੀ ਸੀ ਕਿ ਜੇ ਰਕਮ ਉਸਦੇ ਦੱਸੇ ਬੈਂਕ ਖ਼ਾਤੇ ਵਿੱਚ ਟਰਾਂਸਫ਼ਰ ਨਾ ਕੀਤੀ ਗਈ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ।
ਇਹ ਕਾਲਾਂ ਵਿਦੇਸ਼ੀ ਨੰਬਰਾਂ ਦੇ ਤੋਂ ਅਤੇ ਪਾਬੰਦੀਸ਼ੁਦਾ ਐਪਸ ਤੋਂ ਕੀਤੀਆਂ ਗਈਆਂ ਸਨ ਪਰ ਪੁਲਿਸ ਨੇ ਇਸ ਮਾਮਲੇ ਵਿੱਚ ਡੂੰਘੀ ਜਾਂਚ ਪੜਤਾਲ ਕਰਦਿਆਂ ਇਹ ਪਤਾ ਲਗਾ ਲਿਆ ਕਿ ਇਹ ਕਾਲਾਂ ਵਡੋਦਰਾ ਤੋਂ ਕੀਤੀਆਂ ਜਾ ਰਹੀਆਂ ਹਨ। ਇਸੇ ਸੰਦਰਭ ਵਿੱਚ ਪੰਜਾਬ ਪੁਲਿਸ ਦੀ ਇਕ ਦੂਜੀ ਟੀਮ ਨੇ ਬਿਹਾਰ ਵਿੱਚ ਵੀ ‘ਸਰਚ ਅਪ੍ਰੇਸ਼ਨ’ ਚਲਾਇਆ ਜਿਸ ਤਹਿਤ ਸ਼ਰੀਫ਼ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਵੀ ਇਸ ਗੱਲ ਤੋਂ ਹੈਰਾਨ ਸੀ ਕਿ ਇਹ ਗੈਂਗ ਬਿਹਾਰ ਵਿੱਚ 150 ਬੈਂਕ ਖ਼ਾਤੇ ਚਲਾ ਰਿਹਾ ਸੀ।
ਪੰਜਾਬ ਪੁਲਿਸ ਅਨੁਸਾਰ ਅੰਮ੍ਰਿਤਸਰ ਦੇ ਡਾ: ਰਜਨੀਸ਼ ਕੁਮਾਰ ਵੱਲੋਂਸਦਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਿੱਤੀ ਗਈ ਸੀ ਕਿ ਉਸਤੋਂ 5 ਲੱਖ ਰੁਪਏ ਮੰਗੇ ਗਏ ਹਨ ਜਦਕਿ ਹਿਕ ਹੋਰ ਡਾ: ਮਨਨ ਆਨੰਦ ਨੇ ਵੀ ਇਸੇ ਤਰ੍ਹਾਂ ਦੀ ਸ਼ਿਕਾਇਤ ਕਰਦਿਆਂ ਦੱਸਿਆ ਸੀ ਕਿ ਕਨੇਡਾ ਦੇ ਨੰਬਰ ਤੋਂ ਕਾਲ ਕਰਕੇ ਉਸਤੋਂ 5 ਲੱਖ ਰੁਪਏ ਮੰਗੇ ਗਏ ਸਨ। ਡਾ: ਰਜਨੀਸ਼ ਕੁਮਾਰ ਨੇ ਦੱਸਿਆ ਸੀ ਕਿ ਉਸ ਨਾਲ ਸਟੇਟ ਬੈਂਕ ਆਫ਼ ਇੰਡੀਆ ਦੇ ਇਕ ਅਕਾਊਂਟ ਦਾ ਨੰਬਰ ਸਾਂਝਾ ਕਰਦਿਆਂ ਪੈਸੇ ਇਸ ਅਕਾਊਂਟ ਵਿੱਚ ਪਾਉਣ ਲਈ ਕਿਹਾ ਗਿਆ ਸੀ ਅਤੇ ਪੈੇਸੇ ਨਾ ਦੇਣ ’ਤੇ ਜਾਨੋਂ ਮਾਰਣ ਦੀ ਧਮਕੀ ਦਿੱਤੀ ਗਈ ਸੀ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ