ਅੱਜ-ਨਾਮਾ
ਰਾਮਦੇਵ ਫਿਰ ਉੱਤਰ ਗਿਆ ਹੋਰ ਹੇਠਾਂ,
ਨੀਂਵੀਂ ਮੂਹਰੇ ਅਦਾਲਤ ਦੇ ਪਾਈ ਭਾਈ।
ਚੌਦਾਂ ਕਿਸਮਾਂ ਦੀ ਲਿਸਟ ਆ ਪੇਸ਼ ਕੀਤੀ,
ਏਦਾਂ ਦੀ ਵੇਚੂੰ ਨਹੀਂ ਕਦੇ ਦਵਾਈ ਭਾਈ।
ਹਰ ਇੱਕ ਗੱਲੋਂ ਹੀ ਖਿੱਚਿਆ ਪੈਰ ਪਿੱਛੇ,
ਕੋਰਟ ਵਿੱਚ ਜਦ ਹੋਈ ਸੁਣਵਾਈ ਭਾਈ।
ਪਾਇਆ ਜਿੰਨਾ ਧਮੱਚੜ ਉਹ ਜੜ੍ਹੀਂ ਬੈਠਾ,
ਤਾਹੀਂਉਂ ਅੱਜ ਵਾਲੀ ਨੌਬਤ ਆਈ ਭਾਈ।
ਜਿਸ ਸਰਕਾਰ ਤੋਂ ਬਹੁਤੀ ਸੀ ਆਸ ਉਹਨੂੰ,
ਜਦੋਂ ਆਈ ਉਹ ਮਦਦ ਨਹੀਂ ਕਰਨ ਭਾਈ।
ਸਾਰੇ ਪਾਸਿਉਂ ਬੁਰੀ ਤਰ੍ਹਾਂ ਘਿਰ ਗਿਆ ਤਾਂ,
ਲੱਗਿਆ ਓਦੋਂ ਫਿਰ ਸਾਧ ਸੀ ਡਰਨ ਭਾਈ।
-ਤੀਸ ਮਾਰ ਖਾਂ
10 ਜੁਲਾਈ, 2024