ਯੈੱਸ ਪੰਜਾਬ
ਚੰਡੀਗੜ੍ਹ, 13 ਜੂਨ, 2021:
ਉੱਡਣੇ ਸਿੱਖ ਵਜੋਂ ਜਾਣੇ ਜਾਂਦੇ ਵਿਸ਼ਵ ਪ੍ਰਸਿੱਧ ਦੌੜਾਕ ਮਿਲਖ਼ਾ ਸਿੰਘ ਦੀ ਧਰਮਪਤਨੀ ਨਿਰਮਲ ਮਿਲਖ਼ਾ ਸਿੰਘ ਦਾ ਦਿਹਾਂਤ ਹੋ ਗਿਆ ਹੈ।
ਉਹਨਾਂ ਨੂੰ ਕੁਝ ਸਮਾਂ ਪਹਿਲਾਂ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ। ਉਹਨਾਂ ਨੇ ਅੱਜ ਸ਼ਾਮ 4 ਵਜੇ ਮੋਹਾਲੀ ਦੇ ਫ਼ੋਰਟਿਸ ਹਸਪਤਾਲ ਵਿਖ਼ੇ ਆਖ਼ਰੀ ਸਾਹ ਲਏ।
85 ਸਾਲਾ ਨਿਰਮਲ ਮਿਲਖ਼ਾ ਸਿੰਘ ਵਾਲੀਬਾਲ ਦੀ ਖ਼ਿਡਾਰੀ ਸਨ ਅਤੇ ਭਾਰਤ ਦੀ ਕੌਮੀ ਵਾਲੀਬਾਲ ਟੀਮ ਦੀ ਕੈਪਟਨ ਰਹੇ ਸਨ। ਉਹਨਾਂ ਨੇ ਡਾਇਰੈਕਟਰ ਸਪੋਰਟਰਸ ਵਜੋਂ ਵੀ ਸੇਵਾਵਾਂ ਨਿਭਾਈਆਂ ਸਨ।
ਉਹਨਾਂ ਦਾ ਅੱਜ ਹੀ ਅੰਤਿਮ ਸਸਕਾਰ ਕਰ ਦਿੱਤਾ ਗਿਆ ਅਤੇ ਸ: ਮਿਲਖ਼ਾ ਸਿੰਘ ਖ਼ੁਦ ਵੀ ਕੋਵਿਡ ਪਾਜ਼ਿਟਿਵ ਹੋਣ ਕਾਰਨ ਹਸਪਤਾਲ ਦਾਖ਼ਲ ਹੋਣ ਕਰਕੇ ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਹਾਜ਼ਰ ਨਹੀਂ ਸਨ।
ਉਹ ਆਪਣੇ ਪਿੱਛੇ ਪਤੀ ਸ:ਮਿਲਖ਼ਾ ਸਿੰਘ ਤੋਂ ਇਲਾਵਾ ਆਪਣੇ ਗੋਲਫ਼ਰ ਬੇਟੇ ਚਿਰੰਜੀਵ ਮਿਲਖ਼ਾ ਸਿੰਘ ਅਤੇ ਤਿੰਨ ਬੇਟੀਆਂ ਨੂੰ ਛੱਡ ਗਏ ਹਨ।
ਕੋਰੋਨਾ ਪਾਜ਼ਿਟਿਵ ਪਾਏ ਜਾਣ ਮਗਰੋਂ ਉਹਨਾਂ ਨੂੰ 26 ਮਈ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।
ਇਸ ਸੋਗਮਈ ਖ਼ਬਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪਰਿਵਾਰ ਨੇ ਕਿਹਾ ਕਿ ਦੁਖ਼ੀ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਸ੍ਰੀਮਤੀ ਨਿਰਮਲ ਮਿਲਖ਼ਾ ਸਿੰਘ ਕੋਵਿਡ ਦੇ ਖਿਲਾਫ਼ ਬਹਾਦਰੀ ਨਾਲ ਲੜੀ ਲੜਾਈ ਹਾਰ ਕੇ 4 ਵਜੇ ਸਦੀਵੀ ਵਿਛੋੜਾ ਦੇ ਗਏ ਹਨ। 84 ਸਾਲਾਂ ਦੇ ਸ੍ਰੀਮਤੀ ਨਿਰਮਲ ਮਿਲਖ਼ਾ ਸਿੰਘ ਆਪਣੇ ਪਰਿਵਾਰ ਦੀ ਰੀੜ੍ਹ ਦੀ ਹੱਡੀ ਸਨ। ਇਹ ਹੋਰ ਵੀ ਦੁੱਖ ਦੀ ਗੱਲ ਹੈ ਕਿ ਉੱਡਣੇ ਸਿੱਖ ਸ: ਮਿਲਖ਼ਾ ਸਿੰਘ ਆਪਣੇ ਪਤਨੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਨਹੀਂ ਹੋ ਸਕੇ ਕਿਉਂਕ ਉਹ ਅਜੇ ਆਪ ਪੀ.ਜੀ.ਆਈ.ਚੰਡੀਗੜ੍ਹ ਦੇ ਆਈ.ਸੀ.ਯੂ. ਵਿੱਚ ਦਾਖ਼ਲ ਹਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ