ਅੱਜ-ਨਾਮਾ
ਮਹੂਆ ਮੋਇਤਰਾ ਕਸੂਤੀ ਆ ਫੇਰ ਫਸਗੀ,
ਬਹਿ ਗਿਆ ਜੜ੍ਹੀਂ ਹੈ ਨਵਾਂ ਬਿਆਨ ਭਾਈ।
ਮੁੱਦਾ ਚੁੱਕਿਆ ਓਸ ਨਹੀਂ ਗਲਤ ਦਿੱਸਦਾ,
ਰਿਹਾ ਨਾ ਸ਼ਬਦਾਂ ਦਾ ਜ਼ਰਾ ਧਿਆਨ ਭਾਈ।
ਸਿਆਣੀ ਉਂਜ ਤੇ ਬਹੁਤ ਉਹ ਕਹੀ ਜਾਂਦੀ,
ਤਿਲਕ ਜਾਏ ਬੋਲਦੇ ਵਕਤ ਜ਼ਬਾਨ ਭਾਈ।
ਰਹਿੰਦੀ ਜਿਨ੍ਹਾਂ ਦੇ ਉਲਟ ਆ ਬੋਲਦੀ ਉਹ,
ਉਨ੍ਹਾਂ ਫਿਰ ਲਿਆ ਈ ਸਾਂਭ ਮੈਦਾਨ ਭਾਈ।
ਇਨ੍ਹਾਂ ਗੱਲਾਂ ਨਾਲ ਅੱਗੇ ਇੱਕ ਕੇਸ ਬਣਿਆ,
ਮਹਿੰਗੀ ਦੁਸ਼ਮਣੀ ਬਹੁਤੀ ਉਹ ਪਈ ਭਾਈ।
ਬਣਿਆ ਕੇਸ ਇਹ ਨਵਾਂ ਤਾਂ ਭੁਗਤਣਾ ਪਊ,
ਮਾਰ ਰਹੇ ਟਾਹਰਾਂ ਅਗੇਤੇ ਹਨ ਕਈ ਭਾਈ।
-ਤੀਸ ਮਾਰ ਖਾਂ
9 ਜੁਲਾਈ, 2024