ਯੈੱਸ ਪੰਜਾਬ
ਬਠਿੰਡਾ, 22 ਜੂਨ, 2022 –
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮ.ਆਰ.ਐੱਸ.-ਪੀ.ਟੀ.ਯੂ.), ਬਠਿੰਡਾ ਵਿਖੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਬੜੀ ਧੂਮ-ਧਾਮ ਅਤੇ ਸ਼ਾਨੋ-ਸ਼ੋਕਤ ਨਾਲ ਮਨਾਇਆ ਗਿਆ।
ਇਹ ਪ੍ਰੋਗਰਾਮ 20 ਪੰਜਾਬ ਬਟਾਲੀਅਨ ਐਨ.ਸੀ.ਸੀ. ਦੇ ਕਮਾਂਡਿੰਗ ਅਫਸਰ ਕਰਨਲ ਕੇ.ਐਸ.ਮਾਥੁਰ ਦੀ ਅਗਵਾਈ ਹੇਠ ਕਰਵਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਬਠਿੰਡਾ ਸਥਿਤ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਕੈਡਿਟਾਂ ਦੇ ਇਕੱਠ ਨਾਲ ਕੀਤੀ ਗਈ।
ਇਸ ਸਮਾਗਮ ਵਿੱਚ 150 ਦੇ ਕਰੀਬ ਕੈਡਿਟਾਂ ਨੇ ਭਾਗ ਲਿਆ। ਕੈਡਿਟਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੇ ਵੀ ਇਸ ਮੈਗਾ ਈਵੈਂਟ ਵਿਚ ਹਿੱਸਾ ਲਿਆ। ਐੱਮ.ਆਰ.ਐੱਸ.ਪੀ.ਟੀ.ਯੂ. ਅਤੇ ਇਸ ਦੇ ਸੰਘੀ ਕਾਲਜਾਂ ਦੇ ਸਟਾਫ਼, ਫੈਕਲਟੀ ਅਤੇ ਵਿਦਿਆਰਥੀ ਯੋਗ ਅਭਿਆਸਾਂ ਦੀ ਖੁਸ਼ੀ ਦਾ ਅਨੁਭਵ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਸਨ।
ਇਸ ਮੌਕੇ ਯੋਗਾ ਮਾਹਿਰ ਸ਼. ਸੁੱਖਾ ਸਿੰਘ ਨੇ ਪ੍ਰਦਰਸ਼ਨੀ ਦਿੱਤੀ ਅਤੇ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਦੁਆਰਾ ਜਾਰੀ ਯੋਗ ਪ੍ਰੋਟੋਕੋਲ ਵਿੱਚ ਦਰਸਾਏ ਗਏ ਕ੍ਰਮ ਅਨੁਸਾਰ ਯੋਗਾ ਕਰਨ ਲਈ ਹਾਜ਼ਰੀਨ ਨੂੰ ਮਾਰਗਦਰਸ਼ਨ ਕੀਤਾ।
ਇਸ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਸੰਬੋਧਨ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਦਾ ਸੰਦੇਸ਼ ਹਾਜ਼ਰੀਨ ਤੱਕ ਪਹੁੰਚਾਇਆ ਗਿਆ। ਲਗਭਗ 45 ਮਿੰਟਾਂ ਦੇ ਯੋਗ ਪ੍ਰੋਟੋਕੋਲ ਦੀ ਪਾਲਣਾ ਪ੍ਰਧਾਨ ਮੰਤਰੀ ਦੇ ਸੰਬੋਧਨ ਤੋਂ ਬਾਅਦ ਕੀਤੀ ਗਈ ਅਤੇ ਇਕੱਠ ਨੇ ਯੋਗਾ ਆਸਣ ਅਤੇ ਅਭਿਆਸ ਕੀਤੇ।
ਐਮ.ਆਰ.ਐਸ.ਪੀ.ਟੀ.ਯੂ., ਵਾਈਸ-ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਅਤੇ ਰਜਿਸਟਰਾਰ ਡਾ: ਗੁਰਿੰਦਰਪਾਲ ਸਿੰਘ ਬਰਾੜ ਨੇ ਭਾਗ ਲੈਣ ਵਾਲਿਆਂ ਨੂੰ ਵਧਾਈ ਦਿੱਤੀ ਅਤੇ ਯੋਗ ਨੂੰ ਆਪਣਾ ਜੀਵਨ ਢੰਗ ਬਣਾਉਣ ਦੀ ਅਪੀਲ ਕੀਤੀ।
ਕੈਂਪਸ ਡਾਇਰੈਕਟਰ ਪ੍ਰੋ: ਸੰਜੀਵ ਅਗਰਵਾਲ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਯੋਗਾ ਜੀਵਨ ਨੂੰ ਸਵੈ ਅਨੁਸ਼ਾਸਿਤ ਬਣਾਉਂਦਾ ਹੈ ਅਤੇ ਸਰੀਰ ਅਤੇ ਮਨ ਨੂੰ ਤੰਦਰੁਸਤ ਰੱਖਦਾ ਹੈ |
ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਦੇ ਗਾਇਨ ਨਾਲ ਹੋਈ |
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ