ਯੈੱਸ ਪੰਜਾਬ
ਚੰਡੀਗੜ੍ਹ, 26 ਜੂਨ, 2024
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ.ਆਰ.ਐਸ.ਏ.ਐਫ.ਪੀ.ਆਈ.), ਐਸ.ਏ.ਐਸ.ਨਗਰ ਵੱਲੋਂ ਆਪਣੇ ਸਾਬਕਾ ਕੈਡਿਟਾਂ ਦਾ ਅਚੀਵਰ ਐਵਾਰਡ ਨਾਲ ਸਨਮਾਨ ਕੀਤਾ ਗਿਆ। ਇਸ ਅਚੀਵਰ ਐਵਾਰਡ ਸਮਾਗਮ ਦੀ ਪ੍ਰਧਾਨਗੀ ਇਸ ਸੰਸਥਾ ਦੇ ਬਾਨੀ ਡਾਇਰੈਕਟਰ ਅਤੇ ਗਵਰਨਿੰਗ ਬਾਡੀ ਦੇ ਮੈਂਬਰ ਮੇਜਰ ਜਨਰਲ ਬੀ.ਐਸ. ਗਰੇਵਾਲ, ਵੀ.ਐਸ.ਐਮ. (ਸੇਵਾਮੁਕਤ) ਨੇ ਕੀਤੀ।
ਇਸ ਸਮਾਗਮ ਵਿੱਚ ਪ੍ਰੈਪਰੇਟਰੀ ਇੰਸਟੀਚਿਊਟ ਦੇ 43 ਸਾਬਕਾ ਵਿਦਿਆਰਥੀਆਂ ਦਾ ਅਚੀਵਰ ਐਵਾਰਡ ਨਾਲ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿੱਚੋਂ ਦਸ ਕੈਡਿਟ ਮਈ-ਜੂਨ 2024 ‘ਚ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਸ਼ਾਮਲ ਹੋਏ ਹਨ।
ਇਨ੍ਹਾਂ ਤੋਂ ਇਲਾਵਾ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਤੋਂ ਪਾਸ ਹੋਏ ਕੈਡਿਟ ਅਤੇ ਮੌਜੂਦਾ ਸਮੇਂ ਵਿੱਚ ਐਨ.ਡੀ.ਏ./ਹੋਰ ਟਰੇਨਿੰਗ ਅਕੈਡਮੀਆਂ ਵਿੱਚ ਸਿਖਲਾਈ ਲੈ ਰਹੇ ਕੈਡਿਟ ਵੀ ਸ਼ਾਮਲ ਸਨ। ਸਨਮਾਨ ਹਾਸਲ ਕਰਨ ਵਾਲੇ ਸਾਬਕਾਂ ਕੈਡਿਟਾਂ ਵਿੱਚ ਇਸ ਸੰਸਥਾ ਦੇ ਪਹਿਲੇ ਕੋਰਸ ਦੇ ਤਿੰਨ ਅਚੀਵਰ ਵੀ ਸ਼ਾਮਲ ਸਨ, ਜਿਨ੍ਹਾਂ ਨੇ ਆਪਣੀ ਡਿਊਟੀ ਤੋਂ ਛੁੱਟੀ ਲੈ ਕੇ ਵਿਸ਼ੇਸ਼ ਤੌਰ ਉਤੇ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਸਨ।
ਮੇਜਰ ਜਨਰਲ ਬੀ.ਐਸ. ਗਰੇਵਾਲ ਨੇ ਸਫ਼ਲ ਕੈਡਿਟਾਂ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟਾਈ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਿਸਜ਼ ਪ੍ਰੈਪਰੇਟਰੀ ਇੰਸਟੀਚਿਊਟ ਭਵਿੱਖ ਵਿੱਚ ਵੀ ਕੈਡਿਟਾਂ ਨੂੰ ਟਰੇਨਿੰਗ ਸਰਵਿਸ ਅਕੈਡਮੀਆਂ ਵਿੱਚ ਉੱਤਮ ਰਹਿਣ ਲਈ ਬਿਹਤਰੀਨ ਮੰਚ ਪ੍ਰਦਾਨ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਫੌਜ ਵਿਚ ਭਰਤੀ ਹੋਣਾ ਕਿਸੇ ਹੋਰ ਕਿੱਤੇ ਵਰਗਾ ਨਹੀਂ ਹੈ, ਇਹ ਉਸ ਤੋਂ ਕਿਤੇ ਵੱਧ ਹੈ ਅਤੇ ਇਸ ਲਈ ਜਨੂੰਨ ਹੋਣਾ ਚਾਹੀਦਾ ਹੈ।
ਕੈਡਿਟਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਨੇ ਕੈਡਿਟਾਂ ਨੂੰ ਆਪਣੀ ਛੁਪੀ ਪ੍ਰਤਿਭਾ ਨੂੰ ਖੋਜਣ, ਆਪਣੀਆਂ ਕਮੀਆਂ ਨੂੰ ਦੂਰ ਕਰਨ ਅਤੇ ਇਮਾਨਦਾਰੀ ਦੇ ਉੱਚੇ ਮਾਪਦੰਡ ਸਥਾਪਤ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਮਿਸਾਲੀ ਨਤੀਜੇ ਪ੍ਰਾਪਤ ਕਰਨ ਲਈ ਮੌਜੂਦਾ ਐਮ.ਆਰ.ਐਸ.ਏ.ਐਫ.ਪੀ.ਆਈ. ਫੈਕਲਟੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ, ਵੀ.ਐਸ.ਐਮ. (ਸੇਵਾਮੁਕਤ) ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ. ਨੇ ਹੁਣ ਤੱਕ 229 ਕੈਡਿਟਾਂ ਨੂੰ ਐਨ.ਡੀ.ਏ. /ਹੋਰ ਅਕੈਡਮੀਆਂ ਵਿੱਚ ਭੇਜਿਆ ਹੈ।
ਉਨ੍ਹਾਂ ਕਿਹਾ ਕਿ ਐਸ.ਐਸ.ਬੀ. ਪਾਸ ਕਰਨ ਵਾਲੇ 22 ਕੈਡਿਟਾਂ ਨੂੰ ਐਨਡੀਏ ਵਿੱਚ ਸ਼ਾਮਲ ਹੋਣ ਸਬੰਧੀ ਪੱਤਰ ਮਿਲਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸੰਸਥਾ ਹਥਿਆਰਬੰਦ ਬਲਾਂ ਲਈ ਕੈਡਿਟ ਤਿਆਰ ਕਰਨ ਵਿੱਚ ਸਰਬੋਤਮ ਸੰਸਥਾ ਵਜੋਂ ਉਭਰੀ ਹੈ ਅਤੇ ਦੇਸ਼ ਭਰ ਵਿੱਚ ਇਸ ਦੇ ਨਤੀਜੇ ਸਭ ਤੋਂ ਬਿਹਤਰ ਹਨ।