ਯੈੱਸ ਪੰਜਾਬ
ਅੰਮ੍ਰਿਤਸਰ, 26 ਜਨਵਰੀ, 2022:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਵੱਲੋਂ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਆਪਣਾ ਪਹਿਲਾ ਪ੍ਰਤੀਕਰਮ ਦਿੰਦਿਆਂ ਸ: ਸਿੱਧੂ ਦੀ ਧਰਮਪਤਨੀ ਡਾ: ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਮਜੀਠੀਆ ਦਾ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਚੋਣ ਲੜਨਾ ਉਨ੍ਹਾਂ ਵਾਸਤੇ ਕੋਈ ਚੁਣੌਤੀ ਨਹੀਂ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਡਾ: ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਇਹ ‘ਚੈਲੰਜ’ ਤਾਂ ਹੁਣ ਵੋਟਰਾਂ ਲਈ ਹੈ, ਕਿ ਉਹ ਕਿਸਦੀ ਚੋਣ ਕਰਦੇ ਹਨ।
ਸ: ਸੁਖ਼ਬੀਰ ਸਿੰਘ ਬਾਦਲ ਦੇ ਬਿਆਨ ਕਿ ਸ: ਮਜੀਠੀਆ ਅਤੇ ਅਕਾਲੀ ਦਲ ਹੁਣ ਸ: ਸਿੱਧੂ ਨੂੰ ਇਸ ਹਲਕੇ ਤੋਂ ਭਜਾਉਣਗੇ ’ਤੇ ਟਿੱਪਣੀ ਕਰਦਿਆਂ ਸ੍ਰੀਮਤੀ ਸਿੱਧੂ ਨੇ ਕਿਹਾ ਕਿ ‘ਕਿਸੇ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ।
ਉਨ੍ਹਾਂ ਨੇ ਸ:ਮਜੀਠੀਆ ’ਤੇ ਦਰਜ ਡਰੱਗਜ਼ ਕੇਸ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ‘ਦਾਅਵੇ ਤਾਂ ਵੱਡੇ ਵੱਡੇ ਕੀਤੇ ਜਾ ਰਹੇ ਹਨ, ਪਹਿਲਾਂ ਜ਼ਮਾਨਤ ਤਾਂ ਲੈ ਲੈਣ, ਕਿ ਇਨ੍ਹਾਂ ਦੀ ਜੇਲ੍ਹ ਵਿੱਚੋਂ ਹੀ ਚੋਣ ਲੜਨ ਦੀ ਸਲਾਹ ਹੈ।’
ਸ: ਸਿੱਧੂ ਦਾ ਹੰਕਾਰ ਤੋੜਨ ਦੇ ਸ: ਸੁਖ਼ਬੀਰ ਸਿੰਘ ਬਾਦਲ ਦੇ ਦਾਅਵੇ ਦਾ ਜਵਾਬ ਦਿੰਦਿਆਂ ਸ੍ਰੀਮਤੀ ਸਿੱਧੂ ਨੇ ਕਿਹਾ ਕਿ ‘ਮੈਨੂੰ ਤਾਂ ਨਹੀਂ ਲੱਗਦਾ, ਸਾਡੇ ਵਿੱਚ ਕੋਈ ਹੰਕਾਰ ਹੈ, ਅਸੀਂ ਤਾਂ ਘਰੋ ਘਰੀ ਜਾ ਕੇ ਆਪਣਾ ਚੋਣ ਪ੍ਰਚਾਰ ਕਰ ਰਹੇ ਹਾਂ, ਹੰਕਾਰੀ ਤਾਂ ਉਹ ਹੁੰਦੇ ਹਨ ਜਿਹੜੇ ਗੱਡੀਆਂ ਵਿੱਚ ਹੀ ਚੜ੍ਹੇ ਫ਼ਿਰਦੇ ਹਨ।’
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ