ਦਲਜੀਤ ਕੌਰ
ਬਰਨਾਲਾ, 10 ਨਵੰਬਰ, 2024
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਹੋਰ ਸੂਬਾਈ ਆਗੂਆਂ ਦੀ ਅਗਵਾਈ ਹੇਠ ਬੀਤੇ ਕੱਲ੍ਹ 9 ਨਵੰਬਰ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੇ 33ਵੇਂ ਮੇਲੇ ਵਿੱਚ ਵੱਡੇ ਕਾਫ਼ਲੇ ਨੇ ਸ਼ਮੂਲੀਅਤ ਕੀਤੀ।
ਗਦਰੀ ਬਾਬਿਆਂ ਨੂੰ ਨਤਮਸਤਕ ਹੁੰਦੇ ਹੋਏ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਲੋਕਾਂ ਨੂੰ ਆਪਸ ਵਿੱਚ ਲੜਾਉਣ ਲਈ ਨਫ਼ਰਤੀ ਜੰਗ ਵਿੱਢੀ ਹੋਈ ਹੈ। ਧਰਮਾਂ ਦੇ ਆਧਾਰ ਤੇ ਭੜਕਾਈ ਜਾ ਰਹੀ ਨਫ਼ਰਤੀ ਜੰਗ ਦਾ ਅਸਲੀ ਮਕਸਦ ਕਾਰਪੋਰੇਟ ਘਰਾਣਿਆਂ ਨੂੰ ਸਾਰੇ ਦੇਸ਼ ਦੇ ਮਾਲ ਖ਼ਜ਼ਾਨੇ ਲੁਟਾ ਦੇਣਾ ਹੀ ਹੈ।
ਇਸ ਤੋਂ ਇਲਾਵਾ ਇਸ ਪ੍ਰਚਾਰ ਦਾ ਦੂਜਾ ਉਦੇਸ਼ ਸਿਆਸੀ ਵਿਰੋਧੀਆਂ ਤੇ ਜ਼ਬਰ ਦਾ ਰਾਹ ਪੱਧਰਾ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਗਦਰੀ ਬਾਬਿਆਂ ਦਾ ਇਹੋ ਹੀ ਸੁਨੇਹਾ ਹੈ ਕਿ ਲੋਕਾਂ ਨੂੰ ਇੱਕਜੁੱਟ ਹੋ ਕੇ ਆਜ਼ਾਦੀ -ਬਰਾਬਰੀ ਅਤੇ ਭਾਈਚਾਰਾ ਕਾਇਮ ਕਰਦਿਆਂ ਸਾਮਰਾਜ ਖਿਲਾਫ਼ ਆਪਣੀ ਲੜਾਈ ਹੋਰ ਤੇਜ਼ ਕਰਨੀ ਪਵੇਗੀ।
ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਰਵਨੀਤ ਬਿੱਟੂ ਵੱਲੋਂ ਕੀਤੀ ਜਾ ਰਹੀ ਨਫ਼ਰਤੀ ਬਿਆਨਬਾਜ਼ੀ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਰਵਨੀਤ ਬਿੱਟੂ ਦਾ ਆਪਣਾ ਕੋਈ ਵਿਚਾਰ ਨਹੀਂ ਹੈ। ਉਹ ਸਿਰਫ਼ ਆਪਣੇ ਮਾਲਕਾਂ ਦੇ ਸੁੱਟੇ ਹੋਏ ਟੁਕੜਿਆਂ ਦਾ ਮੁੱਲ ਮੋੜਨ ਲਈ ਆਰਐਸਐਸ ਦੀ ਬੋਲੀ ਬੋਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕਿਸਾਨ ਜਥੇਬੰਦੀਆਂ ਬਾਰੇ ਕੋਈ ਭੁਲੇਖਾ ਨਹੀਂ ਅਤੇ ਨਾ ਹੀ ਰਵਨੀਤ ਬਿੱਟੂ ਬਾਰੇ ਕੋਈ ਭੁਲੇਖਾ ਹੈ।
ਭੁਲੇਖਾ ਸਿਰਫ ਰਵਨੀਤ ਬਿੱਟੂ ਨੂੰ ਹੈ ਅਤੇ ਉਹ ਹੰਕਾਰਿਆ ਹੋਇਆ ਰਾਵਣ ਵਾਲੀ ਬੋਲੀ ਬੋਲ ਰਿਹਾ ਹੈ ਪਰ ਇੱਥੇ ਵੱਡੇ ਵੱਡੇ ਹੰਕਾਰੀ ਹੋ ਕੇ ਚਲੇ ਗਏ ਹਨ ਅਤੇ ਪੰਜਾਬ ਦੀ ਧਰਤੀ ਨੇ ਕਦੇ ਕਿਸੇ ਦੀ ਈਨ ਨਹੀਂ ਮੰਨੀ। ਜਾਬਰਾਂ ਖਿਲਾਫ਼ ਨਾਬਰੀ ਦਾ ਇਤਿਹਾਸ ਇਸ ਦੀ ਮੂੰਹ ਬੋਲਦੀ ਤਸਵੀਰ ਹੈ।
ਪੰਜਾਬ ਦੇ ਲੋਕ ਰਵਨੀਤ ਬਿੱਟੂ ਵਰਗਿਆਂ ਨੂੰ ਵੀ ਸਬਕ ਸਿਖਾਉਣ ਦੇ ਸਮਰੱਥ ਹਨ। ਭਾਰਤੀ ਜਨਤਾ ਪਾਰਟੀ ਦੇ ਸਾਰੇ ਆਗੂਆਂ ਅਤੇ ਬੁਲਾਰਿਆਂ ਨੂੰ ਉਨ੍ਹਾਂ ਦੀ ਰਾਜਨੀਤਿਕ ਸੰਸਥਾ ਆਰਐਸਐਸ ਦਿਸ਼ਾ ਨਿਰਦੇਸ਼ ਦਿੰਦੀ ਹੈ, ਉਸ ਦੇ ਅਨੁਸਾਰ ਹੀ ਇਹ ਸਾਰੇ ਬੋਲਦੇ ਹਨ।
ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿਸਾਨਾਂ ਨੂੰ ਮੰਡੀਆਂ ਵਿੱਚ ਰੋਲਣਾ, ਪਰਾਲੀ ਫ਼ੂਕਣ ਵਾਲੇ ਕਿਸਾਨਾਂ ਤੇ ਕੇਸ ਦਰਜ ਕਰਨੇ ਅਤੇ ਕੇਂਦਰ ਸਰਕਾਰ ਵੱਲੋਂ ਜੁਰਮਾਨਾ ਦੁੱਗਣਾ ਕਰਨਾ ਅਸਲ ਵਿੱਚ ਪੰਜਾਬ ਦੀਆਂ ਮੰਡੀਆਂ ਨੂੰ ਫੇਲ੍ਹ ਕਰਨ ਅਤੇ ਖੇਤੀ ਖੇਤਰ ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣ ਦੀ ਸਾਂਝੀ ਸਾਜ਼ਿਸ਼ ਹੈ ਅਤੇ ਉਹ ਪੰਜਾਬ ਦੀ ਸਮੁੱਚੀ ਆਰਥਿਕਤਾ ਨੂੰ ਤਬਾਹ ਕਰਨ ਤੋਂ ਵੀ ਬਾਜ਼ ਨਹੀਂ ਆ ਰਹੇ।
ਮੀਤ ਪ੍ਰਧਾਨ ਹਰੀਸ਼ ਨੱਢਾ ਅਤੇ ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ ਨੇ ਕਿਹਾ ਕਿਨੇ ਕਿਹਾ ਹੈ ਕਿ ਰਵਨੀਤ ਬਿੱਟੂ ਵੱਲੋਂ ਕਿਸਾਨਾਂ ਖਿਲਾਫ਼ ਕੀਤੀ ਜਾ ਰਹੀ ਗਲਤ ਬਿਆਨਬਾਜ਼ੀ ਲਈ ਸਿਰਫ ਬਿੱਟੂ ਹੀ ਜ਼ਿੰਮੇਵਾਰ ਨਹੀਂ ਹੈ ਸਗੋਂ ਇਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਭਾਰਤੀ ਜਨਤਾ ਪਾਰਟੀ ਅਤੇ ਉਹਨਾਂ ਨੂੰ ਵਿਚਾਰਧਾਰਕ ਸੇਧ ਦੇਣ ਵਾਲੀ ਆਰਐੱਸਐੱਸ ਦੀ ਮਨੂੰਵਾਦੀ ਵਿਚਾਰਧਾਰਾ ਹੈ।
ਉਨ੍ਹਾਂ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਦੇ ਆਬਾਦਕਾਰ ਮਾਲਕ ਕਿਸਾਨਾਂ ਦੀ ਜ਼ਮੀਨ ਜਬਰਦਸਤੀ ਖੋਹਣ ਦੀ ਕੋਸ਼ਿਸ਼ ਕਰਨਾ, ਡੀਏਪੀ ਦੀ ਘਾਟ, ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਰੋਲਣਾ, ਪਰਾਲੀ ਦੇ ਕੇਸ ਪਾਉਣੇ ਅਤੇ ਪਰਾਲੀ ਫੂਕਣ ਵਾਲੇ ਕਿਸਾਨਾਂ ਤੇ ਦੁੱਗਣਾ ਜ਼ੁਰਮਾਨਾ ਲਾਉਣਾ ਦੱਸਦਾ ਹੈ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਆਪਣੀ ਕਬਰ ਪੁੱਟਣ ਦੇ ਰਾਹ ਪੈ ਗਈਆਂ ਹਨ। ਲੋਕ ਇਸ ਤਰ੍ਹਾਂ ਦੇ ਜਬਰ ਨੂੰ ਅਤੇ ਆਪਣੇ ਖਿਲਾਫ ਸਾਜਿਸ਼ਾਂ ਨੂੰ ਕਦੇ ਵੀ ਬਰਦਾਸ਼ਤ ਨਾ ਕਰਦੇ ਹੋਏ ਆਪਣੀ ਇੱਕਜੁਟ ਤਾਕਤ ਰਾਹੀਂ ਮੂੰਹ ਤੋੜਵਾਂ ਜਵਾਬ ਦੇਣਗੇ।