ਯੈੱਸ ਪੰਜਾਬ
ਚੰਡੀਗੜ੍ਹ, 22 ਜਨਵਰੀ, 2022:
ਭਾਰਤੀ ਜਨਤਾ ਪਾਰਟੀ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਅਤੇ ਸ: ਸੁਖ਼ਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਆਪਸ ਵਿੱਚ ਸੀਟ ਵੰਡ ਫ਼ਾਰਮੂਲਾ ਫ਼ਾਈਨਲ ਕਰ ਲਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਸ੍ਰੀ ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਇਹ ਸੀਟ ਵੰਡ ਫ਼ਾਰਮੂਲਾ ਕੇਵਲ ਜਿੱਤ ਸਕਣ ਦੀ ਸਮਰੱਥਾ ਨੂੰ ਆਧਾਰ ਬਣਾ ਕੇ ਤਿਆਰ ਕੀਤਾ ਗਿਆ ਹੈ।
ਤਿੰਨਾਂ ਸਿਆਸੀ ਧਿਰਾਂ ਵਿੱਚ ਸੀਟ ਵੰਡ ਹੇਠ ਅਨੁਸਾਰ ਹੋਵੇਗੀ:
ਭਾਜਪਾ – 65 ਸੀਟਾਂ
ਪੰਜਾਬ ਲੋਕ ਕਾਂਗਰਸ – 38 ਸੀਟਾਂ
ਅਕਾਲੀ ਦਲ ਸੰਯੁਕਤ – 14 ਸੀਟਾਂ
ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲਾ ਇਹ ਗਠਜੋੜ ਕਿਸੇ ਨੂੰ ਵੀ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਕੇ ਚੋਣਾਂ ਨਹੀਂ ਲੜੇਗਾ। ਇਸ ਬਾਰੇ ਗੱਲਬਾਤ ਕਰਦਿਆਂ ਸ੍ਰੀ ਸੁਭਾਸ਼ ਸ਼ਰਮਾ ਨੇ ਕਿਹਾ ਕਿ ਭਾਵੇਂ ਕੌਮੀ ਚੋਣਾਂ ਹੋਣ ਜਾਂ ਫ਼ਿਰ ਸੂਬਾਈ, ਭਾਜਪਾ ਕੇਵਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਚਿਹਰੇ ’ਤੇ ਹੀ ਚੋਣਾਂ ਲੜਦੀ ਹੈ ਅਤੇ ਬਾਕੀ ਫ਼ੈਸਲਾ ਬਾਅਦ ਵਿੱਚ ਲਿਆ ਜਾਂਦਾ ਹੈ।
ਯਾਦ ਰਹੇ ਕਿ ਭਾਜਪਾ ਨੇ ਹੁਣ ਤਕ ਆਪਣੇ ਹਿੱਸੇ ਦੇ 35 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੋਇਆ ਹੈ ਜਦਕਿ ਅਕਾਲੀ ਦਲ ਸੰਯੁਕਤ ਨੇ ਆਪਣੇ ਹਿੱਸੇ ਦੇ 14 ਵਿੱਚੋਂ 13 ਉਮੀਦਵਾਰ ਐਲਾਨ ਦਿੱਤੇ ਹਨ। ਐਤਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਵੀ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰਾਂ ਦਾ ਐਲਾਨ ਕਰਨ ਜਾ ਰਹੇ ਹਨ। ਉਂਜ ਕੈਪਟਨ ਅਮਰਿੰਦਰ ਸਿੰਘ ਇਹ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਆਪਣੀ ਪਾਰਟੀ ਵੱਲੋਂ ਪਟਿਆਲਾ ਤੋਂ ਉਮੀਦਵਾਰ ਹੋਣਗੇ।
ਇਸ ਨੂੰ ਵੀ ਪੜ੍ਹੋ:
ਕਿਹੜੀਆਂ ਸੀਟਾਂ ਆਈਆਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਦੇ ਹਿੱਸੇ? – ਮੁਕੰਮਲ ਸੂਚੀ
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ