ਭਗਤ ਸਿੰਹਾਂ ਤੈਨੂੰ ਯਾਦ ਕਰਾਂਗੇ
ਤੇਰੇ ਵਰਗੀ ਪੱਗ ਬੰਨ੍ਹਾਂਗੇ
ਰਲ ਮਿਲ ਕੇ ਅਸੀਂ ਰਲ ਮਿਲ ਸਾਰੇ
ਲਾਵਾਂਗੇ ਤੇਰੇ ਨਾਂਅ ਦੇ ਨਾਅਰੇ
ਭਗਤ ਸਿੰਹਾਂ ਤੇਰੀ ਸੋਚ ’ਤੇ
ਪਹਿਰਾ ਦਿਆਂਗੇ ਠੋਕ ਕੇ
ਖਟਕੜ ਕਲਾਂ, ਹੁਸੈਨੀ ਵਾਲਾ
ਯਾਦਗਾਰਾਂ ’ਤੇ ਸੋਹਣੀ ਮਾਲਾ
ਤੇਰੇ ਬੁੱਤ ’ਤੇ ਪਾਉਣੇ ਹਾਰ
ਜੀਵੇ ਭਗਤ ਸਿੰਘ ਸਰਦਾਰ
ਜਿਹਨੂੰ ਮਿਲ ਲਉ, ਲੋਕ ਤਮਾਮ
ਸੋਚ ਤੇਰੀ ਨੂੰ ਕਰਨ ਸਲਾਮ
ਰੰਗ ਬਸੰਤੀ ਚੋਲੇ ਪਾ ਕੇ
ਇਨਕਲਾਬ ਦੇ ਨਾਅਰੇ ਲਾ ਕੇ
ਜਨਮ ਦਿਨ ਜਾਂ ਬਰਸੀ ਤੇਰੀ
ਸੋਸ਼ਲ ਮੀਡੀਏ ਆਊ ਹਨੇਰੀ
ਪਰ ਕਿਹੜਾ ਤੇਰੀ ਸੋਚ ਨੂੰ ਸਾਂਭੇ
ਸੋਚ ਤੇਰੀ ਨੂੰ ਰੱਖਿਆ ਲਾਂਭੇ
ਇਸ਼ਤਿਹਾਰ ਲਵਾਉਣੇ ਸੌਖੇ
ਤੇਰੇ ਬਚਨ ਨਿਭਾਉਣੇ ਔਖੇ
ਤੇਰਾ ਕਿਹਾ ਨਿਭਾ ਨਹੀਂ ਹੋਣਾ
ਚੁੰਮ ਰੱਸਾ ਗਲ ਪਾ ਨਹੀਂ ਹੋਣਾ
ਸੱਚ ਲਈ ਕਿਤੇ ਖੜ੍ਹ ਨਹੀਂ ਹੋਣਾ
ਇਨਕਲਾਬ ਲਈ ਲੜ ਨਹੀਂ ਹੋਣਾ
ਖੁਲ੍ਹੀ ਗੱਲ ਹੈ, ਨਹੀਂ ਲੁਕਾਈ
ਉਂਜ ਬੜੀ ਤੇਰੀ ਇੱਜ਼ਤ ਭਾਈ
ਤੇਰਾ ਸੀ ਬਈ ਸੱਚ ’ਤੇ ਜ਼ੋਰ
ਸਾਡੇ ਰੋਲ ਮਾਡਲ ਨੇ ਹੋਰ
ਕਲ੍ਹ ਰੈਲੀ ’ਤੇ ਜਾਵਾਂਗੇ
ਉਨ੍ਹਾਂ ਦੇ ਨਾਅਰੇ ਲਾਵਾਂਗੇ
ਭੰਨੀਏ ਭਾਵੇਂ ਨਾ ਕੋਈ ਡੱਕਾ
ਤੇਰੇ ਨਾਲ ਹੈ ਵਾਅਦਾ ਪੱਕਾ
ਭਗਤ ਸਿੰਹਾਂ ਤੈਨੂੰ ਯਾਦ ਕਰਾਂਗੇ
ਤੇਰੇ ਵਰਗੀ ਪੱਗ ਬੰਨ੍ਹਾਂਗੇ
ਰਲ ਮਿਲ ਕੇ ਅਸੀਂ ਰਲ ਮਿਲ ਸਾਰੇ
ਲਾਵਾਂਗੇ ਤੇਰੇ ਨਾਂਅ ਦੇ ਨਾਅਰੇ
ਭਗਤ ਸਿੰਹਾਂ ਤੇਰੀ ਸੋਚ ’ਤੇ
ਪਹਿਰਾ ਦਿਆਂਗੇ ਠੋਕ ਕੇ
ਐੱਚ.ਐੱਸ.ਬਾਵਾ
Editor YesPunjab.com
HS Bawa can be reached at [email protected]