ਯੈੱਸ ਪੰਜਾਬ
ਮੁੰਬਈ, 11 ਦਸੰਬਰ, 2020:
ਪ੍ਰਸਿੱਧ ਬਾਲੀਵੁੱਡ ਐਕਟਰ ਧਰਮਿੰਦਰ ਨੇ ਅੱਜ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ। ਉਹਨਾਂ ਨੇ ਸਰਕਾਰ ਨੂੰ ਇਸ ਮਾਮਲੇ ਦਾ ਛੇਤੀ ਹੱਲ ਕਰਨ ਲਈ ਕਿਹਾ ਹੈ।
ਧਰਮਿੰਦਰ ਨੇ ਅੱਜ ਟਵੀਟ ਕਰਕੇ ਆਖ਼ਿਆ ਕਿ ਉਹ ਆਪਣੇ ਕਿਸਾਨ ਭਰਾਵਾਂ ਦੇ ਦਰਦ ਨੂੰ ਵੇਖ਼ ਕੇ ਗਹਿਰੀ ਪੀੜਾ ਵਿੱਚ ਹਨ। ਸਰਕਾਰ ਨੂੰ ਜਲਦੀ ਹੀ ਕੁਝ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬੜੇ ਹੀ ਗਮ ਭਰੇ ਅੰਦਾਜ਼ ਵਿੱਚ ਇਕ ਤਸਵੀਰ ਵੀ ਪਾਈ ਹੈ ਜੋ ਇਸ ਪੋਸਟ ਦੇ ਨਾਲ ਪ੍ਰਕਾਸ਼ਿਤ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਧਰਮਿੰਦਰ ਨੇ ਇਕ ਟਵੀਟ ਕੀਤਾ ਸੀ ਜੋ ਉਨ੍ਹਾਂ ਨੇ ਆਪ ਹੀ ਡਿਲੀਟ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਆਪਣੇ ਹੱਕਾਂ ਲਈ ਧਰਨੇ ਦੇ ਰਹੇ ਹਨ ਪਰ ਧਰਮਿੰਦਰ ਵੱਲੋਂ ਉਹਨਾਂ ਦੇ ਹੱਕ ਵਿੱਚ ਆਈਆਂ ਇਹ ਪਹਿਲੀਆਂ ਦੋ ਸਤਰਾਂ ਹਨ।
ਉਂਜ ਇਹ ਵੀ ਜ਼ਿਕਰਯੋਗ ਹੈ ਕਿ ਭਾਜਪਾ ਨਾਲ ਜੁੜੇ ਧਰਮਿੰਦਰ ਦੇ ਪਰਿਵਾਰਕ ਮੈਂਬਰ ਹੇਮਾ ਮਾਲਿਨੀ ਅਤੇ ਸੰਨੀ ਦਿਓੁਲ ਭਾਜਪਾ ਅਤੇ ਕੇਂਦਰ ਸਰਕਾਰ ਦੇ ਨਾਲ ਹੀ ਖੜ੍ਹੇ ਹਨ ਅਤੇ ਸੰਨੀ ਦਿਓਲ ਨੇ ਪੰਜਾਬ ਵਿੱਚ ਗੁਰਦਾਸਪੁਰ ਤੋਂ ਸੰਸਦ ਮੈਂਬਰ ਹੁੰਦਿਆਂ ਹੋਇਆਂ ਜੋ ਭੂਮਿਕਾ ਨਿਭਾਈ ਹੈ ਉਸਦੀ ਪੰਜਾਬ ਅੰਦਰ ਕਾਫ਼ੀ ਅਲੋਚਨਾ ਹੋ ਰਹੀ ਹੈ।
ਯਾਦ ਰਹੇ ਕਿ ਪੰਜਾਬ ਨਾਲ ਸੰਬੰਧਤ ਕਲਾਕਾਰਾਂ ਅਤੇ ਗਾਇਕਾਂ ਤੋਂ ਇਲਾਵਾ ਕਈ ਬਾਲੀਵੁੱਡ ਹਸਤੀਆਂ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ। ਗਾਇਕ ਦਿਲਜੀਤ ਦੁਸਾਂਝ ਅਤੇ ਮੀਕਾ ਸਣੇ ਕਈ ਕਲਾਕਾਰਾਂ ਨੇ ਕੰਗਨਾ ਰਣੌਤ ਦੇ ਨਾਲ ਵੀ ਟਵਿੱਟਰ ’ਤੇ ਆਢਾ ਲਿਆ ਕਿਉਂਕਿ ਕੰਗਨਾ ਰਾਣੌਤ ਨੇ ਪੰਜਾਬ ਦੀ ਇਕ ਬਜ਼ੁਰਗ ਔਰਤ ਦਾ ਅਪਮਾਨ ਕਰਨ ਤੋਂ ਇਲਾਵਾ ਕਿਸਾਨ ਅੰਦੋਲਨ ਨੂੰ ਖ਼ਾਲਿਸਤਾਨ ਨਾਲ ਜੋੜਨ ਦੀ ਕੋਝੀ ਕੋਸ਼ਿਸ਼ ਕੀਤੀ ਸੀ।
I am extremely in pain to see the suffering of my farmer brothers . Government should do something fast . pic.twitter.com/WtaxdTZRg7
— Dharmendra Deol (@aapkadharam) December 11, 2020