ਯੈੱਸ ਪੰਜਾਬ
ਚੰਡੀਗੜ੍ਹ, 16 ਮਈ, 2021:
2015 ਵਿੱਚ ਬਰਗਾੜੀ ਵਿਖ਼ੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਵਿਖ਼ੇ ਪੁਲਿਸ ਵੱਲੋਂ ਗੋਲੀਆਂ ਚਲਾ ਕੇ 2 ਸਿੰਘਾਂ ਨੂੰ ਸ਼ਹੀਦ ਕਰ ਦੇਣ ਨਾਲ ਸੰਬੰਧਤ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਨਵੀਂ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ।
ਆਈ.ਜੀ. ਲੁਧਿਆਣਾ ਸ: ਨੌਨਿਹਾਲ ਸਿੰਘ ਦੀ ਅਗਵਾਈ ਵਾਲੀ ਇਸ ਐਸ.ਆਈ.ਟੀ. ਦੇ ਬਾਕੀ ਦੋ ਮੈਂਬਰਾਂ ਵਿੱਚ ਐਸ.ਐਸ.ਪੀ. ਮੋਹਾਲੀ ਸ: ਸਤਿੰਦਰ ਸਿੰਘ ਅਤੇ ਐਸ.ਐਸ.ਪੀ.ਫ਼ਰੀਦਕੋਟ ਸ: ਸਵਰਨਦੀਪ ਸਿੰਘ ਸ਼ਾਮਲ ਕੀਤੇ ਗਏ ਹਨ।
ਸਰਕਾਰ ਨੂੰ ਇਸ ਐਸ.ਆਈ.ਟੀ. ਦੇ ਪੁਨਰਗਠਨ ਦੀ ਲੋੜ ਸਾਬਕਾ ਆਈ.ਜੀ. ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਸਵੈਇੱਛਾ ਨਾਲ ਅਸਤੀਫ਼ਾ ਦੇ ਕੇ ਸੇਵਾ ਮੁਕਤੀ ਲਏ ਜਾਣ ਮਗਰੋਂ ਪਈ ਹੈ। ਜ਼ਿਕਰਯੋਗ ਹੈ ਕਿ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੀ ਕੋਟਕਪੂਰਾ ਅਤੇ ਬਹਿਬਲ ਕਲਾਂ ਦੋਵਾਂ ਗੋਲੀਕਾਂਡਾਂ ਨਾਲ ਸੰਬੰਧਤ ਮਾਮਲਿਆਂ ਦੀ ਜਾਂਚ ਕਰ ਰਹੇ ਸਨ ਅਤੇ ਉਨ੍ਹਾਂ ਦੀ ਕੋਟਕਪੂਰਾ ਗੋਲੀਕਾਂਡ ਨਾਲ ਸੰਬੰਧਤ ਜਾਂਚ ਨੂੰ ਹਾਈਕੋਰਟ ਵੱਲੋਂ ਖ਼ਾਰਿਜ ਕਰ ਦਿੱਤੇ ਜਾਣ ਮਗਰੋਂ ਉਨ੍ਹਾਂ ਨੇ ਸਵੈਇੱਛਕ ਸੇਵਾਮੁਕਤੀ ਲੈ ਲਈ ਸੀ।
ਹੁਕਮਾਂ ਅਨੁਸਾਰ ਇਹ ਐਸ.ਆਈ.ਟੀ.ਬਹਿਬਲ ਕਲਾਂ ਮਾਮਲੇ ਦੀਆਂ ਦੋਨੋਂ ਐਫ.ਆਈ.ਆਰਜ਼ ਦੀ ਜਾਂਚ ਕਰੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਏ.ਡੀ.ਜੀ.ਪੀ. ਸ੍ਰੀ ਐਲ.ਕੇ.ਯਾਦਵ ਦੀ ਅਗਵਾਈ ਵਿੱਚ ਇਕ ਐਸ.ਆਈ.ਟੀ. ਦਾ ਗਠਨ ਕਰ ਚੁੱਕੀ ਹੈ। ਇਸ ਐਸ.ਆਈ.ਟੀ. ਵਿੱਚ ਸ੍ਰੀ ਰਾਕੇਸ਼ ਅੱਗਰਵਾਲ ਪੁਲਿਸ ਕਮਿਸ਼ਨਰ ਲੁਧਿਆਣਾ ਅਤੇ ਡੀ.ਆਈ.ਜੀ. ਫ਼ਰੀਦਕੋਟ ਰੇਂਜ ਸ: ਸੁਰਜੀਤ ਸਿੰਘ ਸ਼ਾਮਲ ਹਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ