ਅੱਜ-ਨਾਮਾ
ਬਣਦਾ ਹੁੰਦਾ ਕੋਈ ਮੁੱਦਾ ਕਿ ਨਹੀਂ ਮੁੱਦਾ,
ਮੁੱਦਿਆਂ ਬਾਝ ਵੀ ਬਹਿਸ ਹੈ ਹੋਈ ਜਾਂਦੀ।
ਵਿਰੋਧੀ ਧਿਰ ਸਰਕਾਰ ਦੀ ਛਿੱਲ ਲਾਹੁੰਦੀ,
ਆਪਣੇ ਰੋਣ ਵੀ ਨਾਲੋ-ਨਾਲ ਰੋਈ ਜਾਂਦੀ।
ਧਿਰ ਵਿਰੋਧੀ ਨਾਲ ਕੋਈ ਨਾ ਗੱਲ ਕਰਦੀ,
ਅੰਦਰ ਦਾ ਨੁਕਸ ਸਰਕਾਰ ਲੁਕੋਈ ਜਾਂਦੀ।
ਦੋਵਾਂ ਧਿਰਾਂ ਲਈ ਕਾਫੀ ਤਾਂ ਨਰਮ ਜਨਤਾ,
ਜਿਹੜੀ ਦੋਵਾਂ ਦਾ ਬੋਝ ਜਿਹਾ ਢੋਈ ਜਾਂਦੀ।
ਰੌਲਾ ਗੌਲਾ ਜਿਹਾ ਰਹਿ ਗਿਆ ਲੋਕਤੰਤਰ,
ਚਰਚਾ ਵਿੱਚ ਹੀ ਲੋਕਾਂ ਦਾ ਹਿੱਤ ਹੈ ਨਹੀਂ।
ਵਿਰੋਧੀ ਪੱਖ ਤੇ ਸਰਕਾਰ ਦੇ ਆਗੂਆਂ`ਚੋਂ,
ਦਿਲ ਤੋਂ ਲੋਕਾਂ ਦਾ ਲੱਭਦਾ ਮਿੱਤ ਹੈ ਨਹੀਂ।
-ਤੀਸ ਮਾਰ ਖਾਂ
25 ਮਾਰਚ , 2025