Friday, April 19, 2024

ਵਾਹਿਗੁਰੂ

spot_img
spot_img

ਬਡੂੰਗਰ ਧੱਕਾ ਕਰ ਗਏ ਜਾਂ ਲੌਂਗੋਵਾਲ ਧੱਕਾ ਕਰ ਰਹੇ? ਨਿਤਾਰਾ ਹੋਣਾ ਚਾਹੀਦੈ – ਐੱਚ.ਐੱਸ.ਬਾਵਾ

- Advertisement -

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਵੱਲੋਂ ਆਪਣੇ ਪਿਛਲੇ ਇਕ ਸਾਲ ਦੇ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਲਗਪਗ 700 ਨਿਯੁਕਤੀਆਂ ਸ਼ੁਰੂ ਤੋਂ ਹੀ ਚਰਚਾ ਦਾ ਵਿਸ਼ਾ ਰਹੀਆਂ ਹਨ ਪਰ ਪ੍ਰੋ: ਬਡੂੰਗਰ ਤੋਂ ਬਾਅਦ ਪ੍ਰਧਾਨ ਬਣੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਇਨ੍ਹਾਂ ਨਿਯੁਕਤੀਆਂ ਵਿਚੋਂ 523 ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਗਿਆ ਹੈ ਕਿ ਇਹ ਨਿਯੁਕਤੀਆਂ ਨਿਯਮਾਂ ਅਨੁਸਾਰ ਨਹੀਂ ਕੀਤੀਆਂ ਗਈਆਂ ਸਨ।

75 ਟੱਪ ਚੁੱਕੇ ਪ੍ਰੋ: ਬਡੂੰਗਰ ਸੀਨੀਅਰ ਅਤੇ ਟਕਸਾਲੀ ਅਕਾਲੀ ਆਗੂਆਂ ਵਿਚ ਗਿਣੇ ਜਾਂਦੇ ਹਨ ਅਤੇ ਉਨ੍ਹਾਂ ਦਾ ਨਾਂਅ ਸ਼੍ਰੋਮਣੀ ਅਕਾਲੀ ਦਲ ਦੇ ਪੜ੍ਹੇ ਲਿਖ਼ੇ ਅਤੇ ਵਿਚਾਰਵਾਨ ਨੇਤਾਵਾਂ ਵਿਚ ਆਉਂਦਾ ਹੈ। ਪੁਸਤਕਾਂ ਦੇ ਰਚੇਤਾ, ਇਕ ਸਾਫ਼ ਸੁਥਰੇ ਅਕਸ ਵਾਲੇ ਅਤੇ ਗੈਰ ਵਿਵਾਦਿਤ ਨੇਤਾ ਹੋਣ ਦੇ ਨਾਲ ਨਾਲ ਉਨ੍ਹਾਂ ਦਾ ਦਾਮਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਵੀ ਰਹਿਤ ਹੀ ਰਿਹਾ ਹੈ ਪਰ ਹੁਣ ਸ: ਲੌਂਗੋਵਾਲ ਦੀ ਮੰਨੀਏ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਸ:ਰਘੂਜੀਤ ਸਿੰਘ ਵਿਰਕ ਦੀ ਅਗਵਾਈ ਵਾਲੀ ਪੜਤਾਲੀਆ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਅਤੇ ਸ਼੍ਰੋਮਣੀ ਕਮੇਟੀ ਦੀ ਮੌਜੂਦਾ ਅੰਤਰਿੰਗ ਕਮੇਟੀ ਵੱਲੋਂ ਇਕ ਮਤਾ ਪਾਸ ਕਰਕੇ ਇਹ ਕਿਹਾ ਗਿਆ ਹੈ ਕਿ ਨਿਯੁਕਤੀਆਂ ਨਿਯਮਾਂ ਅਨੁਸਾਰ ਨਹੀਂ ਸਨ।

ਇਹ ਪ੍ਰੋ: ਬਡੂੰਗਰ ਦੇ ਪ੍ਰਸ਼ੰਸਕਾਂ, ਉਨ੍ਹਾਂ ਦੇ ਸ਼ੁਭਚਿੰਤਕਾਂ ਅਤੇ ਉਨ੍ਹਾਂ ਦੇ ਧੜੇ ਜਾਂ ਸੋਚ ਨਾਲ ਜੁੜੇ ਲੋਕਾਂ ਦੇ ਨਾਲ ਨਾਲ ਖ਼ੁਦ ਪ੍ਰੋ: ਬਡੂੰਗਰ ਲਈ ਵੀ ਇਕ ਨਿਰਾਸ਼ ਕਰ ਦੇਣ ਵਾਲਾ ਘਟਨਾ¬ਕ੍ਰਮ ਹੋ ਨਿੱਬੜਿਆ ਹੈ। ਇਸ ਮਸਲੇ ’ਤੇ ਪਹਿਲਾਂ ਚੁੱਪ ਦੀ ਚਾਦਰ ਲਪੇਟੀ ਰਹੇ ਪ੍ਰੋ: ਬਡੂੰਗਰ ਅੰਤ ਬੋਲਣ ਲਈ ਮਜਬੂਰ ਹੋ ਗਏ। ਉਨ੍ਹਾਂ ਇਸ ਨੂੰ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਲਈ ਕੀਤੀ ਜਾ ਰਹੀ ਇਕ ਸਾਜ਼ਿਸ਼ ਦੱਸਿਆ ਹੈ।

ਪ੍ਰੋ: ਬਡੂੰਗਰ ਦਾ ਅਕਸ ਕੋਈ ਕਿਉਂ ਖ਼ਰਾਬ ਕਰਨਾ ਚਾਹੇਗਾ? ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਤਾਂ ਉਨ੍ਹਾਂ ਸਾਂਭ ਲਈ। ਉਨ੍ਹਾਂ ਨੂੰ ਹਟਾ ਕੇ ਸ: ਲੌਂਗੋਵਾਲ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਤਾਂ ਉਹ ਹਟ ਕੇ ਇਕ ਪਾਸੇ ਬੈਠ ਗਏ। ਹੁਣ ਪ੍ਰੋਫ਼ੈਸਰ ਬਡੂੰਗਰ ਦਾ ਅਕਸ ਕੌਣ ਖ਼ਰਾਬ ਕਰਨਾ ਚਾਹ ਰਿਹੈ? ਕਿਉਂ ਖ਼ਰਾਬ ਕਰਨਾ ਚਾਹੇਗਾ?

ਪ੍ਰੋ: ਬਡੂੰਗਰ ਪਹਿਲਾਂ ਵੀ ਪ੍ਰਧਾਨ ਰਹਿ ਚੁੱਕੇ ਹਨ ਅਤੇ ਲੰਬੇ ਸਮੇਂ ਤੋਂ ਸ਼ੋਮਣੀ ਕਮੇਟੀ ਨਾਲ ਸਰਗਰਮ ਤਰੀਕੇ ਨਾਲ ਜੁੜੇ ਹੋਏ ਹਨ। ਸਵਾਲ ਹੈ ਕਿ ਕੀ ਉਨ੍ਹਾਂ ਨੂੰ ਨਿਯਮਾਂ ਦੀ ਜਾਣਕਾਰੀ ਨਹੀਂ ਸੀ ਜਾਂ ਫ਼ਿਰ ਉਹਨਾਂ ਇਹ ਨਿਯੁਕਤੀਆਂ ਕੁਝ ਹੋਰ ਕਾਰਨਾਂ ਕਰਕੇ ਕੀਤੀਆਂ। ਸਾਨੂੰ ਤਾਂ ਇਸ ਬਾਰੇ ਪਤਾ ਨਹੀਂ ਸੀ, ਆਮ ਲੋਕਾਂ ਨੂੰ ਇਹ ਗੱਲ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ, ਮੌਜੂਦਾ ਪੜਤਾਲੀਆ ਕਮੇਟੀ ਅਤੇ ਮੌਜੂਦਾ ਅੰਤਰਿੰਗ ਕਮੇਟੀ ਨੇ ਹੀ ਦੱਸੀ ਹੈ। ਜ਼ਾਹਿਰ ਹੈ ਕਿ ਪ੍ਰੋ: ਬਡੂੰਗਰ ਵੱਲੋਂ ਕੀਤੀਆਂ ਨਿਯੁਕਤੀਆਂ ਨੂੰ ਉਨ੍ਹਾਂ ਦੇ ਸਮੇਂ ਦੀ ਅੰਤਰਿੰਗ ਕਮੇਟੀ ਦੀ ਮਨਜ਼ੂਰੀ ਰਹੀ ਹੋਵੇਗੀ।

ਐਂਵੇਂ ਕੈਲਕੂਲੇਟਰ ’ਤੇ ਹੱਥ ਮਾਰ ਕੇ ਵੇਖੀਏ ਤਾਂ 700 ਨਿਯੁਕਤੀਆਂ ਵਿਚੋਂ 523 ਗ਼ਲਤ ਭਾਵ ਲਗਪਗ 75 ਪ੍ਰਤੀਸ਼ਤ ਗ਼ਲਤ, 25 ਪ੍ਰਤੀਸ਼ਤ ਸਹੀ। ਜਮਾਤ ਕੋਈ ਹੋਵੇ 33 ਪ੍ਰਤੀਸ਼ਤ ਤੋਂ ਘੱਟ ਵਾਲੇ ਨੂੰ ਤਾਂ ਪਾਸ ਨਹੀਂ ਗਿਣਦੇ। ਜੇ ਦੋਸ਼ ਸਹੀ ਹੋਣ ਤਾਂ ਨੰਬਰ ਪਾਸ ਹੋਣ ਜੋਗੇ ਵੀ ਨਾ ਹੋਏ ਪਰ ਗੱਲ ਅਜੇ ਬਾਕੀ ਹੈ।

ਨੋਟ ਕਰਨ ਵਾਲੀ ਗੱਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਵਿਚ ਪ੍ਰਧਾਨ ਬਦਲਿਆ ਹੈ, ਅੰਤਰਿੰਗ ਕਮੇਟੀ ਬਦਲੀ ਹੈ, ਨਿਜ਼ਾਮ ਨਹੀਂ ਬਦਲਿਆ। ਸ਼੍ਰੋਮਣੀ ਕਮੇਟੀ ਪਿਛਲੇ ਸਾਲ ਭਾਵ ਪ੍ਰੋ: ਬਡੂੰਗਰ ਵੇਲੇ ਵੀ ਸ਼੍ਰੋਮਣੀ ਅਕਾਲੀ ਦਲ ਕੋਲ ਹੀ ਸੀ ਅਤੇ ਹੁਣ ਭਾਈ ਲੌਂਗੋਵਾਲ ਵੀ ਅਕਾਲੀ ਦਲ ਦੇ ਹੀ ਨੇਤਾ ਅਤੇ ਨੁਮਾਇੰਦੇ ਦੇ ਤੌਰ ’ਤੇ ਪ੍ਰਧਾਨ ਦੀ ਕੁਰਸੀ ’ਤੇ ਸੁਸ਼ੋਭਿਤ ਹਨ।

ਇਕ ਹੋਰ ਪਹਿਲੂ ਇਹ ਹੈ ਕਿ ਕੇਵਲ ਪ੍ਰਧਾਨ ਹੀ ਨਹੀਂ ਇਸ ਮੁੱਦੇ ’ਤੇ ਵਖਰੇਵਾਂ ਪ੍ਰੋ: ਬਡੂੰਗਰ ਅਤੇ ਭਾਈ ਲੌਂਗੋਵਾਲ ਦੀਆਂ ਟੀਮਾਂ ਦੇ ਵਿਚਕਾਰ ਵੀ ਰਿਹਾ। ਜਿਸ ਟੀਮ ਨੇ ਨਿਯੁਕਤੀਆਂ ਕੀਤੀਆਂ ਸਨ, ਉਹ ਵੀ ਅਕਾਲੀ ਟੀਮ ਸੀ, ਉਸ ਟੀਮ ਦੇ ਲੀਡਰ ਪ੍ਰੋ: ਬਡੂੰਗਰ ਇਨ੍ਹਾਂ ਨਿਯੁਕਤੀਆਂ ਨੂੰ ਸਹੀ ਠਹਿਰਾ ਰਹੇ ਹਨ ਅਤੇ ਜਿਸ ਟੀਮ ਨੇ ਇਹ ਨਿਯੁਕਤੀਆਂ ਰੱਦ ਕੀਤੀਆਂ ਹਨ, ਉਹ ਵੀ ਅਕਾਲੀ ਟੀਮ ਹੈ, ਉਹ ਇਨ੍ਹਾਂ ਨਿਯੁਕਤੀਆਂ ਨੂੰ ਗ਼ਲਤ ਦੱਸ ਕੇ ਰੱਦ ਕਰ ਰਹੀ ਹੈ। ਉਂਜ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਵੀ ਸ਼ਾਇਦ ਪਹਿਲੀ ਵਾਰ ਹੀ ਹੋਇਆ ਹੋਵੇ ਕਿ ਪ੍ਰੋ: ਬਡੂੰਗਰ ਦੀ ਅਗਵਾਈ ਵਾਲੀ ਅੰਤਰਿੰਗ ਕਮੇਟੀ ਵਿਚੋਂ ਇਕ ਵੀ ਮੈਂਬਰ ‘ਰਿਪੀਟ’ ਨਾ ਕਰਦਿਆਂ ਸਮੁੱਚੀ ਟੀਮ ਹੀ ਨਵੇਂ ਸਿਰਿਉਂ ਗਠਿਤ ਕਰ ਦਿੱਤੀ ਗਈ ਸੀ।

ਵੇਖ਼ਣ ਨੂੰ ਤਾਂ ਇਹ ਬਡੂੰਗਰ ਵਰਸਿਜ਼ ਲੌਗੋਵਾਲ ਜਾਂ ਟੀਮ ਬਡੂੰਗਰ ਵਰਸਿਜ਼ ਟੀਮ ਲੌਂਗੋਵਾਲ ਜਾਪਦੈ ਪਰ ਪਤਾ ਨਹੀਂ ਕਿਉਂ ਇਹ ਮੈਨੂੰ ਅਕਾਲੀ ਦਲ ਵਰਸਿਜ਼ ਅਕਾਲੀ ਦਲ ਲੱਗੀ ਜਾਂਦੈ। ਹੋ ਸਕਦੈ ਕੋਈ ਹੋਰ ਵੀ ਪਰਤ ਹੋਵੇ ਪਰ ਚੰਗਾ ਹੋਵੇਗਾ ਜੇ ਆਪਾਂ ਥੋੜ੍ਹਾ ਨਿਯੁਕਤੀਆਂ ਤੇ ਫ਼ਾਰਿਗ ਕਰਨ ਦੇ ਹੁਕਮਾਂ ਦਾ ਅਸਰ ਸਮਝ ਲਈਏ।

ਪ੍ਰੋ; ਬਡੂੰਗਰ ਦੀਆਂ ਕੀਤੀਆਂ ਨਿਯੁਕਤੀਆਂ ਵਿਚੋਂ ਜ਼ਿਆਦਾ ਨਿਯੁਕਤੀਆਂ ਬਾਰੇ ਖੁੰਢ ਚਰਚਾ ਤਾਂ ਇਹ ਹੈ ਕਿ ਇਨ੍ਹਾਂ ਵਿਚੋਂ ਕਈ ਸ਼੍ਰੋਮਣੀ ਕਮੇਟੀ ਮੈਂਬਰਾਂ, ਅਹੁਦੇਦਾਰਾਂ ਦੀਆਂ ਰਿਸ਼ਤੇਦਾਰੀਆਂ ਅਤੇ ਸਿਫਾਰਿਸ਼ਾਂ ਦੀ ਲੱਜ ਪਾਲਣ ਲਈ ਕੀਤੀਆਂ ਗਈਆਂ ਸਨ ਜਾਂ ਕੁਝ ‘ਹੋਰ ਕਾਰਨਾਂ ਕਰਕੇ।’ ਖ਼ੈਰ, ਗੱਲ ਸਿਰਫ਼ ਇੰਨੀ ਹੋ ਰਹੀ ਹੈ ਕਿ ਨਿਯਮਾਂ ਮੁਤਾਬਿਕ ਸਨ ਜਾਂ ਨਹੀਂ ਅਤੇ ਅਸਰ ਕੀ ਹੈ।

ਇਨ੍ਹਾਂ ਨਿਯੁਕਤੀਆਂ ਦਾ ਅਸਰ ਇਹ ਹੈ ਕਿ 523 ਵਿਅਕਤੀ ਜੋ ਸਾਲ ਪਹਿਲਾਂ ਪ੍ਰੋ: ਬਡੂੰਗਰ ਦੀ ਘੁੱਗੀ ਨਾਲ ਸ਼੍ਰੋਮਣੀ ਕਮੇਟੀ ਮੁਲਾਜ਼ਮ ਹੋ ਗਏ ਸਨ, ਸ: ਲੌਂਗੋਵਾਲ ਦੀ ਘੁੱਗੀ ਨਾਲ ਸਾਬਕਾ ਮੁਲਾਜ਼ਮ ਹੋ ਗਏ ਹਨ, ਇਕ ਸਾਲ ਵਿਚ ਹੀ। ਜੇ ਜ਼ਮੀਨੀ ਹਕੀਕਤ ਨੂੰ ਸਮਝੀਏ ਤਾਂ ਇਨ੍ਹਾਂ ਮੁਲਾਜ਼ਮਾਂ ਨੇ ਨੌਕਰੀਆਂ ਹਾਸਿਲ ਕਰਨ ਉਪਰੰਤ ਆਪੋ ਆਪਣੇ ਘਰਾਂ ਵਿਚ ਹੀ ਖੁਸ਼ੀਆਂ ਨਹੀਂ ਮਨਾਈਆਂ ਹੋਣੀਆਂ, ਜੇ ਹੋਰ ਕੁਝ ਨਹੀਂ ਤਾਂ ਲੱਡੂਆਂ ਨਾਲ ਉਨ੍ਹਾਂ ਦਾ ਵੀ ਮੂੰਹ ਮਿੱਠਾ ਕਰਾਇਆ ਹੋਵੇਗਾ ਜਿਨ੍ਹਾਂ ਤੇ ਅੱਜ ਇਹ ਨਿਯੁਕਤੀਆਂ ਬੇਨਿਯਮੀਆਂ ਨਾਲ ਕਰਨ ਦੇ ਦੋਸ਼ ਲੱਗ ਰਹੇ ਹਨ।

ਇਨ੍ਹਾ ਮੁਲਾਜ਼ਮਾਂ ਦਾ ਦੋਸ਼ ਕੀ ਹੈ? ਇਕ ਵੇਲੇ ਦੇ ਪ੍ਰਧਾਨ ਨੇ, ਇਕ ਵੇਲੇ ਦੀ ਸਮੁੱਚੀ ਅੰਤਰਿੰਗ ਕਮੇਟੀ ਨੇ ਉਨ੍ਹਾਂ ਨੂੰ ਨਿਯੁਕਤੀਆਂ ਲਈ ਸਹੀ ਮੰਨਿਆਂ ਅਤੇ ਨਿਯੁਕਤ ਕੀਤਾ। ਉਸੇ ਸੰਸਥਾ ਦੇ ਉਸੇ ਰਾਜਸੀ ਧਿਰ ਨਾਲ ਸੰਬੰਧਤ ਪ੍ਰਧਾਨ ਵੱਲੋਂ, ਅੰਤਰਿੰਗ ਕਮੇਟੀ ਵੱਲੋਂ ਹੁਣ ਉਨ੍ਹਾਂ ਨੂੰ ਘਰੇ ਤੋਰ ਦਿੱਤਾ ਗਿਆ ਹੈ, ਮੁਲਾਜ਼ਮਾਂ ਦਾ ਦੋਸ਼ ਕੱਢ ਕੇ ਨਹੀਂ, ਸਾਬਕਾ ਪ੍ਰਧਾਨ ਅਤੇ ਸਾਬਕਾ ਅੰਤਰਿੰਗ ਕਮੇਟੀ ਦਾ ਦੋਸ਼ ਕੱਢ ਕੇ।

ਸਾਲ ਪਹਿਲਾਂ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੋ ਗਏ ਸਨ, ਉਹ ਫ਼ਿਰ ਸੜਕਾਂ ’ਤੇ ਆ ਗਏ ਹਨ। 523 ਵਿਅਕਤੀਆਂ ਲਈ ਨਹੀਂ 523 ਪਰਿਵਾਰਾਂ ਲਈ ਮੁਸ਼ਕਿਲ ਦੀ ਘੜੀ ਆ ਗਈ ਹੈ। ਕਈਆਂ ਘਰਾਂ’ਚ ਚੁਲ੍ਹਾ ਬਲਣ ਲੱਗਾ ਹੋਵੇਗਾ, ਕਈ ਘਰ ਦਾਲ ਦੇ ਨਾਲ ਸਬਜ਼ੀ ਜੋਗੇ ਵੀ ਹੋ ਗਏ ਹੋਣਗੇ, ਕਈਆਂ ਦੇ ਹੋ ਸਕਦੈ ਮੰਗਣੇ ਹੋ ਗਏ ਹੋਣ ਤੇ ਕਈਆਂ ਦੇ ਵਿਆਹ। ਜ਼ਿੰਦਗੀ ਬਦਲਣ ਲੱਗੀ ਹੋਵੇਗੀ, ਪਰ ਜ਼ਿੰਦਗੀ ਫ਼ਿਰ ਪਹਿਲਾਂ ਨਾਲੋਂ ਬਦਤਰ ਮੋੜ ’ਤੇ ਆ ਖੜ੍ਹੀ ਹੈ। ਮੁਲਾਜ਼ਮਾਂ ਨੂੰ ਤਾਂ ਸਾਬਕਾ ਮੁਲਾਜ਼ਮ ਹੋ ਕੇ ਸਜ਼ਾ ਮਿਲ ਗਈ ਹਾਲਾਂਕਿ ਉਨ੍ਹਾਂ ਤੇ ਬੇਨਿਯਮੀਆਂ ਕਰਨ ਦਾ ਕੋਈ ਦੋਸ਼ ਨਹੀਂ, ਪਰ ਜਿਨ੍ਹਾਂ ’ਤੇ ਬੇਨਿਯਮੀਆਂ ਦੇ ਦੋਸ਼ ਲੱਗੇ ਹਨ, ਉਨ੍ਹਾਂ ਦਾ ਕੀ?

ਅਸੀਂ ਦੋਹਾਂ ਧਿਰਾਂ ਵਿਚੋਂ ਕਿਸੇ ਨੂੰ ਗ਼ਲਤ ਕਹਿਣ ਦੀ ਸਥਿਤੀ ਵਿਚ ਨਹੀਂ ਹਾਂ। ਹਾਂ ਇਹ ‘ਸੇਫ਼ਲੀ’ ਕਹਿ ਸਕਦੇ ਹਾਂ ਕਿ ਦੋਹਾਂ ਵਿਚੋਂ ਕੋਈ ਇਕ ਤਾਂ ਗ਼ਲਤ ਹੋਵੇਗਾ। ਜਾਂ ਪ੍ਰੋ: ਬਡੂੰਗਰ ਜਾਂ ਫ਼ਿਰ ਭਾਈ ਲੌਂਗੋਵਾਲ।

ਨਿਯੁਕਤੀਆਂ ਕੋਈ ਕੱਲਾ ਪ੍ਰਧਾਨ ਸਿੱਧੇ ਤੌਰ ’ਤੇ ਤਾਂ ਨਹੀਂ ਕਰਦਾ ਹੋਣਾ। ਕੋਈ ‘ਸਿਸਟਮ’ ਹੋਵੇਗਾ, ਕੋਈ ਮੁਲਾਜ਼ਮ, ਅਹੁਦੇਦਾਰ ਹੋਣਗੇ ਜੋ ਨੌਕਰੀਆਂ ਲਈ ਅਰਜ਼ੀਆਂ ਜਾਂਚਦੇ ਹੋਣਗੇ, ਅੱਗੇ ਤੋਰਦੇ ਹੋਣਗੇ, ਉਹ ਸਾਰੇ ਤਾਂ ਕਾਇਮ, ਸਜ਼ਾ ਸਿਰਫ਼ ਉਨ੍ਹਾਂ ਨੂੰ ਜਿਹੜੇ ਨੌਕਰੀਆਂ ਭਾਲ ਰਹੇ ਸਨ ਤੇ ਨੌਕਰੀਆਂ ਮਿਲਣ ’ਤੇ ਖੁਸ਼ੀਆਂ ਮਨਾ ਰਹੇ ਸਨ।

ਭਾਵੇਂ ਇਹ ਪੇਚਾ ਨਿਯਮਾਂ ਦਾ ਹੈ ਜਾਂ ਦੋਹਾਂ ਧਿਰਾਂ ਦਾ ਕੋਈ ‘ਪ੍ਰੈਸਟੀਜ ਇਸ਼ੂ’, ਜਾਂ ਕੁਝ ਹੋਰ, ਪਰ ਜੇ ਮੁਲਾਜ਼ਮਾਂ ਨੂੰ ਸਜ਼ਾ ਮਿਲੇ ਤਾਂ ਨਾਲ ਹੀ ਇਕ ਧਿਰ ਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ, ਭਾਵੇਂ ਰੱਖਣ ਵਾਲਿਆਂ ਨੂੰ, ਭਾਵੇਂ ਕੱਢਣ ਵਾਲਿਆਂ ਨੂੰ।

ਪ੍ਰੋ: ਬਡੂੰਗਰ ਬੜੀ ਦੇਰ ਚੁੱਪ ਰਹੇ, ਅਖ਼ੀਰ ਇਹ ਦਾਅਵਾ ਕਰਦਾ ਬਿਆਨ ਆ ਗਿਆ ਕਿ ਨਿਯੁਕਤੀਆਂ ਨਿਯਮਾਂ ਅਨੁਸਾਰ ਨੇ, ਹਾਈ ਕੋਰਟ ਦੇ ਸਿਟਿੰਗ ਜਾਂ ਸਾਬਕਾ ਜੱਜ ਤੋਂ ਜਾਂਚ ਕਰਵਾ ਲਉ। ਗੱਲ ਵਾਜਿਬ ਹੈ, ਪਰ ਲੌਂਗੋਵਾਲ ਜੀ ਕਹਿੰਦੇ ਨਾ ਬਈ ਨਾ, ਅਸੀਂ ਕਰਵਾ ਲਈ ਜਾਂਚ ਨਾਲੇ ਫ਼ੈਸਲਾ ਵਿਅਕਤੀ ਵਿਸ਼ੇਸ਼ ਦਾ ਨਹੀਂ, ਅੰਤਰਿੰਗ ਕਮੇਟੀ ਦਾ ਹੈ।

ਉਂਜ ਪ੍ਰੋ: ਬਡੂੰਗਰ ਦਾ ਬਿਆਨ ਬੜਾ ਦਿਲਚਸਪ ਹੈ, ਉਹ ਨਾਲੇ ਨਿਯਮਾਂ ਦੀ ਗੱਲ ਕਰਦੇ ਨੇ ਨਾਲੇ ਕਹਿੰਦੇ ਨੇ ਲੋੜਵੰਦਾਂ ਨੂੰ ਨੌਕਰੀਆਂ ਦਿੱਤੀਆਂ ਨੇ। ਪੜਤਾਲੀਆ ਕਮੇਟੀ ਨੂੰ ‘ਨਾਦਾਨ’ ਦੱਸ ਰਹੇ ਨੇ। ਪੜਤਾਲੀਆ ਕਮੇਟੀ ਲਈ ਸਥਿਤੀ ਮੁਸ਼ਕਿਲ ਵਾਲੀ ਹੈ ਕਿਉਂਕਿ ਉਹਨਾਂ ਨੂੰ ‘ਨਾਦਾਨ’ ਕਿਸੇ ਹਾਰੀ ਸਾਰੀ ਨੇ ਨਹੀਂ, ਪ੍ਰੋ: ਬਡੂੰਗਰ ਜਿਹੇ ਸੀਨੀਅਰ ਨੇਤਾ ਨੇ ਆਖ਼ਿਐ। ਉਹਨਾਂ ਤਾਂ ਇਹ ਵੀ ਕਿਹੈ ਕਿ ਉਹ ਲੋਕ ਜਿਨ੍ਹਾਂ ਦੀ ਕੋਈ ਕੁਰਬਾਨੀ ਨਹੀਂ ਉਹ ਕੁਰਬਾਨੀ ਵਾਲੇ ਲੋਕਾਂ ਨੂੰ ਢਾਹ ਲਾ ਰਹੇ ਹਨ।

ਉਹਨਾਂ ਦੇ ਬਿਆਨ ਵਿਚ ਸਭ ਤੋਂ ਦਿਲਚਸਪ ਗੱਲ ਤਾਂ ਇਹ ਹੈ ਕਿ ਨਿਯੁਕਤ ਕੀਤੇ 700 ਮੁਲਾਜ਼ਮਾਂ ਵਿਚੋਂ ਜਿਹੜੇ ਨਹੀਂ ਹਟਾਏ ਗਏ ਉਹ ਮੌਜੂਦਾ ਧਿਰ ਨਾਲ ਸੰਬੰਧਤ ਹਨ। ਲੌਂਗੋਵਾਲ ਧਿਰ ’ਤੇ ਇਹ ਗੰਭੀਰ ਦੋਸ਼ ਹੈ। ਵੈਸੇ ਇਹ ਬਿਆਨ ਪੜ੍ਹ ਕੇ ਇਕ ਵਾਰ ਤਾਂ ਇੰਜ ਲੱਗਾ ਕਿ ਸਪਸ਼ਟ ਹੋ ਰਿਹੈ ਕਿ 523 ਕਿਸਦੇ 177 ਕਿਸਦੇ?

ਉਂਜ ਇਹ ਘਟਨਾ ਮਹਿਜ਼ ਕੋਈ ਮੁਲਾਜ਼ਮਾਂ ਦੀ ਨਿਯੁਕਤੀ ਜਾਂ ਬਰਖ਼ਾਸਤਗੀ ਦੀ ਨਹੀਂ, ਇਹ ਘਟਨਾ ਮਹਿਜ਼ ਅੰਦਰੂਨੀ ਲੜਾਈ ਨਹੀਂ, ਇਹ ਘਟਨਾ ਸਿਰਫ਼ ਕੋਈ ਹਿਤਾਂ ਦਾ ਟਕਰਾਅ ਨਹੀਂ, ਇਹ ਘਟਨਾ ਕੋਈ ਖੁੰਦਕ ਦੀ ਰਾਜਨੀਤੀ ਨਹੀਂ, ਇਹ ਘਟਨਾ ‘ਕੁਮੈਂਟ’ ਹੈ ਸ਼੍ਰੋਮਣੀ ਕਮੇਟੀ ਦੇ ਕਾਰ ਵਿਹਾਰ ’ਤੇ, ਸ਼੍ਰੋਮਣੀ ਕਮੇਟੀ ਦੀ ‘ਵਰਕਿੰਗ’ ’ਤੇ, ਉਸ ਸ਼੍ਰੋਮਣੀ ਕਮੇਟੀ ਦੀ ‘ਵਰਕਿੰਗ’ ’ਤੇ ਜਿਹੜੀ ਸਿੱਖਾਂ ਦੀ ਨੁਮਾਇੰਦਾ ਅਤੇ ਸ਼੍ਰੋਮਣੀ ਜੱਥੇਬੰਦੀ ਹੈ, ਜਿਹੜੀ ਧਾਰਮਿਕ ਜੱਥੇਬੰਦੀ ਹੈ, ਜਿਹੜੀ ਗੁਰਦੁਆਰਾ ਪ੍ਰਬੰਧ ਸੰਭਾਲਣ ਲਈ ਜ਼ਿੰਮੇਵਾਰ ਹੈ, ਜਿੱਥੇ ਸਭ ਕੁਝ ਪਾਰਦਰਸ਼ੀ ਢੰਗ ਨਾਲ ਹੋਣਾ ਚਾਹੀਦਾ ਹੈ, ਕਿਉਂਕਿ ਇਸ ਦੇ ਨਾਲ ਜੁੜੀਆਂ ਹਨ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ।

ਇਹ ਘਟਨਾ ਸਿਰਫ਼ ਇਹੀ ਨਹੀਂ ਦੱਸਦੀ ਕਿ 700 ਵਿਚੋਂ 523 ਨਿਯੁਕਤੀਆਂ ‘ਗ਼ਲਤ’ ਕੀਤੀਆਂ ਜਾ ਸਕਦੀਆਂ ਨੇ, ਜਾਂ ਫ਼ਿਰ 523 ‘ਸਹੀ’ ਭਰਤੀ ਕੀਤੇ ਵਿਅਕਤੀਆਂ ਨੂੰ ਕਿਸ ਤਰ੍ਹਾਂ ਨੌਕਰੀਉਂ ਛੇਕਿਆ ਜਾ ਸਕਦਾ ਹੈ, ਇਹ ਘਟਨਾ ਇਹ ਸੰਕੇਤ ਵੀ ਕਰਦੀ ਹੈ, ਕਿ ਸ਼੍ਰੋਮਣੀ ਕਮੇਟੀ ਦੇ ਅੰਦਰ ‘ਸਭ ਠੀਕ ਨਹੀਂ ਹੈ।’

ਪ੍ਰੋ:ਬਡੂੰਗਰ ਨੇ ਇਹ ਤਾਂ ਦੱਸ ਦਿੱਤਾ ਕਿ ਮੇਰੇ ਖਿਲਾਫ਼ ਸਾਜ਼ਿਸ਼ ਹੋ ਰਹੀ ਹੈ, ਜੇ ਇਹ ਸਾਜ਼ਿਸ਼ ਹੈ ਤਾਂ ਸਾਜ਼ਿਸ਼ ਕਰਨ ਵਾਲੀ ਧਿਰ ਤਾਂ ਜ਼ਾਹਿਰਾ ਤੌਰ ’ਤੇ ਸਾਹਮਣੇ ਹੈ। ਹੁਣ ਗੱਲ ਤਾਂ ਇੰਨੀ ਹੀ ਰਹਿ ਗਈ ਕਿ ਇਹ ਸਾਜ਼ਿਸ਼ ਕਰਾਉਣ ਵਾਲੇ ਕੌੇਣ ਨੇ ’ਤੇ ਇਹ ਸਾਜ਼ਿਸ਼ ਹੋ ਕਿਉਂ ਰਹੀ ਹੈ? ਪ੍ਰੋ: ਬਡੂੰਗਰ ਸਮਰੱਥ ਨੇ, ਪਤਾ ਲਾ ਚੁੱਕੇ ਹੋਣਗੇ ਜਾਂ ਪਤਾ ਲਾ ਲੈਣਗੇ, ਚੰਗਾ ਹੋਵੇ ਇਹ ਵੀ ਦੱਸ ਦੇਣ ਕਿ ਇੰਨੇ ਪੁਰਾਣੇ ਅਤੇ ਸਤਿਕਾਰਤ ਅਕਾਲੀ ਆਗੂ, ਤਿੰਨ ਵੇਰਾਂ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਖਿਲਾਫ਼ ਸਾਜ਼ਿਸ਼ ਕੌਣ ਕਰਵਾ ਰਿਹੈ?

ਇਕ ਵੇਰਾਂ ਫ਼ਿਰ ਮੋੜਾ ਪਾਈਏ, ਦੋਹਾਂ ਵਿਚੋਂ ਇਕ ਗ਼ਲਤ ਹੈ ਤੇ ਨਿਤਾਰਾ ਹੋਣਾ ਚਾਹੀਦੈ। ਕਿਉਂਕਿ ਗੱਲ ਸ਼੍ਰੋਮਣੀ ਕਮੇਟੀ ਦੀ ਹੈ, ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੀ ਹੈ। ਧਰਮ ਦਾ ਕੰਮ ਹੈ, ਸੱਚ ਤੇ ਪਾਰਦਰਸ਼ਿਤਾ ਜੇ ਸ਼੍ਰੋਮਣੀ ਕਮੇਟੀ ’ਚ ਨਹੀਂ ਹੋਵੇਗੀ ਤਾਂ ਹੋਰ ਕਿੱਥੇ ਹੋਵੇਗੀ? ਬਡੂੰਗਰ ਸਾਹਿਬ ਕਹਿ ਰਹੇ ਨੇ, ਉਨ੍ਹਾਂ ਦੇ ਵਕਾਰ ਦਾ ਸਵਾਲ ਹੈ, ਜਾਪਦਾ ਹੈ ਵਕਾਰ ਦਾ ਸਵਾਲ ਤਾਂ ਹੁਣ ਇਹ ਲੌਂਗੋਵਾਲ ਹੁਰਾਂ ਲਈ ਵੀ ਹੈ।

ਆਸ ਕੀਤੀ ਜਾਣੀ ਚਾਹੀਦੀ ਹੈ ਕਿ ਇਨ੍ਹਾਂ ਪ੍ਰਧਾਨਾਂ ਦੇ ਸਿਰਾਂ ਦੇ ਸਾਈਂ, ਆਪਣੀ ਤਾਕਤ ਦੀ ਵਰਤੋਂ ਕਰਦੇ ਹੋਏ ਮਾਮਲੇ ਦਾ ਨਿਤਾਰਾ ਕਰਕੇ ਲੋਕਾਂ ਸਾਹਮਣੇ ਰੱਖਣਗੇ ਕਿ ਧੱਕਾ ਪ੍ਰੋ: ਬਡੂੰਗਰ ਕਰ ਗਏ ਜਾਂ ਫ਼ਿਰ ਧੱਕਾ ਸ: ਲੌਂਗੋਵਾਲ ਕਰ ਰਹੇ ਹਨ।

ਇਹ ਆਸ ਕਰ ਲੈਣ ਵਿਚ ਵੀ ਕੋਈ ਹਰਜ਼ ਨਹੀਂ ਹੋਵੇਗਾ ਕਿ ਇਹ ਸੱਜਣ ਆਪਣੀ ਤਾਕਤ ਦੋਹਾਂ ਨੂੰ ਘੂਰ ਕੇ, ਪਰਚਾ ਕੇ, ਮਨਾ ਕੇ, ਜੱਫ਼ੀਆਂ ਪੁਆ ਕੇ, ‘ਸੀਜ਼ਫ਼ਾਇਰ’ ਕਰਵਾ ਦੇਣ ਵਿਚ ਨਾ ਲਗਾਉਂਦੇ ਹੋਏ ਸੱਚ ਦਾ ਨਿਤਾਰਾ ਕਰਨ ਵਿਚ ਲਾਉਣਗੇ ਕਿਉਂਕਿ ਸਵਾਲ ਸਾਲ ਅੱਗੇ ਪਿੱਛੇ ਆਏ ਦੋ ਪ੍ਰਧਾਨਾਂ ਜਾਂ ਅਹੁਦੇਦਾਰਾਂ ਦੇ ਵਕਾਰ ਦਾ ਨਹੀਂ, ਸ਼੍ਰੋਮਣੀ ਕਮੇਟੀ ਦੀ ਮਾਣ ਮਰਿਆਦਾ ਅਤੇ ਵਕਾਰ ਦਾ ਹੈ।

ਐੱਚ.ਐੱਸ.ਬਾਵਾ

ਸੰਪਾਦਕ, ਯੈੱਸ ਪੰਜਾਬ ਡਾਟ ਕਾਮ

6 ਅਪ੍ਰੈਲ, 2018

- Advertisement -

ਸਿੱਖ ਜਗ਼ਤ

ਗੁਰਜੀਤ ਔਜਲਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖ਼ੇ ਮੱਥਾ ਟੇਕਿਆ, ਵਾਹਿਗੁਰੂ ਦਾ ਅਸ਼ੀਰਵਾਦ ਲੈ ਕੇ ਸ਼ੁਰੂ ਕੀਤਾ ਚੋਣ ਪ੍ਰਚਾਰ

ਯੈੱਸ ਪੰਜਾਬ ਅੰੰਮਿ੍ਤਸਰ, 17 ਅਪ੍ਰੈਲ, 2024 ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ। ਉਨ੍ਹਾਂ ਗੁਰੂ ਘਰ...

ਸਟਾਕਟਨ ਕੈਲੀਫ਼ੋਰਨੀਆ ਦੇ ਗੁਰਦੁਆਰਾ ਸਾਹਿਬ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਹੁਸਨ ਲੜੋਆ ਬੰਗਾ ਸੈਕਰਾਮੈਂਟੋ, ਕੈਲੀਫੋਰਨੀਆ, 14 ਅਪ੍ਰੈਲ , 2024 ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਦਰੀ ਬਾਬਿਆਂ ਦੀ ਇਤਿਹਾਸਿਕ ਧਰਤੀ ਸਟਾਕਟਨ ਕੈਲੀਫੋਰਨੀਆ ਵਿਖੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ,...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,200FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...