ਯੈੱਸ ਪੰਜਾਬ
ਅੰਮ੍ਰਿਤਸਰ, 1 ਅਗਸਤ, 2021:
ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਪੰਥ ਹਿੱਤਾਂ ਲਈ ਸਮੂਹ ਪੰਥਕ ਸੰਗਠਨਾਂ ਨੂੰ ਇਕ ਮੰਚ ’ਤੇ ਇਕੱਠੇ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਸੰਸਥਾਵਾਂ ਨੂੰ ਅਜ਼ਾਦ ਕਰਵਾਉਣ ਨਾਲ ਹੀ ਸਿੱਖੀਂ ਸਿਧਾਂਤ ਲੀਹ ’ਤੇ ਆ ਸਕਦੇ ਹਨ। ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਜ਼ੋਰ ਦਿੱਤਾ ਕਿ ਲੋਕਤੰਤਰੀ ਪ੍ਰੰਪਰਾਵਾਂ ਮੁਤਾਬਕ ਸ਼੍ਰੋਮਣੀ ਕਮੇਟੀ ਦੀ ਚੋਣ ਹਰ ਪੰਜ ਸਾਲ ਬਾਅਦ ਕਰਵਾਈ ਜਾਵੇ।
ਉਨ੍ਹਾਂ ਬੜੇ ਅਫ਼ਸੋਸ ਨਾਲ ਕਿਹਾ ਕਿ ਸੰਸਦ, ਵਿਧਾਨ ਸਭਾਵਾਂ, ਪੰਚਾਇਤੀ ਪ੍ਰਣਾਲੀ ਦੀ ਚੋਣ ਤਾਂ ਪੰਜ ਸਾਲ ਬਾਅਦ ਹੋ ਜਾਂਦੀ ਹੈ ਪਰ ਸਿੱਖਾਂ ਦੀ ਸੰਸਦ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਕਮੇਟੀ ਦੀ ਚੋਣ, ਪੰਜਾਬੀ ਸੂਬੇ ਬਾਅਦ ਕਦੇ ਵੀ ਸਮੇਂ ਸਿਰ ਨਹੀਂ ਹੋਈ। ਸਾਬਕਾ ਸਪੀਕਰ ਨੇ ਇਮਾਨਦਾਰ ਅਤੇ ਉਸਾਰੂ ਸੋਚ ਵਾਲੇ ਸਿਆਸਤਦਾਨਾਂ ਦਾ ਪੰਜਾਬ ਦੇ ਰਾਜਸੀ ਪੰਚ ’ਤੇ ਆਉਣਾ ਜ਼ਰੂਰੀ ਕਰਾਰ ਦਿੱਤਾ।
ਉਨ੍ਹਾਂ ਦਿੱਲੀ ਤੋਂ ਚੱਲਦੀਆਂ ਕੌਮੀ ਸਿਆਸੀ ਪਾਰਟੀਆਂ ਬਾਰੇ ਸਪੱਸ਼ਟ ਕੀਤਾ ਕਿ ਉਹ ਸਮੁੱਚੇ ਦੇਸ਼ ਦੇ ਸੂਬਿਆਂ ਦੇ ਹਿੱਤ ਸਾਹਮਣੇ ਰੱਖ ਕੇ ਸਿਆਸਤ ਕਰਦੇ ਹਨ, ਜਿਸ ਕਾਰਨ ਪੰਜਾਬ ਵਰਗੇ ਸਰਹੱਦੀ ਤੇ ਸਿੱਖ ਪ੍ਰਭਾਵ ਵਾਲੇ ਪ੍ਰਾਂਤ ਦੇ ਹਿੱਤ ਕਦੇ ਵੀ ਸੁਰੱਖਿਅਤ ਨਹੀਂ ਹੋ ਸਕਦੇ। ਸ੍ਰ. ਰਵੀਇੰਦਰ ਸਿੰਘ ਨੇ ਰਾਜਸੀ ਤਜ਼ਰਬੇ ਸਾਂਝੇ ਕਰਦਿਆਂ ਦਲੀਲ ਦਿੱਤੀ ਕਿ ਪੰਜਾਬ ਨੂੰ ਮਜ਼ਬੂਤ ਪ੍ਰਾਂਤਕ ਪਾਰਟੀ ਦੀ ਲੋੜ ਹੈ। ਉਨ੍ਹਾਂ ਬਾਦਲਾਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਹ ਨਿੱਜੀ ਤੇ ਵਪਾਰਕ ਸਿਆਸਤ ਕਰਨ ਜੋਗੇ ਹਨ।
ਸਿੱਖ ਕੌਮ ਦੇ ਹਿੱਤ ਇਸ ਪਰਿਵਾਰ ਕੋਲ ਅਸੁਰੱਖਿਅਤ ਹਨ। ਅਥਾਹ ਕੁਰਬਾਨੀਆਂ ਨਾਲ ਹੋਂਦ ’ਚ ਆਏ ਸਿੱਖ ਸੰਸਥਾਵਾਂ ਪਰਿਵਾਰਵਾਦ ਤੋਂ ਮੁਕਤ ਹੋਣਗੀਆਂ ਚਾਹੀਦੀਆਂ ਹਨ। ਉਨ੍ਹਾਂ ਜਥੇਦਾਰ ਨੂੰ ਪਹਿਲਾਂ ਬੇਅਦਬੀ ਕਾਂਡ ਦੇ ਦੋਸ਼ੀ ਬੇਨਕਾਬ ਕਰਨ ਲਈ ਜ਼ੋਰ ਦਿੱਤਾ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ