ਯੈੱਸ ਪੰਜਾਬ
ਐਸ.ਏ.ਐਸ.ਨਗਰ, 25 ਮਾਰਚ, 2025
Punjab ਦੇ ਰਾਜਪਾਲ ਸ੍ਰੀ Gulab Chand Kataria 27 ਮਾਰਚ, 2025 ਨੂੰ ਸਵੇਰੇ ਸ਼੍ਰੀ ਰਾਮ ਭਵਨ ਖਰੜ ਤੋਂ ‘ਨਸ਼ਿਆਂ ਵਿਰੁੱਧ ਜਨ ਯਾਤਰਾ’ ਦੀ ਅਗਵਾਈ ਕਰਨਗੇ। ਇਹ ਯਾਤਰਾ ਆਰੀਆ ਕਾਲਜ ਰੋਡ, ਬਾਂਸਾਵਾਲੀ ਚੁੰਗੀ, ਨੈਸ਼ਨਲ ਹਾਈਵੇ (ਖਰੜ-ਚੰਡੀਗੜ੍ਹ ਰੋਡ), ਕਿਲਾ ਕੰਪਲੈਕਸ, ਕ੍ਰਿਸਚੀਅਨ ਸਕੂਲ, ਗਿੱਲ ਹਸਪਤਾਲ ਰੋਡ, ਲਾਂਡਰਾ ਰੋਡ, ਭੂਰੂ ਚੌਕ, ਮੇਨ ਬਜ਼ਾਰ ਖਰੜ, ਪੱਕਾ ਦਰਵਾਜਾ, ਆਰੀਆ ਕਾਲਜ ਰੋਡ ਤੋਂ ਹੁੰਦੀ ਹੋਈ ਸ੍ਰੀ ਰਾਮ ਭਵਨ ਵਿਖੇ ਵਾਪਸ ਆ ਕੇ ਸਮਾਪਤ ਹੋਵੇਗੀ, ਜਿੱਥੇ ਪੰਜਾਬ ਦੇ ਰਾਜਪਾਲ ਦੇ ਸਨਮਾਨ ਵਿੱਚ ਨਾਗਰਿਕ ਅਭਿਨੰਦਨ ਸਮਾਗਮ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਡਿਵੀਜ਼ਨਲ ਮੈਜਿਸਟ੍ਰੇਟ ਗੁਰਮੰਦਰ ਸਿੰਘ ਨੇ ਦੱਸਿਆ ਕਿ ਰਾਜਪਾਲ ਪੰਜਾਬ 27 ਮਾਰਚ ਨੂੰ ਸਵੇਰੇ 8:30 ਵਜੇ ਸ਼੍ਰੀ ਰਾਮ ਭਵਨ ਪਹੁੰਚਣਗੇ। ਮਹਾਰਾਜਾ ਅਜ ਸਰੋਵਰ ਦੀ ਪਰਿਕਰਮਾ (ਧਾਰਮਿਕ ਯਾਤਰਾ) ਕਰਨ ਤੋਂ ਬਾਅਦ, ਉਹ ਸਰੋਵਰ ਦੇ ਵਿਚਕਾਰ ਭਗਵਾਨ ਰਾਮ ਦੇ ਵਿਸ਼ਾਲ ਮੰਦਰ ਦੀ ਉਸਾਰੀ ਲਈ ਕਾਰ ਸੇਵਾ ਵੀ ਕਰਨਗੇ।
ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰੋਗਰਾਮ ਸ਼੍ਰੀ ਰਾਮ ਮੰਦਰ ਅਜ ਸਰੋਵਰ ਵਿਕਾਸ ਸਮਿਤੀ ਵੱਲੋਂ ਵਿਦਿਆਰਥੀਆਂ ਅਤੇ ਆਮ ਲੋਕਾਂ ਦੀ ਮਦਦ ਨਾਲ ਪੰਜਾਬ ਸਰਕਾਰ ਦੇ ਸੰਦੇਸ਼ ‘ਯੁੱਧ ਨਸ਼ਿਆਂ ਵਿਰੁਧ’ ਦੀ ਕੜੀ ਵਜੋਂ ਉਲੀਕਿਆ ਗਿਆ ਹੈ।
ਪੰਜਾਬ ਦੇ ਰਾਜਪਾਲ ਦੀ ਅਗਵਾਈ ਵਾਲੀ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਨ ਲਈ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਅਪੀਲ ਕਰਦੇ ਹੋਏ, ਐੱਸ ਡੀ ਐਮ ਨੇ ਕਿਹਾ ਕਿ ‘ਨਸ਼ਿਆਂ ਵਿਰੁੱਧ ਜਨ ਯਾਤਰਾ’ ਦੇ ਰੂਟ ਦੇ ਸਾਰੇ ਪ੍ਰਬੰਧ ਪ੍ਰਸ਼ਾਸਨ ਵੱਲੋਂ ਮੁਕੰਮਲ ਕਰ ਲਏ ਗਏ ਹਨ।