ਯੈੱਸ ਪੰਜਾਬ
ਚੰਡੀਗੜ੍ਹ, 27 ਮਾਰਚ, 2025:
Shiromani Akali Dal ਦੇ ਕਾਰਜਕਾਰੀ ਪ੍ਰਧਾਨ Balwinder Singh Bhunder ਨੇ ਇੱਕ ਵਾਰ ਫ਼ਿਰ ‘ਨਾਰਾਜ਼’ ਚੱਲੇ ਆ ਰਹੇ ਅਤੇ ਵੱਖਰੇ ਤੌਰ ’ਤੇ ਪੰਜ ਮੈਂਬਰੀ ਕਮੇਟੀ ਰਾਹੀਂ ਭਰਤੀ ਕਰ ਰਹੇ ‘ਬਾਗੀਆਂ’ ਨੂੰ ਇੱਕ ਵਾਰ ਫ਼ਿਰ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦਾ ਹਵਾਲਾ ਦਿੰਦੇ ਹੋਏ ਸੱਦਾ ਦਿੱਤਾ ਹੈ ਕਿ ਉਹ ਇਕੱਠੇ ਹੋਣ ਅਤੇ ਪਹਿਲਾਂ ਤੋਂ ਹੀ ਚੱਲ ਰਹੀ ਪਾਰਟੀ ਦੀ ਭਰਤੀ ਵਿੱਚ ਯੋਗਦਾਨ ਪਾਉਣ।
ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਸ: ਭੂੰਦੜ ਨੇ ਬਾਗੀਆਂ ਨੂੰ ਕਿਹਾ ਹੈ ਕਿ ਪਾਰਟੀ ਦੇ ਦੁਆਰ ਖੁਲ੍ਹੇ ਨੇ ਅਤੇ ਚੰਗਾ ਹੋਵੇ ਜੇ ਬਾਗੀ ਆ ਕੇ ਭਰਤੀ ਵਾਲੀਆਂ ਕਾਪੀਆਂ ਲੈਣ ਅਤੇ ਪਾਰਟੀ ਲਈ ਭਰਤੀ ਕਰਨ।
ਸ: ਭੂੰਦੜ ਵੱਲੋਂ ਜਾਰੀ ਇਸ ਬਿਆਨ ਨੂੰ ਅਸੀਂ ਆਪਣੇ ਪਾਠਕਾਂ ਲਈ ਹੇਠਾਂ ਸਮੁੱਚੇ ਰੂਪ ਵਿੱਚ ਪ੍ਰਕਾਸ਼ਿਤ ਕਰ ਰਹੇ ਹਾਂ:
ਪੰਜਾਬ ਅਤੇ ਸਮੁੱਚਾ ਖ਼ਾਲਸਾ ਪੰਥ ਇਸ ਵਕਤ ਇਕ ਬੇਹੱਦ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਹੇ ਹਨ । ਸਾਡੀ ਧਾਰਮਿਕ ਹੋਂਦ, ਵਿਰਸੇ ਅਤੇ ਪਹਿਚਾਣ ਉੱਤੇ ਭਿਆਨਕ ਹਮਲੇ ਹੋ ਰਹੇ ਹਨ । ਤਖ਼ਤ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਹਰਿਆਣਾ ਤੇ ਹੋਰ ਥਾਵਾਂ ‘ਤੇ ਸਥਿਤ ਸਾਡੀਆਂ ਧਾਰਮਿਕ ਸੰਸਥਾਵਾਂ ਉੱਤੇ ਸਿੱਖ ਵਿਰੋਧੀ ਤਾਕਤਾਂ ਕਬਜ਼ਾ ਕਰ ਚੁੱਕੀਆਂ ਹਨ । ਹੁਣ ਇਹ ਹਮਲੇ ਸ੍ਰੀ ਅੰਮ੍ਰਿਤਸਰ ਸਾਹਿਬ ਸਮੇਤ ਪੰਜਾਬ ਵਿਚ ਸਥਿਤ ਸਾਡੇ ਪਾਵਨ ਅਤੇ ਇਤਿਹਾਸਿਕ ਗੁਰਧਾਮਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਾਡੀਆਂ ਧਾਰਮਿਕ ਸੰਸਥਾਵਾਂ ਦੀ ਦਹਿਲੀਜ਼ ਤੱਕ ਪਹੁੰਚ ਚੁੱਕੇ ਹਨ ।
ਇਹ ਵਕਤ ਕੌਮ ਅਤੇ ਸੂਬੇ ਦੀ ਮਹਾਨ ਵਿਰਾਸਤ ਨੂੰ ਬਾਹਰੀ ਸਾਜ਼ਿਸ਼ਾਂ ਤੋਂ ਬਚਾਉਣ ਦਾ ਹੈ ।
ਪਿਛਲੇ ਸੌ ਸਾਲ ਦੌਰਾਨ ਕੇਵਲ ਅਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਅਤੇ ਪੰਜਾਬ ਦੀ ਅਣਖ, ਆਬਰੂ ਅਤੇ ਪਹਿਚਾਣ ਉੱਤੇ ਪਹਿਰਾ ਦੇਣ ਲਈ ਜੂਝਦਾ ਆਇਆ ਹੈ । ਅਜਿਹੇ ਵਕਤਾਂ ਦੌਰਾਨ ਗੁਰੂ ਮਹਾਰਾਜ ਜੀ ਨੇ ਖੁਦ ਆਪਣੇ ਪੰਥ ਦੇ ਸਿਰ ‘ਤੇ ਮਹਿਰ ਦਾ ਹੱਥ ਰੱਖ ਕੇ ਕੌਮ ਅੰਦਰ ਏਕਤਾ ਅਤੇ ਇਤਫ਼ਾਕ ਦੀ ਦਾਤ ਬਖ਼ਸ਼ੀ ਹੈ । ਉਸੇ ਏਕਤਾ ਸਦਕਾ ਕੌਮ ਤੇ ਪਾਰਟੀ ਨੇ ਇਤਿਹਾਸਿਕ ਜਿੱਤਾਂ ਹਾਸਿਲ ਕੀਤੀਆਂ ਹਨ ।
ਹਾਲਾਂਕਿ ਸ਼੍ਰੋਮਣੀ ਅਕਾਲ ਦਲ ਦੇ ਵਰਕਰ ਸਾਹਿਬਾਨ ਭਰਤੀ ਦਾ ਅਮਲ ਪੂਰਾ ਕਰ ਚੁੱਕੇ ਹਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਓਦੋਂ ਦੇ ਜਥੇਦਾਰ ਸਾਹਿਬ ਇਸ ਭਰਤੀ ਅਤੇ ਉਸ ਲਈ ਲਾਈਆਂ ਗਈਆਂ ਸਮੂਹ ਜ਼ਿੰਮੇਵਾਰੀਆਂ ਨੂੰ ਇੱਕ ਚੰਗਾ ਕਦਮ ਦੱਸ ਕੇ ਉਸ ਦਾ ਜਨਤਕ ਤੌਰ ਉੱਤੇ ਸਵਾਗਤ ਕਰ ਚੁੱਕੇ ਹਨ, ਫਿਰ ਵੀ ਪੰਜਾਬ ਅਤੇ ਕੌਮ ਨੂੰ ਦਰਪੇਸ਼ ਖਤਰਿਆਂ ਅਤੇ ਸਮੂਹ ਪੰਜਾਬੀਆਂ ਦੇ ਵਡੇਰੇ ਹਿੱਤਾਂ ਦੇ ਮੱਦੇਨਜ਼ਰ ਮੈਂ ਸਮੁੱਚੀ ਪਾਰਟੀ ਵੱਲੋਂ ਸਾਡੇ ਨਾਰਾਜ਼ ਵੀਰਾਂ ਨੂੰ ਕਈ ਵਾਰ ਸਨਿਮਰ ਬੇਨਤੀ ਕੀਤੀ ਸੀ ਕਿ ਪੰਜਾਬ ਦੀ ਇੱਕੋ-ਇੱਕ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਤੁਸੀਂ ਵੀ ਪਾਰਟੀ ਦੀ ਨਿਯਮਤ ਭਰਤੀ ਵਿਚ ਯੋਗਦਾਨ ਪਾਓ । ਇਸ ਨਿਯਮਤ ਭਰਤੀ ਲਈ ਲੋੜੀਂਦੀਆਂ ਕਾਪੀਆਂ ਵਗ਼ੈਰਾ ਤੁਹਾਨੂੰ ਦੇਣ ਲਈ ਪਾਰਟੀ ਦਫ਼ਤਰ ਦੇ ਦੁਆਰ ਹਰ ਵਕਤ ਖੁੱਲੇ ਹਨ ।
ਮੈਂ ਇੱਕ ਵਾਰ ਫਿਰ ਉਹ ਹੀ ਬੇਨਤੀ ਦੁਹਰਾਉਂਦਾ ਹਾਂ । ਆਓ, ਹੁਣ ਬੀਤੇ ਦੀਆਂ ਨਰਾਜ਼ਗੀਆਂ ਭੁੱਲ ਕੇ ਆਪਸੀ ਸਤਿਕਾਰ ਤੇ ਵਿਸ਼ਵਾਸ ਦੀ ਭਾਵਨਾ ਨਾਲ ਇਕੱਠੇ ਹੋ ਕੇ ਪੰਜਾਬ ਦੀ ਵਾਹਿਦ ਨੁਮਾਇੰਦਾ ਤੇ ਖੇਤਰੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਤੇ ਪੰਥ ਅਤੇ ਪੰਜਾਬ ਦੀ ਸੇਵਾ ਵਿਚ ਆਪਣਾ ਫ਼ਰਜ਼ ਅਦਾ ਕਰਕੇ ਗੁਰੂ ਪਿਆਰ ਦੇ ਕਾਬਿਲ ਬਣੀਏ । ਆਉਣ ਵਾਲੀਆਂ ਨਸਲਾਂ ਪ੍ਰਤੀ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ ।