Friday, April 19, 2024

ਵਾਹਿਗੁਰੂ

spot_img
spot_img

ਨੰਗਾ ਵੀਡੀਉ, ਅੱਧਨੰਗੀਆਂ ਤਸਵੀਰਾਂ ਬਨਾਮ ਗੰਦੀ ਰਾਜਨੀਤੀ – ਐੱਚ.ਐੱਸ.ਬਾਵਾ

- Advertisement -

ਗੁਰਦਾਸਪੁਰ ਦੀ ਜ਼ਿਮਨੀ ਚੋਣ ਨੇ ਇਸ ਵਾਰ ਬੜੇ ਰੰਗ ਵਿਖਾਏ ਨੇ। ਇਨ੍ਹਾਂ ਰੰਗਾਂ ਵਿਚ ਨੰਗੇ ਵੀਡੀਉ ਅਤੇ ਅੱਧਨੰਗੀਆਂ ਤਸਵੀਰਾਂ ਨੇ ਮਾਹੌਲ ਨੂੰ ‘ਗੰਧਲਾ’ ਕਰ ਦਿੱਤਾ। ਨੇਤਾਵਾਂ, ਪਾਰਟੀਆਂ ਅਤੇ ਮੀਡੀਆ ਦੇ ਵੀ ਇਕ ਵੱਡੇ ਹਿੱਸੇ ਨੇ ਕਿਹਾ, ਇਹ ਚੋਣ ਮੁੱਦਿਆਂ ’ਤੇ ਨਹੀਂ ਲੜੀ ਗਈ। ਇਹ ਵੀ ਕਿਹਾ ਗਿਆ ਕਿ ਵੀਡੀਉ ਅਤੇ ਤਸਵੀਰਾਂ ਦਾ ਆਸਰਾ ਲੈ ਕੇ ‘ਗੰਦੀ ਰਾਜਨੀਤੀ’ ਕੀਤੀ ਗਈ। ਸਿਆਸਤ ਦਾ ਪੱਧਰ ਨੀਂਵਾਂ ਹੋ ਗਿਆ, ਮੁੱਦੇ ਗੁਆਚ ਗਏ।

ਕਿਸੇ ਵੀ ਚੋਣ ਵੇਲੇ ਅਸਲ ਮੁੱਦੇ ਕੀ ਹੁੰਦੇ ਹਨ? ਕਿਸਾਨਾਂ ਦੀਆਂ ਆਤਮਹੱਤਿਆਵਾਂ, ਵਪਾਰੀਆਂ ਦੇ ਵਿੱਤੀ ਹਾਲਾਤ ਤੇ ਉਨ੍ਹਾਂ ਦੀਆਂ ਮੁਸ਼ਕਿਲਾਂ, ਸੜਕਾਂ, ਸੀਵਰੇਜ, ਸਟਰੀਟ ਲਾਈਟਾਂ, ਬਿਜਲੀ ਪਾਣੀ ਦੀ ਪੂਰਤੀ, ਸਿਹਤ ਅਤੇ ਸਿੱਖਿਆ, ਭਲਾਈ ਸਕੀਮਾਂ ਦੇ ਫੰਡਾਂ ਦੀ ਸਹੀ ਵੰਡ, ਇਲਾਕੇ ਦੇ ਵਿਕਾਸ ਦੀ ਹਾਲਤ ਅਤੇ ਸੰਭਾਵਨਾਵਾਂ ਅਤੇ ਇਲਾਕੇ ਵਿਚ ਚੱਲਦੇ ਅਤੇ ਆ ਸਕਦੇ ਪ੍ਰਾਜੈਕਟਾਂ ਬਾਰੇ ਦਾਅਵਿਆਂ ਅਤੇ ਵਿਰੋਧੀ ਦਾਅਵਿਆਂ ਨੂੰ ਹੀ ਚੋਣ ਮੁੱਦੇ ਮੰਨਿਆ ਜਾਣਾ ਚਾਹੀਦਾ ਹੈ ਅਤੇ ਮੰਨ ਵੀ ਲਿਆ ਜਾਂਦਾ ਹੈ।

ਗੁਰਦਾਸਪੁਰ ਚੋਣ ਦੌਰਾਨ ਐਸੇ ਹੀ ਚੋਣ ਮੁੱਦੇ ਉੱਠਣੇ ਚਾਹੀਦੇ ਸਨ। ਕਿਹਾ ਜਾ ਰਿਹੈ ਕਿ ਇਕ ਸਾਬਕਾ ਮੰਤਰੀ ਦੀ ਅਸ਼ਲੀਲ ਵੀਡੀਉ ਜਨਤਕ ਕਰਨੀ, ਉਸਤੇ ਦੋਸ਼ ਲਗਾਉਣੇ ‘ਗੰਦੀ ਰਾਜਨੀਤੀ’ ਸੀ। ਇਹ ਵੀ ਕਿਹਾ ਜਾ ਰਿਹੈ ਕਿ ਇਕ ਪਾਰਟੀ ਦੇ ਉਮੀਦਵਾਰ ਦੀਆਂ ‘ਇੰਟੀਮੇਟ’ ਤਸਵੀਰਾਂ ਲੋਕਾਂ ਵਿਚ ਲਿਆ ਕੇ ਉਸਨੂੂੰ ਬਦਨਾਮ ਕਰਨਾ ਇਕ ‘ਕੋਝੀ ਸਾਜ਼ਿਸ਼’ ਤੇ ‘ਗੰਦੀ ਰਾਜਨੀਤੀ’ ਸੀ।

ਮੈਂ ਸਾਬਕਾ ਮੰਤਰੀ ਨੂੰ ਸਾਬਕਾ ਅਕਾਲੀ ਮੰਤਰੀ ਇਸ ਲਈ ਨਹੀਂ ਲਿਖ਼ਣਾ ਚਾਹੁੰਦਾ ਕਿਉਂਕਿ ਇਹ ਸੰਜੋਗ ਹੀ ਸੀ ਕਿ ਉਹ ਮੰਤਰੀ ਅਕਾਲੀ ਸੀ। ਐਸਾ ਨਹੀਂ ਕਿ ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ ਜਾਂ ਹੋਰਾਂ ਪਾਰਟੀਆਂ ਵਿਚ ਇਹੋ ਜਿਹੇ ‘ਜੈਂਟਲਮੈਨ’ ਨਹੀਂ ਮਿਲਣਗੇ। ਮੈਂ ਭਾਜਪਾ ਦੇ ਉਮੀਦਵਾਰ ਨੂੰ ਭਾਜਪਾ ਉਮੀਦਵਾਰ ਇਸ ਲਈ ਨਹੀਂ ਲਿਖ਼ਣਾ ਚਾਹਿਆ ਕਿਉਂਕਿ ਐਸੀਆਂ ਤਸਵੀਰਾਂ, ਜਿਨ੍ਹਾਂ ਦੇ ਪੋਸਟਰ ਬਣ ਸਕਣ, ਕੇਵਲ ਇਸੇ ਉਮੀਦਵਾਰ ਨਾਲ ਹੀ ਜੋੜ ਕੇ ਨਹੀਂ ਵੇਖੀਆਂ ਜਾ ਸਕਦੀਆਂ। ਹੋਰਨਾਂ ਪਾਰਟੀਆਂ ਕੋਲ ਵੀ ਐਸੇ ‘ਸੱਜਣ’ ਬਹੁਤ ਹੋਣਗੇ ਜਿਨ੍ਹਾਂ ਦੇ ਚਿਹਰੇ ‘ਫੋਟੋਜੈਨਿਕ’ ਹੋਣ। ਫ਼ਾਰਮੂਲਾ ਹੀ ਇਹ ਹੈ ‘ਜਿਹੜਾ ਫ਼ੜਿਆ ਗਿਆ ਉਹ ਚੋਰ, ਜਿਹੜਾ ਜਦ ਤਕ ਨਹੀਂ ਫ਼ੜਿਆ ਗਿਆ ਉਹ ਸ਼ਰੀਫ਼।’

ਗੁਰਦਾਸਪੁਰ ’ਚ ਗੰਦੀ ਰਾਜਨੀਤੀ ਹੋਈ, ਗੁਰਦਾਸਪੁਰ ਵਿਚ ਰਾਜਨੀਤੀ ਦਾ ਪੱਧਰ ਹੇਠਾਂ ਆ ਗਿਆ। ਲਿਆਂਦਾ ਕਿਸਨੇ? ਦੋਸ਼ ਲਾਉਣ ਵਾਲਿਆਂ ਨੇ? ਸ਼ਾਇਦ ਇਹ ਇਕ ਪੱਖ ਹੋਵੇ, ਤਸਵੀਰ ਦਾ ਦੂਜਾ ਪਾਸਾ ਕੀ ਹੈ?

ਅਸਲ ਗੱਲ ਇਹ ਹੈ ਕਿ ਰਾਜਨੀਤੀ ਦਾ ਇਹ ਪੱਧਰ ਉਨ੍ਹਾਂ ਨੇ ਹੇਠਾਂ ਲਿਆਂਦਾ ਜਿਨ੍ਹਾਂ ਦੀਆਂ ਵੀਡੀਉ ਅਤੇ ਤਸਵੀਰਾਂ ਸਾਹਮਣੇ ਆਈਆਂ। ਜੇ ਇਹ ਵੀਡੀਉ ਸਾਹਮਣੇ ਨਾ ਆਉਂਦੀ, ਜੇ ਇਹ ਤਸਵੀਰਾਂ ‘ਵਾਇਰਲ’ ਨਾ ਹੁੰਦੀਆਂ ਤਾਂ ਕੀ ਵਿਰੋਧੀ ਧਿਰ ਇਸ ਤਰ੍ਹਾਂ ਦਾ ਕੋਈ ਮੁੱਦਾ ਖੜ੍ਹਾ ਕਰ ਸਕਦੀ। ਇਨ੍ਹਾਂ ਵੀਡੀਉ ਅਤੇ ਤਸਵੀਰਾਂ ਦਾ ਸੱਚ ਘੋਖਣਾ ਅਦਾਲਤਾਂ ਦਾ ਕੰਮ ਹੈ ਅਤੇ ਉਹ ਆਪਣਾ ਫ਼ਰਜ਼ ਨਿਭਾਉਣਗੀਆਂ। ਮੁੱਢਲੀ ਨਜ਼ਰੇ ਸਭ ਕੁਝ ਸਾਫ਼ ਹੋਣ ਦੇ ਬਾਵਜੂਦ ਮੈਂ ਦੋਹਾਂ ਆਗੂਆਂ ਨੂੰ ਦੋਸ਼ੀ ਕਰਾਰ ਨਹੀਂ ਦੇ ਰਿਹਾ, ਇਹ ਮੇਰਾ ਕੰਮ ਨਹੀਂ, ਇਹ ਮੇਰਾ ਅਧਿਕਾਰ ਖ਼ੇਤਰ ਨਹੀਂ।

ਮੇਰਾ ਵਿਸ਼ਾ ਹੋਰ ਹੈ।

ਵੀਡੀਉ ਤੇ ਤਸਵੀਰਾਂ ’ਤੇ ਰਾਜਨੀਤੀ ਕਰਨ ਵਾਲਿਆਂ ਨੇ ਗੰਦੀ ਰਾਜਨੀਤੀ ਕੀਤੀ। ਆਪਾਂ ਕਹਿਣਾ ਕੀ ਚਾਹ ਰਹੇ ਹਾਂ। ਜਿਨ੍ਹਾਂ ਦੇ ਵੀਡੀਉ ਸਾਹਮਣੇ ਆਏ, ਤਸਵੀਰਾਂ ਸਾਹਮਣੇ ਆਈਆਂ ਉਹ ਚੰਗੀ ਰਾਜਨੀਤੀ ਕਰ ਰਹੇ ਸਨ? ਜਿਨ੍ਹਾਂ ਨੇ ਇਹ ਮਾਮਲੇ ਉਜਾਗਰ ਕੀਤੇ, ਲੋਕਾਂ ਨੂੰ ਦੱਸਿਆ ਕਿ ‘ਜ਼ਰਾ ਬਚ ਕੇ ਮੋੜ ਤੋਂ’, ਉਹ ਗੰਦੀ ਰਾਜਨੀਤੀ ਕਰ ਰਹੇ ਸਨ।

ਰਾਜਨੀਤੀ ਦਾ ਪਿੜ ਹੀ ਇਕ ਐਸਾ ਪਿੜ ਹੈ, ਜਿਸ ਵਿਚ ਤੁਸੀਂ ਕੁਝ ਵੀ ਕਰਦੇ ਫ਼ੜੇ ਜਾਉ, ਜਵਾਬ ਇਕੋ ਹੀ ਹੁੰਦਾ ਹੈ, ‘ਇਹ ਮੇਰੇ ਖਿਲਾਫ਼ ਰਾਜਸੀ ਸਾਜ਼ਿਸ਼ ਹੈ। ਮੇਰੇ ਅਕਸ ਨੂੰ ਦਾਗਦਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਰੋਧੀ ਗੰਦੀ ਰਾਜਨੀਤੀ ’ਤੇ ਉਤਰ ਆਏ ਹਨ।’ ਰਾਜਨੀਤੀ ਹੀ ਇਕ ਐਸਾ ਪਿੜ ਹੈ ਜਿਸ ਦੇ ਕਿਰਦਾਰ ਜਿੰਨੇ ਮਰਜ਼ੀ ਦਾਗੀ ਹੋਣ ਦੇ ਬਾਵਜੂਦ ਸਟੇਜ ਤੋਂ ਬੜ੍ਹਕਾਂ ਮਾਰ ਸਕਦੇ ਨੇ ਤੇ ਅਦਾਲਤਾਂ ਤੋਂ ਬਾਹਰ ਆਉਂਦਿਆਂ, ਪੁਲਿਸ ਦੀ ਗਿਰਫ਼ਤ ਵਿਚ ਹੁੰਦਿਆਂ ਇੰਜ ਹੱਥ ਹਿਲਾਉਂਦੇ ਬਾਹਰ ਆ ਸਕਦੇ ਨੇ ਜਿਵੇਂ ‘ਸ਼ਰਾਫ਼ਤਗੜ੍ਹ’ ਦਾ ਕਿਲਾ ਸਰ ਕਰ ਕੇ ਆ ਰਹੇ ਹੋਣ।

ਇਕ ਵਾਰ ਫ਼ਿਰ। ਗੁਰਦਾਸਪੁਰ ਦੀ ਚੋਣ ਮੁੱਦਾ ਰਹਿਤ ਰਹੀ, ਮੁੱਦਿਆਂ ’ਤੇ ਗੱਲ ਨਹੀਂ ਹੋਈ।

ਕੀ ਰਾਜਸੀ ਆਗੂਆਂ ਦਾ ਕਿਰਦਾਰ ਕੋਈ ਮੁੱਦਾ ਨਹੀਂ ਹੁੰਦਾ? ਜਿਹੜਾ ਆਗੂ ਸਾਡੇ ’ਤੇ ਰਾਜ ਕਰਦਾ ਰਿਹਾ, ਜਿਸਨੂੰ ਲੋਕਾਂ ਵਿਧਾਇਕ ਬਣਾਇਆ, ਜਿਸਨੂੰ ਪਾਰਟੀ ਨੇ ਮੰਤਰੀ ਬਣਾਇਆ, ਜਿਹੜਾ ਵਾਰ ਵਾਰ ਸ਼੍ਰ੍ਰੋਮਣੀ ਕਮੇਟੀ ਮੈਂਬਰ ਬਣਿਆ, ਜਿਹੜਾ ਅਜੇ ਵੀ ਗੱਜ ਵੱਜ ਕੇ ਵਿਧਾਨ ਸਭਾ ਲਈ ਉਮੀਦਵਾਰ ਸੀ, ਜਿਸਦਾ ਅੱਗੋਂ ਵੀ ਸ਼੍ਰੋਮਣੀ ਕਮੇਟੀ ਮੈਂਬਰੀ ਲਈ ਉਮੀਦਵਾਰੀ ਵਾਸਤੇ ਹੀ ਨਹੀਂ ਸਗੋਂ ਕਦੇ ਪ੍ਰਧਾਨਗੀ ਲਈ ਵੀ ਨਾਂਅ ਚੱਲਦਾ ਸੀ, ਉਸ ਆਗੂ ਦਾ ਕਿਰਦਾਰ ਕੋਈ ਮੁੱਦਾ ਨਹੀਂ ਹੁੰਦਾ? ਇਸ ਤਰ੍ਹਾਂ ਦੇ ਆਗੂਆਂ ਬਾਰੇ ਕਾਫ਼ੀ ਕੁਝ ਜਾਣਦੀਆਂ ਇਨ੍ਹਾਂ ਦੀਆਂ ਪਾਰਟੀਆਂ ਅਤੇ ਸਾਥੀਆਂ ਦੀ ਚੁੱਪ ਕੋਈ ਮੁੱਦਾ ਨਹੀਂ ਹੁੰਦੀ?

ਇਕ ਵਿਅਕਤੀ ਜੋ ਦੇਸ਼ ਦੀ ਸਭ ਤੋਂ ਜ਼ਿਆਦਾ ‘ਸੰਸਕਾਰਾਂ’ ਵਾਲੀ ਪਾਰਟੀ ਦਾ ਉਮੀਦਵਾਰ ਹੋਵੇ, ਜਿਹਨੂੰ ਲੋਕਾਂ ਦੀ ਅਥਾਹ ਸ਼ਰਧਾ ਵਾਲੇ ਇਕ ਯੋਗੀ ਦਾ ਅਸ਼ੀਰਵਾਦ ਪ੍ਰਾਪਤ ਹੋਵੇ, ਜਿਸਨੇ ਹਲਕੇ ਦੀ ਪ੍ਰਤੀਨਿਧਤਾ ਪਾਰਲੀਮੈਂਟ ਵਿਚ ਕਰਨੀ ਹੋਵੇ, ਜਿਸਨੇ ਅਜੇ ਪਹਿਲਾਂ ਨਾਲੋਂ ਵੀ ਕਿਤੇ ਹੋਰ ਤਾਕਤਵਰ ਹੋ ਕੇ ਸਮਾਜ ਵਿਚ ਵਿਚਰਣਾ ਹੋਵੇ, ਕੀ ਉਹਦਾ ਕਿਰਦਾਰ ਕੋਈ ਮੁੱਦਾ ਨਹੀਂ ਹੋਣਾ ਚਾਹੀਦਾ?

ਇਹ ਬੜੀ ਕਮਾਲ ਗੱਲ ਹੈ ਬਈ ਇਕ ਬੰਦਾ ਤਾਂ ਇਹ ਗੀਤ ਗਾਵੇ ਬਈ ‘ਅਬ ਕਰੂੰਗਾ ਤੇਰੇ ਸਾਥ, ਗੰਦੀ ਗੰਦੀ ਗੰਦੀ ਗੰਦੀ ਗੰਦੀ ਬਾਤ’। ਤੇ ਜਦ ਉਹਦੇ ਸਬੂਤ ਸਾਹਮਣੇ ਆਉਣ ਤਾਂ ਉਹ ਆਪ ਅਤੇ ਉਸਦੀ ਪਾਰਟੀ ਕਹੇ ਸਾਡੇ ਨਾਲ ਹੋ ਰਹੀ ਹੈ ‘ਗੰਦੀ ਗੰਦੀ ਗੰਦੀ ਰਾਜਨੀਤੀ’।

ਵੀਡੀਉ ਵਾਲੇ ਜਥੇਦਾਰ ਦੇ ਕੀਤੇ ਕਰਾਏ ਤੇ ਤਾਂ ਉਹਦੀ ਆਪਣੀ ਹੀ ਪਾਰਟੀ ਵੱਲੋਂ ਪਹਿਲਾਂ ਉਸ ਖਿਲਾਫ਼ ਐਕਸ਼ਨ ਲੈ ਕੇ ਮੋਹਰ ਲਾਈ ਜਾਂਦੀ ਹੈ, ਫ਼ਿਰ ਇਸੇ ਪਾਰਟੀ ਦੇ ਪ੍ਰਭਾਵ ਹੇਠਲੇ ਅਤੇ ਮੁਤਵਾਜ਼ੀ ਜਥੇਦਾਰ ਵੀ ਉਸਨੂੰ ਪੰੇਥ ਵਿਚੋਂ ਛੇਕ ਦਿੰਦੇ ਹਨ, ਦੂਜੇ ਬੰਨੇ ਇਹੀ ਪਾਰਟੀ ‘ਗੰਦੀ ਰਾਜਨੀਤੀ’ ਦਾ ਰੌਲਾ ਪਾਈ ਤੁਰੀ ਆਉਂਦੀ ਹੈ। ਭੰਬਲਭੂਸੇ ਵਾਲੀ ਸਥਿਤੀ ਹੈ, ਕੀ ਮੰਨੀਏ।

ਦੂਜੇ ਪਾਸੇ ਆਪਣੇ ਆਪ ਨੂੰ ਆਪੇ ਹੀ ‘… ਸਾਹਿਬ’ ਕਹਿਕੇ ਸੰਬੋਧਨ ਕਰਨ ਵਾਲੇ ਜਿਸ ‘ਸੱਜਣ’ ਦੀਆਂ ਤਸਵੀਰਾਂ ਬਾਹਰ ਆਈਆਂ ਹਨ ਉਹ ਵੀ ਮਸਲੇ ਨੂੰ ‘ਪੋਲੀਟੀਕਲ’ ਦੱਸ ਕੇ ਇਸ ਵਿਚੋਂ ਨਿਕਲਣ ਲਈ ਸਟੇਜਾਂ ਤੋਂ ਹੋਰ ਜ਼ੋਰ ਲਾ ਕੇ ਬੋਲਦੇ ਹੋਏ ਇਸਨੂੰ ਝੂਠਾ ਪ੍ਰਚਾਰ ਤਾਂ ਦੱਸਦਾ ਹੈ ਪਰ ਆਪਣੇ ਖਿਲਾਫ਼ ਚੱਲਦੇ ਝੂਠੇ ਪ੍ਰਚਾਰ ਲਈ ਸੀ.ਬੀ.ਆਈ. ਜਾਂਚ ਦੀ ਮੰਗ ਨਹੀਂ ਕਰਦਾ, ਉਰੇ ਉਰੇ ਹੀ ਖ਼ੇਡਦਾ ਹੈ, ਸੇਫ਼ ਖੇਡਦਾ ਹੈ।

ਇਸ ਸੱਜਣ ਦੀ ਪਾਰਟੀ ਦੀ ਵਿਚਾਰਧਾਰਾ ਦਾ ਸਮਰਥਨ ਕਰਨ ਵਾਲੀਆਂ ਕਈ ਧਿਰਾਂ ‘ਵੈਲੈਨਟਾਈਨ ਡੇਅ’ ’ਤੇ ਪਾਰਕਾਂ ਅਤੇ ਰੈਸਟੋਰੈਂਟਾਂ ਵਿਚ ਬੈਠੇ ਕੁੜੀਆਂ ਮੁੰਡਿਆਂ ਨੂੂੰ ਕੁੱਟਦੀਆਂ, ਮਾਰਦੀਆਂ, ਉਹਨਾਂ ਦੇ ਮੂੰਹ ਕਾਲੇ ਕਰਦੀਆਂ, ਉਹਨਾਂ ਤੋਂ ਬੈਠਕਾਂ ਕਢਾਉਂਦੀਆਂ ਨੇ, ਕੁੜੀਆਂ ਨੂੰ ਜ਼ਲੀਲ ਕਰਦੀਆਂ ਨੇ ਪਰ ਤਸਵੀਰਾਂ ਸਾਹਮਣੇ ਆ ਜਾਣ ’ਤੇ ਵੀ ਨਾ ਇਹ ਪਾਰਟੀ ਕਿਸੇ ਨੈਤਿਕ ਸਟੈਂਡ ’ਤੇ ਖੜ੍ਹੀ ਹੋਈ ਅਤੇ ਨਾ ਹੀ ਇਨ੍ਹਾਂ ‘ਸਮਾਜ ਸੁਧਾਰਕ ਸੂਰਮਿਆਂ’ ਨੇ ਕੋਈ ਰੌਲਾ ਪਾਇਆ।

ਇਨ੍ਹਾਂ ਦੋਹਾਂ ਕੇਸਾਂ ਵਿਚ ਇਕ ਸਮਾਨਤਾ ਹੈ। ਪਹਿਲੂ ਦੋਵਾਂ ਵਿਚ ਹੋਰ ਵੀ ਹੋ ਸਕਦੇ ਹਨ ਪਰ ਇਕ ਪਹਿਲੂ ਇਹ ਹੈ ਕਿ ਦੋਵੇਂ ਔਰਤਾਂ ਨੇ ਇਹ ਦੋਸ਼ ਲਾਏ ਕਿ ਉਨ੍ਹਾਂ ਨੂੰ ਇਨ੍ਹਾਂ ਨੇਤਾਵਾਂ ਦੇ ਪੈਸੇ, ਪਹੁੰਚ ਅਤੇ ਤਾਕਤ ਕਰਕੇ ਇਨਸਾਫ਼ ਨਹੀਂ ਮਿਲਿਆ ਇਸ ਲਈ ਇਕ ਨੇ ਤਾਂ ਆਪਣੀ ਨੰਗੀ ਵੀਡੀਉ ਹੀ ਜਾਰੀ ਕਰ ਦਿੱਤੀ ਅਤੇ ਦੂਜੀ ਨੇ ਆਪਣੇ ਸੰਬੰਧਾਂ ਦੀਆਂ ‘ਇੰਟੀਮੇਟ’ ਤਸਵੀਰਾਂ ਜਾਰੀ ਕੀਤੀਆਂ। ਇਹ ਕੋਈ ਸੌਖ਼ਾ ਕੰਮ ਨਹੀਂ। ਕਿਸੇ ਨੂੰ ਗ਼ਲਤ ਸਾਬਿਤ ਕਰਨ ਲਈ ਇਸ ਹੱਦ ਤਕ ਚਲੇ ਜਾਣਾ ਕੋਈ ਸੌਖ਼ਾ ਨਹੀਂ ਹੁੰਦਾ। ਕਈ ਲੋਕ ਇਨ੍ਹਾਂ ਔਰਤਾਂ ਦੇ ਬਾਰੇ ਵੀ ਸਵਾਲ ਉਠਾ ਰਹੇ ਨੇ। ਉਨ੍ਹਾਂ ਬਾਰੇ ਸਵਾਲ ਉਠਾਉਣ ਵਾਲਿਆਂ ਨੂੰ ਮੇਰਾ ਸਵਾਲ ਇਹ ਹੈ ਕਿ ਵੀਡੀਉ ਅਤੇ ਤਸਵੀਰਾਂ ਵਾਲੇ ਦੋਵੇਂ ਆਗੂ ਕਿਵੇਂ ਬਰੀਅਲ ਜੁੰਮਾ ਕਰ ਦਿਉਗੇ?

ਸਾਰੀਆਂ ਹੀ ਪਾਰਟੀਆਂ ਨਿਤ ਦਿਹਾੜੀ ਰਾਜਨੀਤੀ ਨੂੰ ਸਵੱਛ ਕਰਨ ਦਾ ਰੌਲਾ ਪਾ ਰਹੀਆਂ ਨੇ। ਐਨ ਲਿਸ਼ਕਦੇ, ਚਿੱਟੇ ਕਪੜੇ ਪਾ ਕੇ ਹਰ ਨੇਤਾ ਇਹ ਵਿਖਾਉਣ ਦੀ ਕੋਸ਼ਿਸ਼ ਵਿਚ ਹੈ ਕਿ ਮੇਰੀ ਕੁੜਤੀ ’ਤੇ ਕੋਈ ਦਾਗ ਨਹੀਂ ਹੈ। ਪਾਰਟੀਆਂ ਕਹਿੰਦੀਆਂ ਨੇ ‘ਮੇਰੇ ਵਾਲਾ ਵਾਈਟ’ ਸਬ ਸੇ ਵਾਈਟ ਹੈ। ਲੀਡਰ ਤੇ ਪਾਰਟੀਆਂ ਦੋਵੇਂ ਹੀ ਦਾਅਵੇ ਕਰਦੇ ਨੇ ਬਈ ਜਿਹੜੇ ਦੁੱਧ ਦੇ ਧੋਤੇ ਅਸੀਂ ਹਾਂ ਉਦਾਂ ਦਾ ਤਾਂ ਦੂਜੀ ਪਾਰਟੀ ਕੋਲ ਦੁੱਧ ਈ ਹੈ ਨੀ।

ਸਵਾਲ ਇਹ ਹੈ ਕਿ ਜੇ ਰਾਜਨੀਤੀ ਸਵੱਛ ਹੀ ਕਰਨੀ ਹੈ, ਜੇ ਕੌਮਾਂ ਨੂੰ, ਦੇਸ਼ ਨੂੰ ਅਗਵਾਈ ਕਰਨ ਵਾਲੇ ਸਵੱਛ ਚਾਹੀਦੇ ਹਨ ਤਾਂ ਫ਼ਿਰ ਵੀਡੀਉ ਤੇ ਤਸਵੀਰਾਂ ਸਾਹਮਣੇ ਆ ਜਾਣ ਤਾਂ ਵੀ ‘ਜ਼ਿੰਦਾਬਾਦ, ਜ਼ਿੰਦਾਬਾਦ’ ਕਿਵੇਂ ਕੀਤੀ ਜਾ ਸਕਦੀ ਹੈ, ਹੋਰ ਕਿਹੜੇ ਸਬੂਤ ਚਾਹੀਦੇ ਹੁੰਦੇ ਹਨ। ਕੀ ਇਹੋ ਜਿਹੇ ਆਗੂਆਂ ਨੂੰ ਲਾਂਭੇ ਕਰਕੇ ਚੰਗੇ ਕਿਰਦਾਰ ਵਾਲੇ ਆਗੂ ਸਾਹਮਣੇ ਲਿਆਉੇਣ ਦਾ ਅਜੇ ਵਕਤ ਨਹੀਂ ਆਇਆ ਜਾਂ ਫ਼ਿਰ ਕਦੇ ਆਵੇਗਾ ਵੀ? ਕੀ ਚੰਗੇ ਕਿਰਦਾਰ ਵਾਲੇ ਆਗੂਆਂ ਨੂੰ ਅੱਗੇ ਲਿਆਉਣ ਲਈ ‘ਕਵੈਸਚਨਬੇਲ’ ਕਿਰਦਾਰ ਦੇ ਆਗੂਆਂ ਨੂੰ ਰਾਜਨੀਤੀ ਵਿਚੋਂ ਖਦੇੜਣਾ ਨਹੀਂ ਪਵੇਗਾ। ਕੀ ‘ਕਵੈਸਚਨੇਬਲ’ ਕਿਰਦਾਰ ਦੇ ਆਗੂਆਂ ਨੂੰ ਲਾਂਭੇ ਕਰਕੇ ਸਹੀ ਲੋਕਾਂ ਵਾਸਤੇ ਰਾਹ ਅਤੇ ਥਾਂ ਬਨਾਉਣ ਦੀ ਲੋੜ ਨਹੀਂ ਹੈ?ਕੀ ਇਹ ਇਕ ਅਤਿ ਮਹੱਤਵਪੂਰਨ ਮੁੱਦਾ ਨਹੀਂ ਹੈ?

ਅਜੇ ਸਵਾਲ ਮੁੱਕੇ ਨਹੀਂ। ਫ਼ਲਾਣੇ ਦੀ ਵੀਡੀਉ ਵਿਰੋਧੀ ਪਾਰਟੀ ਦੀ ਗੰਦੀ ਰਾਜਨੀਤੀ ਹੈ। ਫ਼ਲਾਣੇ ਦੀਆਂ ਤਸਵੀਰਾਂ ਵਿਰੋਧੀ ਪਾਰਟੀ ਦੀ ਗੰਦੀ ਰਾਜਨੀਤੀ ਹੈ। ਸਾਡੇ ਵਿਰੋਧੀ ਸਾਡੇ ਆਗੂਆਂ ਖਿਲਾਫ਼ ਸਾਜ਼ਿਸ਼ਾਂ ਰਚ ਰਹੇ ਹਨ। ਇਹ ਤਾਂ ਉਹ ਗੱਲ ਹੋਈ ਬਈ ਵਿਰੋਧੀ ਪਾਰਟੀ ਨੂੰ ਪਤਾ ਸੀ ਕਿ ਵਿਨੋਦ ਖੰਨਾ ਜੀ ਫ਼ਲਾਣੇ ਦਿਨ ਇਸ ਦੁਨੀਆਂ ਤੋਂ ਕੂਚ ਕਰ ਜਾਣਗੇ, ਗੁਰਦਾਸਪੁਰ ’ਚ ਫ਼ਲਾਣੀ ਤਰੀਕ ਹੋਵੇਗੀ ਜ਼ਿਮਨੀ ਚੋਣ। ਉਸ ਜ਼ਿਮਨੀ ਚੋਣ ’ਚ ਫ਼ਲਾਣਾ ਹੋਵੇਗਾ ਭਾਜਪਾ ਦਾ ਉਮੀਦਵਾਰ ਅਤੇ ਅਕਾਲੀ ਦਲ ਵੱਲੋਂ ਫ਼ਲਾਣੇ ਨੇ ਕਰਨੈ ਪ੍ਰਚਾਰ। ਇਸ ਲਈ ਉਹਨਾਂ ਨੇ ਸਾਲਾਂ ਸਾਲ ਪਹਿਲਾਂ ਇਨ੍ਹਾਂ ਖਿਲਾਫ਼ ਸਾਜ਼ਿਸ਼ਾਂ ਰਚੀਆਂ ਜਿਹੜੀਆਂ ਹੁਣ ਸਾਹਮਣੇ ਆ ਗਈਆਂ। ਮਤਲਬ ਨਾ ਤਾਂ ਜਥੇਦਾਰ ਜੀ ਨੇ ਕੁਝ ਕੀਤਾ ਸੀ, ਨਾ ਕੋਈ ਉਮੀਦਵਾਰ ਦੀ ਗ਼ਲਤੀ ਐ, ਬੱਸ ਵਿਰੋਧੀਆਂ ਦੀ ਸਾਜ਼ਿਸ਼ ਐ। ਕਮਾਲ ਐ ਜੀ, ਕਿਆ ਸਟੋਰੀ ਐ, ਕਿਆ ਪਲੌਟ ਐ।

ਦਰਸਅਸਲ ਗੱਲ ਇਹ ਹੈ ਕਿ ਜੋ ਪਹਿਲੀ ਨਜ਼ਰੇ ਭਾਸਦਾ ਹੈ, ਦੋਹਾਂ ਆਗੂਆਂ ਦੇ ‘ਪ੍ਰਾਈਵੇਟ’ ਸੰਬੰਧ ਦਰਅਸਲ ਐਸੇ ਮੌਕੇ ਸਾਹਮਣੇ ਆ ਗਏ ਜਿਸ ਨਾਂਲ ਇਕ ਧਿਰ ਦੀਆਂ ਦੋ ਪਾਰਟੀਆਂ ਨੂੰ ਨੁਕਸਾਨ ਹੁੰਦਾ ਸੀ। ਦੋਹਾਂ ਦੇ ਸਮਰਥਕ ਵੀਡੀਉ ਅਤੇ ਤਸਵੀਰਾਂ ਜਨਤਕ ਹੋਣ ਦੀ ‘ਟਾਈਮਿੰਗ’ ਤੇ ਵੀ ਸਵਾਲ ਉਠਾ ਰਹੇ ਹਨ। ਖੁਦ ਉਮੀਦਵਾਰ ‘ਸਾਹਿਬ’ ਇਹ ਕਹਿ ਰਹੇ ਹਨ ਕਿ ਤਸਵੀਰਾਂ ਤਿੰਨ ਸਾਲ ਪਹਿਲਾਂ ਪੁਲਿਸ ਨੂੰ ਸ਼ਿਕਾਇਤ ਦਿੰਦੇ ਸਮੇਂ ਹੀ ਨਾਲ ਕਿਉਂ ਨਾ ਲਾਈਆਂ ਗਈਆਂ। ਰਾਜਨੀਤੀ ਦੇ ਇਨ੍ਹਾਂ ਖਿਡਾਰੀਆਂ ਨੂੰ ਇੰਨੀ ਸਮਝ ਤਾਂ ਹੋਵੇਗੀ ਹੀ ਕਿ ਜਦੋਂ ਜੰਗ ਲੜਨੀ ਹੋਵੇ ਤਾਂ ਭੱਤੇ ਵਿਚਲੇ ਸਾਰੇ ਤੀਰ ਇਕੋ ਮੌਕੇ ਨਹੀਂ ਚਲਾਏ ਜਾਂਦੇ। ਸ਼ਤਰੰਜ ਖੇਡਦਿਆਂ ਸਾਰੀਆਂ ਚਾਲਾਂ ਇਕੋ ਵਾਰ ਹੀ ਨਹੀਂ ਚੱਲ ਦਿੱਤੀਆਂ ਜਾਂਦੀਆਂ। ਦਰਅਸਲ ਖ਼ੇਡ ਸੀ ‘ਰਾਣੀ’ ਮਾਰਣ ਦੀ, ਜੇ ਹੁਣ ‘ਰਾਣੀਆਂ’ ‘ਬਾਦਸ਼ਾਹ’ ਮਾਰਣ ’ਤੇ ਆ ਗਈਆਂ, ਤਾਂ ਰੌਲਾ ਕਾਹਦਾ।

ਦਰਅਸਲ, ਗਿਲਾ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਸਾਨੂੰ ਸਮਝਾਇਆ ਕੀ ਜਾ ਰਿਹੈ। ਸਾਨੂੰ ਸਮਝਾਇਆ ਜਾ ਰਿਹੈ ਕਿ ਜਦ ਸਾਬਕਾ ਮੰਤਰੀ ਸਮਾਜਿਕ ਅਤੇ ਧਾਰਮਿਕ ਵਲਗਣਾਂ ਤੋਂ ਬਾਹਰ ਜਾ ਕੇ ਕਪੜੇ ਲਾਹੁੰਦਾ ਹੈ ਤਾਂ ਉਹ ਗੰਦੀ ਰਾਜਨੀਤੀ ਨਹੀਂ ਹੈ, ਇਸ ਬਾਰੇ ਸਵਾਲ ਖੜ੍ਹੇ ਕਰਨਾ ਗੰਦੀ ਰਾਜਨੀਤੀ ਹੈ। ਸਾਨੂੰ ਸਮਝਾਇਆ ਇਹ ਜਾ ਰਿਹੈ ਕਿ ਜਦ ਕੋਈ ਉਮੀਦਵਾਰ ਦੀਆਂ ਕਥਿਤ ਤਸਵੀਰਾਂ ਜਿਸ ਵਿਚ ਉਹ ਸ਼ਰਟ ਲਾਹੀ ‘ਕਿਸ’ ਕਰਦਾ ਨਜ਼ਰ ਆ ਰਿਹੈ, ਉਹ ਗ਼ਲਤ ਨਹੀਂ ਸੀ, ਲੋਕਾਂ ਦੀ ਸੋਚ ਗੰਦੀ ਹੋ ਗਈ ਹੈ ਕਿ ਉਨ੍ਹਾਂ ਤਸਵੀਰਾਂ ’ਤੇ ਸਵਾਲ ਉਠਾ ਰਹੇ ਹਨ।

ਜਿਹੜੇ ਇਹ ਕਹਿ ਰਹੇ ਹਨ ਕਿ ਸਾਡੇ ਉਮੀਦਵਾਰ ਨੂੰ ਸੱਟ ਮਾਰਣ ਲਈ ਇਹ ਸਭ ਕੀਤਾ, ਉਹਨਾਂ ਨੂੰ ਇਕ ਸਵਾਲ ਇਹ ਵੀ ਕਿ ਜੇ ਉਨ੍ਹਾਂ ਦੀ ਕਿਸੇ ਵਿਰੋਧੀ ਪਾਰਟੀ ਦੇ ਆਗੂ ਦਾ ਵੀਡੀਉ ਆਵੇ ਤਾਂ ਉਹ ਕੀ ਕਰਨਗੇ। ‘ਵੈਰੀ ਗੁੱਡ ਵੈਰੀ ਗੁੱਡ’ ਤਾਂ ਨਹੀਂ ਕਹਿਣਗੇ, ਉਹ ਵੀ ‘ਗੰਦੀ ਰਾਜਨੀਤੀ’ ਹੀ ਕਰਨਗੇ ਤੇ ਇਸ ਤੋਂ ਵੀ ਅਗਾਂਹ ਜਾਈਏ ਤਾਂ ਇਸ ਤਰ੍ਹਾਂ ਦੇ ਕਿਰਦਾਰ ਲੋਕਾਂ ਸਾਹਮਣੇ ਨਾ ਲਿਆ ਕੇ ਕਿਸ ਦਾ ਭਲਾ ਕਰ ਰਹੇ ਹੋਣਗੇ।

ਇਕ ਪਾਰਲੀਮੈਂਟ ਸੀਟ ਬਚਾਉਣ ਲਈ ‘ਸੰਸਕਾਰੀ ਪਾਰਟੀ’ ਨੇ ਇਕ ‘ਮੌਰਲ ਵਿਕਟਰੀ’ ਦਾ ਮੌਕਾ ਗੁਆ ਲਿਆ। ਜਿਨ੍ਹਾਂ ਨੇ ਆਪਣੇ ਸਾਬਕਾ ਮੰਤਰੀ ਦੇ ਵੀਡੀਉ ਕਾਂਡ ਮਗਰੋਂ ਉਸ ਨੂੰ ਪਾਰਟੀ ਅਤੇ ਸ਼੍ਰੋਮਣੀ ਕਮੇਟੀ ਤੋਂ ਲਾਂਭੇ ਕਰਕੇ ਜਿੰਨੇ ਨੰਬਰ ਬਣਾਏ, ਉਮੀਦਵਾਰ ਦੀਆਂ ਤਸਵੀਰਾਂ ਆਉਣ ਤੋਂ ਬਾਅਦ ਉਹਦੇ ਹੱਕ ਵਿਚ ਡੱਟ ਕੇ ਖੜ੍ਹਦਿਆਂ, ਪ੍ਰਚਾਰ ਕਰਦਿਆਂ, ਉਦੂੰ ਦੂਣੇ ਗਵਾ ਲਏ। ਲਗਦਾ ਸੀ ਕਿ ਇਕ ਮੁੱਦੇ ’ਤੇ ‘ਕਲੀਅਰ ਸਟੈਂਡ’ ਲੈ ਕੇ ਪਾਰਟੀ ਲੋਕ ਮਨਾਂ ਵਿਚ ਵਾਪਸੀ ਬਾਰੇ ਸੋਚ ਰਹੀ ਹੈ, ਪਰ ਦੂਜੇ ਮੁੱਦੇ ’ਤੇ ਡਟਵੇਂ ‘ਕਨਫ਼ਿਊਜ਼ਡ ਸਟੈਂਡ’ ਨੇ ਮੁੜ ਉੱਥੇ ਹੀ ਲਿਆ ਖੜ੍ਹਾ ਕੀਤਾ।

ਸਮਾਜ ਨੂੰ, ਦੇਸ਼ ਨੂੰ, ਕੌਮਾਂ ਨੂੰ ਅਗਵਾਈ ਦੇਣ ਵਾਲੇ ਆਗੂਆਂ ਦਾ ਕਿਰਦਾਰ ਕੋਈ ਮੁੱਦਾ ਹੁੰਦਾ ਹੈ ਜਾਂ ਨਹੀਂ, ਹੋਣਾ ਚਾਹੀਦਾ ਹੈ ਜਾਂ ਨਹੀਂ, ਇਹ ਫ਼ੈਸਲਾ ਹੁਣ ਤੁਹਾਡੇ ਹੱਥ।

ਐੱਚ.ਐੱਸ.ਬਾਵਾ

ਸੰਪਾਦਕ, ਯੈੱਸ ਪੰਜਾਬ.ਕਾਮ

ਅਕਤੂਬਰ 13, 2017

- Advertisement -

ਸਿੱਖ ਜਗ਼ਤ

ਗੁਰਜੀਤ ਔਜਲਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖ਼ੇ ਮੱਥਾ ਟੇਕਿਆ, ਵਾਹਿਗੁਰੂ ਦਾ ਅਸ਼ੀਰਵਾਦ ਲੈ ਕੇ ਸ਼ੁਰੂ ਕੀਤਾ ਚੋਣ ਪ੍ਰਚਾਰ

ਯੈੱਸ ਪੰਜਾਬ ਅੰੰਮਿ੍ਤਸਰ, 17 ਅਪ੍ਰੈਲ, 2024 ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ। ਉਨ੍ਹਾਂ ਗੁਰੂ ਘਰ...

ਸਟਾਕਟਨ ਕੈਲੀਫ਼ੋਰਨੀਆ ਦੇ ਗੁਰਦੁਆਰਾ ਸਾਹਿਬ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਹੁਸਨ ਲੜੋਆ ਬੰਗਾ ਸੈਕਰਾਮੈਂਟੋ, ਕੈਲੀਫੋਰਨੀਆ, 14 ਅਪ੍ਰੈਲ , 2024 ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਦਰੀ ਬਾਬਿਆਂ ਦੀ ਇਤਿਹਾਸਿਕ ਧਰਤੀ ਸਟਾਕਟਨ ਕੈਲੀਫੋਰਨੀਆ ਵਿਖੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ,...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,200FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...