ਯੈੱਸ ਪੰਜਾਬ
ਨਵੀਂ ਦਿੱਲੀ, 28 ਜਨਵਰੀ, 2021:
ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਪੰਜਾਬ ਦੇ ਕਿਸਾਨ ਨੇਤਾ ਅਤੇ ¬ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ: ਦਰਸ਼ਨ ਪਾਲ ਨੂੰ ਨੋਟਿਸ ਜਾਰੀ ਕੀਤਾ ਹੈ।
ਇਸ ਨੋਟਿਸ ਵਿੱਚ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਦੱਸਣ ਕਿ ਉਨ੍ਹਾਂ ਖਿਲਾਫ਼ ਦਿੱਲੀ ਵਿਖ਼ੇ ਗਣਤੰਤਰ ਦਿਵਸ ਮੌਕੇ ਕੱਢੀ ਗਈ ਕਿਸਾਨ ਟਰੈਕਟਰ ਪਰੇਡ ਮੌਕੇ ਹੋਈ ਹਿੰਸਾ ਦੇ ਸੰਬੰਧ ਵਿੱਚ ਕਾਨੂੰਨੀ ਕਾਰਵਾਈ ਕਿਉਂ ਨਾ ਕੀਤੀ ਜਾਵੇ।
ਉਹਨਾਂ ਨੂੰ ਦਿੱਤੇ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਉਹ ਦੱਸਣ ਕਿ ਉਨ੍ਹਾਂ ਵੱਲੋਂ ਦਿੱਲੀ ਪੁਲਿਸ ਨਾਲ ਕੀਤੇ ਸਮਝੌਤੇ ਦੀ ਉਲੰਘਣਾ ਅਤੇ ਤੁਹਾਡੇ ਸਮਰਥਕਾਂ ਵੱਲੋਂ ਭੰਨ ਤੋੜ ਅਤੇ ਹਿੰਸਾ, ਲਾਲ ਕਿਲੇ ਦੇ ਅਪਮਾਨ ਅਤੇ ਗਣਤੰਤਰ ਦਿਵਸ ਮਨਾਉਣ ਵਾਲੇ ਦਿੱਲੀ ਦੇ ਲੋਕਾਂ ਨੂੰ ਮੁਸ਼ਕਿਲਾਂ ਵਿੱਚ ਪਾਉਣ ਦੇ ਮੱਦੇਨਜ਼ਰ ਤੁਹਾਡੇ ਅਤੇ ਤੁਹਾਡੀ ਜਥੇਬੰਦੀ ਦੇ ਹੋਰ ਮੈਂਬਰਾਂ ਖਿਲਾਫ਼ ਕਾਰਵਾਈ ਕਿਉਂ ਨਾ ਕੀਤੀ ਜਾਵੇ।
ਦਿੱਲੀ ਪੁਲਿਸ ਨੇ ਡਾ: ਦਰਸ਼ਨ ਪਾਲ ਨੂੰ ਹਿੰਸਕ ਕਾਰਵਾਈਆਂ ਕਰਵਾਉਣ ਵਾਲਿਆਂ ਦੇ ਨਾਂਅ ਦੇਣ ਲਈ ਵੀ ਕਿਹਾ ਹੈ। ਇਸ ਨੋਟਿਸ ਦਾ ਜਵਾਬ ਦੇਣ ਲਈ ਡਾ: ਦਰਸ਼ਨ ਪਾਲ ਨੂੰ 3 ਦਿਨ ਦਾ ਸਮਾਂ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਡਾ: ਦਰਸ਼ਨ ਪਾਲ ਦਾ ਨਾਂਅ ਦਿੱਲੀ ਪੁਲਿਸ ਵੱਲੋਂ 26 ਜਨਵਰੀ ਦੀਆਂ ਘਟਨਾਵਾਂ ਸੰਬੰਧੀ ਦਰਜ ਕੀਤੀ ਗਈ ਉਸ ਐਫ.ਆਈ.ਆਰ. ਵਿੱਚ ਵੀ ਸ਼ਾਮਲ ਹੈ ਜਿਸ ਵਿੱਚ ਵੱਖ ਵੱਖ ਕਿਸਾਨ ਜੱਥੇਬੰਦੀਆਂ ਦੇ 37 ਪ੍ਰਮੁੱਖ ਆਗੂਆਂ ਨੂੰ ਨਾਮਜ਼ਦ ਕੀਤਾ ਗਿਆ ਹੈ।