ਯੈੱਸ ਪੰਜਾਬ
ਜਲੰਧਰ, 30 ਜੂਨ, 2022 –
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਉਪ ਮੰਡਲ ਮੈਜਿਸਟ੍ਰੇਟਸ (ਐੱਸ.ਡੀ.ਐੱਮ.) ਅਤੇ ਤਹਿਸੀਲਦਾਰਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਨਵੇਂ ਕੁਲੈਕਟਰ ਰੇਟਾਂ ਨੂੰ ਮਾਰਕੀਟ ਦੀ ਮੌਜੂਦਾ ਸਥਿਤੀ ਅਨੁਸਾਰ ਤਰਕਸੰਗਤ ਬਣਾਇਆ ਜਾਵੇ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਸ.ਡੀ.ਐਮਜ਼ ਅਤੇ ਤਹਿਸੀਲਦਾਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਪਟਵਾਰੀਆਂ/ਕਾਨੂੰਨਗੋਆਂ ਨੂੰ ਕਿਹਾ ਕਿ ਫੀਲਡ ਵਿਚਲੇ ਸਾਰੇ ਭਾਗੀਦਾਰਾਂ ਨਾਲ ਸਲਾਹ-ਮਸ਼ਵਰਾ ਕਰਕੇ ਰੇਟ ਤੈਅ ਕੀਤੇ ਜਾਣ ਤਾਂ ਜੋ ਨਵੇਂ ਰੇਟਾਂ ਨੂੰ ਇਲਾਕੇ ਅਨੁਸਾਰ ਨਿਆਂ ਸੰਗਤ ਬਣਾਇਆ ਜਾ ਸਕੇ।
ਕੁਝ ਤਹਿਸੀਲਦਾਰਾਂ ਵੱਲੋਂ ਫੀਲਡ ਰਿਪੋਰਟ ਪੇਸ਼ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦਰਾਂ ਨੂੰ ਅੰਤਿਮ ਰੂਪ ਦੇਣ ਸਮੇਂ ਆਮ ਲੋਕਾਂ ਦੇ ਹਿੱਤਾਂ ਦਾ ਪੂਰਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕੁਲੈਕਟਰ ਜਾਂ ਸਰਕਲ ਰੇਟ ਉਹ ਘੱਟੋ-ਘੱਟ ਕੀਮਤ ਹੈ, ਜਿਸ ‘ਤੇ ਕੋਈ ਜਾਇਦਾਦ ਇਸ ਦੇ ਤਬਾਦਲੇ ਦੇ ਮਾਮਲੇ ਵਿਚ ਮਾਲ ਵਿਭਾਗ ਪਾਸ ਰਜਿਸਟਰਡ ਹੁੰਦੀ ਹੈ।
ਪ੍ਰਸਤਾਵ ਪੇਸ਼ ਕਰਨ ਦੀ ਸਮਾਂ ਸੀਮਾ ਵਿੱਚ ਵਾਧਾ ਕਰਦਿਆਂ ਘਨਸ਼ਿਆਮ ਥੋਰੀ ਨੇ ਤਹਿਸੀਲਦਾਰਾਂ, ਪਟਵਾਰੀਆਂ/ਕਾਨੂੰਗੋਆਂ ਨੂੰ ਕਿਹਾ ਕਿ ਅਗਲੇ ਹਫ਼ਤੇ ਤੱਕ ਦਰਾਂ ਤੈਅ ਕਰਨੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵੇਂ ਕੁਲੈਕਟਰ ਰੇਟਾਂ ਸਬੰਧੀ ਰਿਪੋਰਟ ਤਿਆਰ ਕੀਤੀ ਜਾਵੇਗੀ, ਜੋ ਕਿ ਜ਼ਿਲ੍ਹੇ ਵਿੱਚ ਦਰਾਂ ਨਿਰਧਾਰਿਤ ਕਰਨ ਲਈ ਰਾਜ ਸਰਕਾਰ ਨੂੰ ਭੇਜੀ ਜਾਵੇਗੀ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਬਲਬੀਰ ਰਾਜ ਸਿੰਘ, ਲਾਲ ਵਿਸ਼ਵਾਸ ਬੈਂਸ, ਰਣਦੀਪ ਸਿੰਘ ਹੀਰ, ਜ਼ਿਲ੍ਹਾ ਮਾਲ ਅਫ਼ਸਰ ਜਸ਼ਨਜੀਤ ਸਿੰਘ ਆਦਿ ਵੀ ਮੌਜੂਦ ਸਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ