ਅੱਜ-ਨਾਮਾ
ਟਰੰਪ ਨੇ ਟੈਰਿਫ ਆ ਜਦੋਂ ਐਲਾਨ ਕੀਤਾ,
ਸਾਰੇ ਸੰਸਾਰ ਵਿੱਚ ਛਾਈ ਆ ਸੁੰਨ ਬੇਲੀ।
ਵਰਤੀ ਭਾਸ਼ਾ ਵੀ ਨਾਲ ਹੈ ਇਸ ਤਰ੍ਹਾਂ ਦੀ,
ਜਿੱਦਾਂ ਹੈ ਸੱਤਾ ਦੇ ਨਸ਼ੇ ਨਾਲ ਟੁੰਨ ਬੇਲੀ।
ਮੰਡੀ ਸ਼ੇਅਰਾਂ ਦੀ ਵਿੱਚ ਹੈ ਸੇਕ ਚੜ੍ਹਿਆ,
ਜਾਪਦਾ ਜਿਵੇਂ ਕਿ ਦੇਊ ਇਹ ਭੁੰਨ ਬੇਲੀ।
ਕਹਿਣ ਵਾਲੇ ਤਾਂ ਸਿੱਧਾ ਇਹ ਕਹੀ ਜਾਂਦੇ,
ਸਿਰ ਇਹ ਸਾਰਿਆਂ ਦਾ ਲਊ ਮੁੰਨ ਬੇਲੀ।
ਧੁਨ ਦਾ ਡਾਢਾ ਟਰੰਪ ਆ ਜਿਸ ਤਰ੍ਹਾਂ ਦਾ,
ਕਰਦਾ ਦਿੱਸੇ ਨਾ ਕੋਈ ਰਿਆਇਤ ਬੇਲੀ।
ਦੋਸ਼ ਦੂਜਿਆਂ ਦੇ ਪਿਆ ਉਹ ਕੱਢਦਾ ਈ,
ਸੁਣੇ ਨਾ ਕਦੇ ਵੀ ਰੋਸ ਸ਼ਿਕਾਇਤ ਬੇਲੀ।
-ਤੀਸ ਮਾਰ ਖਾਂ
4 ਅਪ੍ਰੈਲ, 2025