ਯੈੱਸ ਪੰਜਾਬ
ਚੰਡੀਗੜ੍ਹ, 16 ਅਪ੍ਰੈਲ, 2021:
ਚੰਡੀਗੜ੍ਹ ਪ੍ਰਸ਼ਾਸ਼ਨ ਨੇ ਵਧਦੇ ਹੋਏ ਕੋਵਿਡ ਕੇਸਾਂ ਦੇ ਮੱਦੇਨਜ਼ਰ ‘ਵੀਕਐਂਡ ਕਰਫ਼ਿਊ’ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ। ‘ਵੀਕਐਂਡ ਕਰਫ਼ਿਊ’ ਸ਼ੁੱਕਰਵਾਰ ਰਾਤ 10 ਵਜੇ ਤੋਂ ਹੀ ਸ਼ੁਰੂ ਹੋ ਜਾਵੇਗਾ ਅਤੇ ਸੋਮਵਾਰ ਸਵੇਰੇ 5 ਵਜੇ ਤਕ ਜਾਰੀ ਰਹੇਗਾ।
ਇਸ ‘ਵੀਕਐਂਡ ਲਾਕਡਾਊਨ’ ਦੌਰਾਨ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। ਰੈਸਟੋਰੈਂਟ ‘ਹੋਮ ਡਲਿਵਰੀ’ ਕਰ ਸਕਣਗੇ।
ਚੰਡੀਗੜ੍ਹ ਪ੍ਰਸ਼ਾਸ਼ਕ ਦੇ ਸਲਾਹਕਾਰ ਸ੍ਰੀ ਮਨੋਜ ਪਰੀਦਾ ਅਨੁਸਾਰ ‘ਲਾਕਡਾਊਨ’ ਦੇ ਬਾਵਜੂਦ ਟੀਕਾਕਰਨ ਦਾ ਕੰਮ ਜਾਰੀ ਰਹੇਗਾ।
ਚੰਡੀਗੜ੍ਹ ਵਿੱਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਦਾ ‘ਨਾਈਟ ਕਰਫ਼ਿਊ’ ਪਹਿਲਾਂ ਹੀ ਜਾਰੀ ਸੀ ਪਰ ਹੁਣ ‘ਵੀਕਐਂਡ ਲਾਕਡਾਊਨ’ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।
ਚੰਡੀਗੜ੍ਹ ਵਿੱਚ ਹੁਣ ਸਮਾਜਿਕ ਅਤੇ ਹੋਰ ਇਕੱਤਰਤਾਵਾਂ ’ਤੇ ਵੀ ਪਾਬੰਦੀ ਹੈ। ਖੁਲ੍ਹੇ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ 200 ਅਤੇ ਅੰਦਰ ਹੋਣ ਵਾਲੇ ਸਮਾਗਮਾਂਵਿੱਚ 100 ਤੋਂ ਜ਼ਿਆਦਾ ਵਿਅਕਤੀ ਭਾਗ ਨਹੀਂ ਲੈ ਸਕਦੇ।
ਇਸ ਸੰਬੰਧੀ ਫ਼ੈਸਲਾ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਦੀ ਪ੍ਰਧਾਨਗੀ ਹੇਠ ਸ਼ੁੱਕਰਵਾਰ ਨੂੰ ਹੋਈ ਇਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਲਿਆ ਗਿਆ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਇਕ ਦਮ ਕੋਵਿਡ ਕੇਸਾਂ ਵਿੱਚ ਤੇਜ਼ੀ ਆਉਣ ਅਤੇ 70 ਪ੍ਰਤੀਸ਼ਤ ਕੇਸ ਨਵੇਂ ਯੂ.ਕੇ.ਸਟਰੇਨ ਨਾਲ ਸੰਬੰਧਤ ਪਾਏ ਜਾਣ ਮਗਰੋਂ ਇਹ ਫ਼ੈਸਲਾ ਲਿਆ ਗਿਆ ਹੈ।