ਅੱਜ-ਨਾਮਾ
ਚੌਟਾਲੇ ਮਗਰ ਮੁਸੀਬਤ ਜਿਹੀ ਨਵੀਂ ਲੱਗੀ,
ਕਹਿੰਦੀ ਕਰੋ ਉਸ ਦੀ ਪੈਨਸ਼ਨ ਬੰਦ ਬੇਲੀ।
ਆਪਣੇ ਸਮਝ ਕੇ ਪਾਉਂਦੇ ਰਹੇ ਲੋਕ ਵੋਟਾਂ,
ਮਿਲਿਆ ਰਾਜ ਤਾਂ ਚਾੜ੍ਹ ਗਿਆ ਚੰਦ ਬੇਲੀ।
ਚੰਗੇ ਕੋਈ ਕੰਮ ਚੌਟਾਲੇ ਨਹੀਂ ਕਦੀ ਕੀਤੇ,
ਓਦੋਂ ਵੀ ਨਿਕਲਿਆ ਅੱਗੇ ਫਰਜ਼ੰਦ ਬੇਲੀ।
ਜਿੰਨੀ ਕੁ ਕਸਰ ਕਮਾਈ ਨੂੰ ਰਹੀ ਇਸ ਤੋਂ,
ਅਜੈ ਚੌਟਾਲੇ ਉਹ ਪਕੜ ਲਈ ਤੰਦ ਬੇਲੀ।
ਅਦਾਲਤ ਤੀਕ ਇਹ ਗਈ ਹੈ ਪੁੱਜ ਅਰਜ਼ੀ,
ਕੀਤੇ ਜੁਰਮ ਤਾਂ ਪੈਨਸ਼ਨ ਦਿਉ ਰੋਕ ਬੇਲੀ।
ਨਿਕਲਦਾ ਦਿੱਸੇ ਜਲੂਸ ਪਿਆ ਏਸ ਉਮਰੇ,
ਛੱਡ ਗਏ ਸਾਥ ਤਾਂ ਪਹਿਲਾਂ ਹੀ ਲੋਕ ਬੇਲੀ।
ਤੀਸ ਮਾਰ ਖਾਂ
8 ਨਵੰਬਰ, 2024
ਇਹ ਵੀ ਪੜ੍ਹੋ: ਪਹੁੰਚੀ ਚੋਣ ਅਮਰੀਕਾ ਦੀ ਸਿਰੇ ਆਖਰ, ਬਣ ਗਈ ਮੁੜ ਕੇ ਟਰੰਪ ਦੀ ਗੱਲ ਬੇਲੀ