ਯੈੱਸ ਪੰਜਾਬ
ਅੰਮਿ੍ਤਸਰ, 27 ਜੂਨ, 2024
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਦਿੱਲੀ ਵਿਖੇ ਨਵ-ਨਿਯੁਕਤ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਅਸ਼ਵਿਨੀ ਵੈਸ਼ਨਵ ਨੂੰ ਉਨ੍ਹਾਂ ਦੀ ਜਿੱਤ ਅਤੇ ਰੇਲ ਮੰਤਰੀ ਬਣਨ ਲਈ ਵਧਾਈ ਦਿੱਤੀ। ਇਸ ਦੌਰਾਨ ਅੰਮ੍ਰਿਤਸਰ ਦੇ ਰੇਲਵੇ ਪ੍ਰੋਜੈਕਟਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਰੇਲ ਮੰਤਰੀ ਨੇ ਇਹ ਵੀ ਭਰੋਸਾ ਦਿਵਾਇਆ ਕਿ ਪ੍ਰਾਜੈਕਟ ਜਲਦੀ ਤੋਂ ਜਲਦੀ ਸ਼ੁਰੂ ਹੋ ਜਾਣਗੇ।
ਰੇਲ ਮੰਤਰੀ ਨਾਲ ਮੁਲਾਕਾਤ ਦੌਰਾਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਦੇ ਰੇਲਵੇ ਵਿਭਾਗ ਨਾਲ ਸਬੰਧਤ ਪੈਂਡਿੰਗ ਪ੍ਰਾਜੈਕਟਾਂ ਬਾਰੇ ਚਰਚਾ ਕੀਤੀ। ਗੁਰਜੀਤ ਸਿੰਘ ਔਜਲਾ ਨੇ ਪੱਟੀ ਮੱਖੂ ਰੇਲ ਲਿੰਕ ਪ੍ਰੋਜੈਕਟ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਆਰ.ਓ.ਬੀ ਅਤੇ ਅੰਡਰਬ੍ਰਿਜ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਰੇਲ ਮੰਤਰੀ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਰੇਲਵੇ ਵਿਭਾਗ ਵੱਲੋਂ ਲੰਬਿਤ ਪਏ ਕੰਮਾਂ ਨੂੰ ਪੂਰਾ ਕਰਕੇ ਨਵੇਂ ਕੰਮ ਸ਼ੁਰੂ ਕਰਵਾਏ ਜਾਣਗੇ।
ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹ ਅੰਮ੍ਰਿਤਸਰ ਦੇ ਪਹਿਲਾਂ ਹੀ ਚੱਲ ਰਹੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਅਤੇ ਨਵੇਂ ਪ੍ਰੋਜੈਕਟ ਲਿਆਉਣ ਲਈ ਪੂਰੀ ਤਰਾੰ ਵਚਨਬਧ ਹਨ ਅਤੇ ਭਵਿੱਖ ਵਿੱਚ ਵੀ ਅਜਿਹਾ ਕਰਦੇ ਰਹਿਣਗੇ। ਰੇਲਵੇ ਵਿਭਾਗ ਦੀ ਮਦਦ ਨਾਲ ਕਈ ਨਵੀਆਂ ਟਰੇਨਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਪਬਲਿਕ ਟਰਾਂਸਪੋਰਟ ਰਾਹੀਂ ਸਹੂਲਤਾਂ ਮਿਲ ਸਕਣ ਅਤੇ ਲੰਬੀ ਦੂਰੀ ਦਾ ਸਫਰ ਆਸਾਨੀ ਨਾਲ ਅਤੇ ਘੱਟ ਬਜਟ ਵਿੱਚ ਕੀਤਾ ਜਾ ਸਕੇ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਪੰਜਾਬ ‘ਚ ਮਹਿੰਗੀ ਬਿਜਲੀ ਅਤੇ ਲਗਾਤਾਰ ਹੋ ਰਹੇ ਬਿਜਲੀ ਕੱਟਾਂ ‘ਤੇ ਵੀ ਊੰਗਲੀ ਚੁਕੀ੍ਟ ਉਨ੍ਹਾਂ ਕਿਹਾ ਕਿ ਚੋਣਾਂ ਖ਼ਤਮ ਹੁੰਦੇ ਹੀ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝਾ ਰੱਖਿਆ ਜਾ ਰਿਹਾ ਹੈ।
ਬਿਜਲੀ ਦਰਾਂ ਵਿੱਚ ਵਾਧਾ ਕਰਨਾ ਅਤੇ ਫਿਰ ਸਪਲਾਈ ਘਟਾਉਣਾ ਅਤਿ ਨਿੰਦਣਯੋਗ ਹੈ। ਕਹਿਰ ਦੀ ਗਰਮੀ ਵਿੱਚ ਲੋਕਾਂ ਨੂੰ ਬਿਜਲੀ ਦਾ ਹੀ ਸਹਾਰਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਆਪਣੇ ਫੈਸਲੇ ‘ਤੇ ਗੌਰ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਮੁਸ਼ਕਲਾਂ ਦੀ ਬਜਾਏ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ।