ਅੱਜ-ਨਾਮਾ
ਖਾਨ ਇਮਰਾਨ ਦੀ ਜਾਨ ਕੁਝ ਹੋਈ ਸੌਖੀ,
ਕਹਿੰਦੇ ਕੇਸ ਗਿਆ ਇੱਕ ਹੈ ਮੁੱਕ ਮੀਆਂ।
ਕੁਝ ਤਾਂ ਪਹਿਲਾਂ ਅਦਾਲਤ ਸੀ ਰੱਦ ਕੀਤੇ,
ਇਹ ਵੀ ਦਿੱਤਾ ਅਦਾਲਤ ਨੇ ਚੁੱਕ ਮੀਆਂ।
ਧੜਾ-ਧੜ ਜਿਨ੍ਹਾਂ ਸੀ ਕੇਸ ਬਣਵਾਏ ਡਾਢੇ,
ਉਂਗਲੀਆਂ ਅੱਜ ਰਹੇ ਹੋਣਗੇ ਟੁੱਕ ਮੀਆਂ।
ਬਣਵਾਏ ਕੇਸ ਜਦ ਹੋਈ ਸਭ ਰੱਦ ਜਾਂਦੇ,
ਬਣਦਾ ਜਾਂਦਾ ਫਿਰ ਖਾਨ ਦਾ ਠੁੱਕ ਮੀਆਂ।
ਆਇਆ ਬਾਹਰ ਇਮਰਾਨ ਤਾਂ ਪਾਊ ਖੌਰੂ,
ਕਈਆਂ ਧਿਰਾਂ ਦੀ ਨੀਂਦਰ ਉਡਾਊ ਮੀਆਂ।
ਜਿਹੜੀ ਜੇਲ੍ਹ ਵਿੱਚ ਉਨ੍ਹਾਂ ਨੇ ਡੱਕਿਆ ਸੀ,
ਉਹਦਾ ਉਨ੍ਹਾਂ ਨੂੰ ਦਰਸ਼ਨ ਕਰਾਊ ਮੀਆਂ।
-ਤੀਸ ਮਾਰ ਖਾਂ
14 ਜੁਲਾਈ, 2024