ਮੈਂਨੇ ਖੇਡ ਵਿਭਾਗ ਪੰਜਾਬ ਵਿੱਚ ਖੇਡ ਮਾਫੀਏ ਦੇ ਵਿਰੁੱਧ ਜਦੋਂ ਦਾ ਝੰਡਾ ਬਤੌਰ ਵਿਸਲ੍ਹ ਬਲੋਅਰ ਚੁੱਕਿਆ ਹੈ, ਖੇਡ ਵਿਭਾਗ ਵਿਚ ਪੂਰੀ ਤਰ੍ਹਾਂ ਨਾਲ ਪੈਰ ਪਸਾਰ ਚੁੱਕੇ ਖੇਡ ਮਾਫੀਏ ਦੇ ਸਤਾਏ ਕ੍ਰਮਚਾਰੀਆਂ ਨੂੰ ਇਕ ਪਲੇਟਫਾਰਮ ਜਰੂਰ ਮਿਲ ਗਿਆ ਹੈ, ਜੋਂ ਆਪਣੇ ਨਾਲ ਹੋਏ ਅਤੇ ਹੋ ਰਿਹੈ ਧੱਕੇਇਆਂ ਬਾਰੇ ਬਹੁਤ ਸੰਗੀਨ ਅਤੇ ਭ੍ਰਿਸ਼ਟਾਚਾਰ ਨਾਲ ਲੁਪਤ ਜਾਣਕਾਰੀਆਂ ਸਬੂਤਾਂ ਸਹਿਤ ਮੈਂਨੂੰ ਉਪਲਭਧ ਕਰਵਾ ਰਹੇ ਹਨ ।
ਦੋਸਤੋ ! ਅਜਿਹੀ ਹੀ ਜਾਣਕਾਰੀ ਮੈਂਨੂੰ ਉਸ ਸਮੇਂ ਪ੍ਰਾਪਤ ਹੋਈ ਜਦੋਂ ਮੈਂਨੂੰ ਖੇਡ ਵਿਭਾਗ ਦੇ ਚੰਡੀਗੜ੍ਹ ਦਫਤਰ ਵਿੱਚ ਤੈਨਾਤ ਸੁਪਰਡੈਂਟ ਨੂੰ ਜਿਲ੍ਹਾ ਖੇਡ ਅਫਸਰ, ਅੰਮ੍ਰਿਤਸਰ ਦੀਆਂ ਡੀ.ਡੀ.ਓ. ਪਾਵਰਾਂ ਦੇਣ ਦੇ ਹੁਕਮ ਦੀ ਕਾਪੀ ਪ੍ਰਾਪਤ ਹੋਣ ਤੋਂ ਬਾਅਦ ਆਪਣੀ ਪੁੱਛਗਿੱਛ ਸ਼ੁਰੂ ਕੀਤੀ ਗਈ । ਜਦੋਂ ਦੇ ਨਵੇਂ ਡਾਇਰੈਕਟਰ (ਟ੍ਰੇਨਿੰਗ ਅਤੇ ਪਾਠਕ੍ਰਮ) ਦੇ ਔਹੁਦੇ ਉਪਰ ਤੈਨਾਤ ਹੋਏ ਹਨ, ਜਿਆਦਾ ਕੋਚ ਤਾਂ ਬਾਹਲਾ ਕੁੱਝ ਦੱਸਣ ਤੋਂ ਸੰਕੋਚ ਕਰਦੇ ਹਨ ਪਰ ਖਿਡਾਰੀ ਜਰੂਰ ਸੱਚੀਂ ਜਾਣਕਾਰੀ ਦੇਣ ਵਿਚ ਮੇਰੀ ਸਹਾਇਤਾ ਕਰਦੇ ਹਨ, ਉਹਨਾਂ ਦਾ ਇਸ ਲਈ ਦਿਲੋਂ ਧੰਨਵਾਦ ।
ਮੇਰਾ ਬਤੌਰ ਵਿਸਲ੍ਹ ਬਲੋਅਰ ਖੁੱਲ੍ਹਕੇ ਸਾਬਕਾ/ਪੂਰਵਲੇ ਅਤੇ ਮੌਜੂਦਾ ਡਾਇਰੈਕਟਰ (ਟ੍ਰੇਨਿੰਗ ਅਤੇ ਪਾਠਕ੍ਰਮ) ਵੱਲੋਂ ਕੀਤੀਆਂ ਗਈਆਂ ਵਧੀਕੀਆਂ ਅਤੇ ਕੋਚਾਂ ਤੇ ਉਸ ਵਿਚਕਾਰ ਆਪਸੀ ਨੈਕਸਸ, ਜੋ ਅਸਲ ਵਿਚ ਖੇਡ ਮਾਫੀਆ ਬਣ ਚੱਕਾ ਹੈ, ਉਸ ਵਿਰੁੱਧ ਅਵਾਜ ਉਠਾਉਣੀ ਮੇਰਾ ਇਕ ਪਲੇਠਾ ਏਜੰਡਾ ਹੈ ।
ਮੈਂ ਇੱਥੇ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰਾ ਸ਼੍ਰੀ ਪਰਗਟ ਸਿੰਘ, ਖੇਡ ਮੰਤਰੀ, ਪੰਜਾਬ ਦਾ ਅਕਸ ਖਰਾਬ ਕਰਨ ਦੀ ਕੋਈ ਮਨਸ਼ਾ ਨਹੀਂ ਬਲਕਿ ਉਸਦੇ ਵਿਭਾਗ ਵਿਚ ਪੈਰ ਪਸਾਰ ਚੁੱਕੇ ਖੇਡ ਮਾਫੀਏ ਨੂੰ ਉਜਾਗਰ ਕਰਕੇ, ਉਸ ਦਾ ਸਫਾਇਆ ਕਰਨਾ ਹੀ ਮੇਰਾ ਮੰਤਵ ਹੈ ਅਤੇ ਮੈਂ ਜੋ ਲਿਖਦਾ ਹਾਂ, ਸਬੂਤਾਂ ਸਹਿਤ ਲਿਖਦਾ ਹਾਂ । ਮਿਸਾਲ ਵਜ਼ੋਂ, ਮੌਜੂਦਾ ਡਾਇਰੈਕਟਰ (ਟ੍ਰੇਨਿੰਗ ਅਤੇ ਪਾਠਕ੍ਰਮ) ਸ਼੍ਰੀ ਸੁਖਵੀਰ ਸਿੰਘ ਗਰੇਵਾਲ ਦੀ ਗ਼ੈਰ ਕਾਨੂੰਨੀ ਨਿਯੁਕਤੀ ਨੂੰ ਤੱਥਾਂ ਅਤੇ ਸਬੂਤਾਂ ਸਹਿਤ ਸਾਬਿਤ ਕੀਤਾ ਹੈ ਅਤੇ ਉਸ ਵੱਲੋਂ ਆਪਣੇ ਤਿੰਨ ਚਹੇਤੇ ਕੋਚਾਂ ਨੂੰ ਬਾਕੀਆਂ ਦਾ ਹੱਕ ਮਾਰਕੇ 50 ਲੱਖ ਰੁਪਏ ਦਾ ਕੈਸ਼ ਐਵਾਰਡ ਦਿਵਾਉਣਾ ਵੀ ਗਲਤ ਹੋਣਾ, ਸਾਬਿਤ ਕੀਤਾ ਹੈ ।
ਮੇਰੀ ਇਸ ਸਬੰਧ ਵਿੱਚ ਕੀਤੀ ਪੁੱਛ ਗਿੱਛ ਤੋਂ ਨਵਾਂ ਕਿੱਸਾ ਧਿਆਨ ਵਿੱਚ ਆਇਆ ਕਿ ਅੰਮ੍ਰਿਤਸਰ ਦੀ ਇਕ ਮਹਿਲਾ ਜੂਨੀਅਰ ਜਿਮਨਾਸਟਿਕ ਕੋਚ, ਜੋਂ ਅਸਲ ਵਿਚ ਖੇਡ ਵਿਭਾਗ, ਪੰਜਾਬ ਦੀ ਕੋਚ ਹੈ ਅਤੇ ਕਰੀਬ 5-6 ਸਾਲ ਪਹਿਲਾਂ ਮੁਹਾਲੀ ਵਿਖੇ ਪੀ.ਆਈ.ਐੱਸ. ਦੇ ਜਿਮਨਾਸਟਿਕ ਸੈਂਟਰ ਵਿਚ ਤਾਇਨਾਤ/ ਅਟੈਚ ਸੀ। ਉਸ ਸਮੇਂ ਦੇ ਚਰਚਿਤ ਪੂਰਵਲੇ ਡਾਇਰੈਕਟਰ (ਟ੍ਰੇਨਿੰਗ ਅਤੇ ਪਾਠਕ੍ਰਮ), ਪੀ.ਆਈ.ਐੱਸ. ਵੱਲੋਂ ਇਸ ਜੂਨੀਅਰ ਜਿਮਨਾਸਟਿਕ ਕੋਚ ਨੂੰ ਚਹੇਤੀ ਹੋਣ ਕਾਰਨ, ਉਸ ਦੀ ਇੱਛਾ ਤੇ ਸਹੂਲਤ ਅਨੁਸਰ ਉਸ ਦੇ ਘਰੇਲੂ ਸ਼ਹਿਰ ਅੰਮ੍ਰਿਤਸਰ ਵਿਖੇ ਸਮੇਤ ਜਿਮਨਾਸਟਿਕ ਸੈਂਟਰ ਤਬਦੀਲ ਕਰਵਾ ਦਿੱਤਾ ਗਿਆ ਸੀ। ਮੇਰੇ ਸਰੋਤਾਂ ਦੀ ਜਾਣਕਾਰੀ ਮੁਤਾਬਕ ਇਸ ਜੂਨੀਅਰ ਜਿਮਨਾਸਟਿਕ ਕੋਚ ਨੂੰ ਵਿਸ਼ੇਸ਼ ਸਹੂਲਤ ਦੇਣ ਦੀ ਵਿਉਂਤ ਘੜ੍ਹਦੇ ਹੋਏ ਉਸ ਨੂੰ ਖਾਲਸਾ ਕਾਲਜ ਦੇ ਸਾਹਮਣੇ ਖੇਡ ਹੋਸਟਲ ਦੇ ਨਾਮ ਹੇਠ ਇਕ ਬਿਲਡਿੰਗ/ਕੋਠੀ ਵੀ ਕਿਰਾਏ ਉਪਰ ਲੈਕੇ ਦਿੱਤੀ ਗਈ ਹੈ ਜੋ ਅੱਜ ਵੀ ਉਸ ਪਾਸ ਹੈ ।
ਇਸ ਚਹੇਤੀ ਜੂਨੀਅਰ ਜਿਮਨਾਸਟਿਕ ਕੋਚ ਸਹਿਬਾਂ ਨੂੰ ਘਰ ਵਾਸਤੇ ਇਕ “ਵਿਸ਼ੇਸ਼ ਸੇਵਾਦਾਰ” ਉਸ ਦੀ ਘਰ ਸੇਵਾ ਕਰਨ/ਬਤੌਰ ਡੋਮੇਸਟਿਕ ਹੈਲਪ ਵੀ ਦਿੱਤਾ ਹੋਇਆ ਹੈ । ਜੇਕਰ ਇਸ ਸੇਵਾਦਾਰ ਦੀ ਤਨਖਾਹ ਵੱਲੋ ਝਾਤ ਮਾਰੀਏ ਤਾਂ ਇਹ ਵਿਭਾਗ ਦੇ ਆਊਟਸੋਰਸ ਕੀਤੇ ਕਈ ਕੋਚਾਂ ਨਾਲੋ ਵੀ ਵੱਧ ਮਿੱਥੀ ਗਈ, ਜਿਸ ਦੀ ਅਦਾਇਗੀ ਪੀ.ਆਈ.ਐੱਸ ਦੇ ਖਾਤੇ ਵਿੱਚੋਂ ਕੀਤੀ ਜਾਂਦੀ ਹੈ । ਇਹ ਤਨਖ਼ਾਹ ਬਾਕੀ ਵੱਧ ਕਿਉਂ ਫਿਕਸ ਕੀਤੀ ਗਈ, ਇਹ ਜਾਂਚ ਦਾ ਵਿਸ਼ਾ ਹੈ ।
ਇਸ ਜੂਨੀਅਰ ਜਿਮਨਾਸਟਿਕ ਕੋਚ ਸਹਿਬਾਂ ਨੇ ਖੇਡ ਹੋਸਟਲ ਦੇ ਨਾਮ ਹੇਠ ਪੀ.ਆਈ.ਐੱਸ ਦੀ ਰੈਂਟਿਡ ਕੋਠੀ ਵਿਚ ਹੀ ਪ੍ਰੀਵਾਰ ਸਮੇਤ ਪਿਛਲੇ ਕਈ ਸਾਲਾਂ ਤੋਂ ਆਪਣੀ ਫਰੀ ਰਿਹਾਇਸ਼ ਰੱਖੀ ਹੋਈ ਹੈ । ਇਸ ਦੇ ਨਾਲ ਨਾਲ ਖੇਡ ਵਿਭਾਗ ਦੀ ਅਧਿਕਾਰੀ ਹੋਣ ਦੇ ਨਾਤੇ, ਕੋਚ ਸਹਿਬਾਂ ਹਰ ਮਹੀਨੇ ਬਕਾਇਦਾ ਪੰਜਾਬ ਖੇਡ ਵਿਭਾਗ ਤੋਂ ਤਨਖਾਹ ਲੈਣ ਦੇ ਨਾਲ ਨਾਲ ਮੋਟਾ ਹਾਊਸ ਰੈਂਟ ਵੀ ਵਸੂਲ ਕਰ ਰਹੀ ਹੈ, ਜੋ ਗ਼ੈਰ ਕਨੂੰਨੀ ਹੈ ਪਰ ਪੁੱਛੇ ਕੌਣ ? “ਵੱਡੇ ਸਾਹਬ” ਦੀ ਕਿਰਪਾ ਕਰਕੇ ਇਸ ਜੂਨੀਅਰ ਕੋਚ ਸਹਿਬਾਂ ਨੂੰ ਟਰਾਂਸਪੋਰਟ ਵੀ ਉਪਲਭਧ ਕਰਵਾਈ ਹੋਈ ਹੈ ਤਾਂ ਕਿ ਘਰ ਤੋਂ ਜਿਮਨਾਸਟਿਕ ਟ੍ਰੇਨਿੰਗ ਸੈਂਟਰ ਜਾਣ ਦਾ ਵੀ ਖਰਚਾ ਪੀ.ਆਈ.ਐੱਸ ਦੇ ਪੱਲੋਂ ਹੀ ਹੋਵੇ ।
ਇਸ ਪ੍ਰਕਾਰ ਦਾ ਰੋਚਕ ਕਾਰਨਾਮਾ ਕੇਵਲ ਇਕ ਹੀ ਨਹੀਂ ਬਲਕਿ ਇਹਨਾਂ ਦੀ ਤਾਂ ਪੀ.ਆਈ.ਐੱਸ. ਵਿਚ ਭਰਮਾਰ ਹੈ, ਸਿਰਫ ਖੁਰਾ ਖੋਜ਼ਣ ਦੀ ਲੋੜ ਹੈ। ਖੇਡ ਵਿਭਾਗ ਪੰਜਾਬ ਦੇ ਖੇਡ ਮਾਫੀਏ ਦੇ ਹੋਰ ਵੀ ਰੌਚਕ ਕਾਰਨਾਮੇ ਪ੍ਰਾਪਤ ਹੋ ਰਹੇ ਹਨ, ਬੱਸ ਪੂਰੀ ਤਫ਼ਸੀਲ ਪ੍ਰਾਪਤ ਹੋ ਜਾਵੇ, ਪੂਰਾ ਖੁਲਾਸਾ ਕਰਾਂਗਾ ।
ਕੀ ਡਾਇਰੈਕਟਰ, ਖੇਡ ਵਿਭਾਗ, ਪੰਜਾਬ ਅਤੇ ਡਾਇਰੈਕਟਰ ਜਨਰਲ, ਪੀ.ਆਈ.ਐੱਸ. ਉਕਤ ਰੌਚਕ ਤੱਥਾਂ ਦੀ ਪੜਤਾਲ ਆਪਣੇ ਪੱਧਰ ਉਪਰ ਕਰਕੇ ਸੱਚ ਨੂੰ ਬਾਹਰ ਲਿਆਉਣਗੇ ?
ਦੋਸਤੋ ! ਵਿਸਲ੍ਹ ਬਲੋਅਰ ਦਾ ਅਸਲ ਕੰਮ ਇਹੀ ਹੁੰਦਾ ਹੈ ਕਿ ਜਿੱਥੇ ਗਲਤ ਕੰਮ ਹੋਵੇ, ਉੱਥੇ ਸੀਟੀ ਮਾਰਕੇ ਸੁੱਤੇ ਹੋਏ ਵਿਭਾਗ ਨੂੰ ਨੀਦਰੋਂ ਜਗਾਵੇ ਜੋਂ ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ।
ਆਓ ! ਸਾਰੇ ਖਿਡਾਰੀ ਅਤੇ ਖੇਡ ਪ੍ਰੇਮੀਓ, ਖੇਡਾਂ ਦੇ ਖ਼ੇਤਰ ਵਿੱਚ ਹੋ ਰਹੀਆਂ ਮੰਨਮਾਨੀਆਂ, ਧਾਂਦਲੀਆਂ, ਖੇਡ ਵਿਭਾਗ ਵਿਚ ਪੈਰ ਪਸਾਰ ਚੁੱਕੇ ਖੇਡ ਮਾਫੀਏ ਦਾ ਸਫਾਇਆ ਕਰਨ ਅਤੇ ਖਿਡਾਰੀਆਂ/ਕੋਚਾਂ ਨਾਲ ਹੋ ਰਹੇ ਧੱਕਿਆਂ ਨੂੰ ਅਸੀਂ ਸਰਕਾਰ, ਖੇਡ ਸੰਸਥਾਵਾਂ ਅਤੇ ਲੋਕਾਂ ਦੇ ਧਿਆਨ ਵਿੱਚ ਲਿਆਈਏ ।
“ਜੰਗ ਜਿੱਤਾਂਗੇ ਜ਼ਰੂਰ, ਜੰਗ ਜਾਰੀ ਰੱਖੇਓ !”
ਇਕਬਾਲ ਸਿੰਘ ਸੰਧੂ, ਪੀ.ਸੀ.ਐਸ (ਸੇਵਾ ਮੁਕਤ)
ਹਾਕੀ ਵਿਸਲ੍ਹ ਬਲੋਅਰ
(ਹਾਕੀ ਦੇ ਝੂਠ ਪਿਛੇ ਛੁਪਿਆ ਸੱਚ)
ਜਲੰਧਰ (9417100786)